ਸ਼੍ਰੋਮਣੀ ਕਮੇਟੀ ਵੱਲੋਂ ਵੈੱਬ ਚੈਨਲ ਲਾਂਚ

0
214

ਅੰਮਿ੍ਰਤਸਰ (ਜਸਬੀਰ ਸਿੰਘ ਪੱਟੀ)
ਸ੍ਰੀ ਹਰਿਮੰਦਰ ਸਾਹਿਬ ’ਚ ਹੁੰਦੇ ਗੁਰਬਾਣੀ ਦੇ ਕੀਰਤਨ ਦੇ ਪ੍ਰਸਾਰਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਵੈੱਬ ਚੈਨਲ ਐਤਵਾਰ ਆਰੰਭ ਕਰ ਦਿੱਤਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਲੈਪਟਾਪ ਰਾਹੀਂ ਇਸ ਚੈਨਲ ਨੂੰ ਲਾਂਚ ਕੀਤਾ। ਇਸ ਦਾ ਸਿੱਧਾ ਪ੍ਰਸਾਰਨ ਕੁਝ ਸਮੇਂ ਲਈ ਦਿਖਾਇਆ ਗਿਆ। ਇਹ ਚੈਨਲ 24 ਜੁਲਾਈ ਤੋਂ ਗੁਰਬਾਣੀ ਤੇ ਕੀਰਤਨ ਦਾ ਪ੍ਰਸਾਰਨ ਆਰੰਭ ਕਰੇਗਾ। ਚੈਨਲ ਦੀ ਆਰੰਭਤਾ ਗੁਰਮਤਿ ਰਵਾਇਤ ਅਨੁਸਾਰ ਸ੍ਰੀ ਅਖੰਡ ਪਾਠ ਦੇ ਭੋਗ ਪਾ ਕੇ ਕੀਤੀ ਗਈ। ਮਗਰੋਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਵਿਸ਼ੇਸ਼ ਸਮਾਗਮ ਕੀਤਾ ਗਿਆ। ਐਡਵੋਕੇਟ ਧਾਮੀ ਨੇ ਚੈਨਲ ਦੀ ਆਰੰਭਤਾ ਮੌਕੇ ਸੰਗਤ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਜਲਦੀ ਹੀ ਆਪਣਾ ਸੈਟੇਲਾਈਟ ਚੈਨਲ ਵੀ ਸ਼ੁਰੂ ਕੀਤਾ ਜਾਵੇਗਾ। ਉਨ੍ਹਾ ਖੁਲਾਸਾ ਕੀਤਾ ਕਿ ਆਪਣਾ ਸੈਟੇਲਾਈਟ ਚੈਨਲ ਸ਼ੁਰੂ ਕਰਨ ਤੱਕ ਪੀ ਟੀ ਸੀ ਵੱਲੋਂ ਪਹਿਲਾਂ ਵਾਂਗ ਹੀ ਗੁਰਬਾਣੀ ਦੇ ਕੀਰਤਨ ਦਾ ਪ੍ਰਸਾਰਨ ਜਾਰੀ ਰੱਖਿਆ ਜਾਵੇਗਾ।
ਇਸ ਚੈਨਲ ਦਾ ਨਾਂਅ ‘ਐੱਸ ਜੀ ਪੀ ਸੀ ਸ੍ਰੀ ਅੰਮਿ੍ਰਤਸਰ’ ਰੱਖਿਆ ਗਿਆ ਹੈ, ਜੋ ਯੂਟਿਊਬ ਅਤੇ ਫੇਸਬੁਕ ’ਤੇ ਉਪਲੱਬਧ ਹੋਵੇਗਾ।
ਐਡਵੋਕੇਟ ਧਾਮੀ ਨੇ ਆਪਣੇ ਸੰਬੋਧਨ ਦੌਰਾਨ ਸਪੱਸ਼ਟ ਕੀਤਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਨ ਦੇ ਸਾਰੇ ਅਧਿਕਾਰ ਸ਼੍ਰੋਮਣੀ ਕਮੇਟੀ ਪਾਸ ਮੌਜੂਦ ਰਹਿਣਗੇ ਅਤੇ ਹੋਰ ਕੋਈ ਚੈਨਲ ਨਹੀਂ ਚਲਾ ਸਕੇਗਾ। ਸ਼੍ਰੋਮਣੀ ਕਮੇਟੀ ਆਪਣਾ ਸੈਟੇਲਾਈਟ ਚੈਨਲ ਵੀ ਜਲਦ ਸਥਾਪਤ ਕਰ ਲਵੇਗੀ, ਜਿਸ ਨੂੰ ਲੈ ਕੇ ਸਰਗਰਮੀ ਨਾਲ ਪ੍ਰਕਿਰਿਆ ਜਾਰੀ ਹੈ। ਫਿਲਹਾਲ ਸੈਟੇਲਾਈਟ ਲਈ ਸੰਗਤ ਦੀ ਮੰਗ ਅਨੁਸਾਰ ਪੀ ਟੀ ਸੀ ਚੈਨਲ ਨੂੰ ਗੁਰਬਾਣੀ ਪ੍ਰਸਾਰਨ ਕਰਨ ਲਈ ਅਧਿਕਾਰਤ ਕੀਤਾ ਗਿਆ ਹੈ। ਇਸ ਸੰਬੰਧੀ ਪੀ ਟੀ ਸੀ ਦੇ ਪ੍ਰਬੰਧਕਾਂ ਨੂੰ ਸ਼੍ਰੋਮਣੀ ਕਮੇਟੀ ਨੇ ਅਪੀਲ ਕੀਤੀ ਸੀ, ਜਿਨ੍ਹਾਂ ਸਹਿਮਤੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਅਧਿਕਾਰਤ ਯੂਟਿਊਬ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਗੁਰਬਾਣੀ ਪ੍ਰਸਾਰਨ ਲਈ ਚੁਣੀ ਕੰਪਨੀ ਨੂੰ ਅਦਾ ਕੀਤੇ ਜਾਣ ਵਾਲੇ 12 ਲੱਖ ਰੁਪਏ ਦੇ ਮਹੀਨਾਵਾਰ ਖਰਚੇ ਪੀ ਟੀ ਸੀ ਵੱਲੋਂ ਕੀਤੇ ਜਾਣਗੇ।
ਉਹਨਾ ਅਪੀਲ ਕੀਤੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਨਿਰਵਿਘਨ ਸਰਵਣ ਕਰਨ ਲਈ ਸੰਗਤਾਂ ਸ਼੍ਰੋਮਣੀ ਕਮੇਟੀ ਵੱਲੋਂ ਤਿਆਰ ਕੀਤੇ ਗਏ ‘ਐੱਸ ਜੀ ਪੀ ਸੀ ਸ੍ਰੀ ਅੰਮਿ੍ਰਤਸਰ’ ਯੂਟਿਊਬ ਅਤੇ ਫੇਸਬੁਕ ਚੈਨਲ ਨਾਲ ਜੁੜਨ। ਵੈੱਬ ਚੈਨਲ ਦਾ ਨਾਂਅ ਬਦਲਣ ਬਾਰੇ ਉਨ੍ਹਾ ਕਿਹਾ ਕਿ ਇਹ ਵਿਦਵਾਨਾਂ ਦੇ ਸੁਝਾਅ ਅਤੇ ਸਿੰਘ ਸਾਹਿਬਾਨ ਨਾਲ ਵਿਚਾਰ-ਵਟਾਂਦਰੇ ਮਗਰੋਂ ਕੀਤਾ ਗਿਆ ਹੈ, ਕਿਉਂਕਿ ਭਵਿੱਖ ਵਿਚ ਜੇਕਰ ਚੈਨਲ ਨਾਲ ਸੰਬੰਧਤ ਕੋਈ ਕਾਨੂੰਨੀ ਪੇਚੀਦਗੀ ਬਣਦੀ ਹੈ ਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਨਾਂਅ ਇਸ ਵਿੱਚੋਂ ਬਾਹਰ ਰਹੇਗਾ।
ਐਡਵੋਕੇਟ ਧਾਮੀ ਨੇ ਪੰਜਾਬ ਸਰਕਾਰ ’ਤੇ ਹਮਲਾ ਕਰਦਿਆਂ ਕਿਹਾਸਾਡੇ ਕੁਝ ਮੈਂਬਰਾਂ ਨੂੰ ਪੈਸਿਆਂ ਦਾ ਲਾਲਚ ਦਿੱਤਾ ਗਿਆ। ਇੱਕ ਮੈਂਬਰ ਤੱਕ ਸਰਕਾਰ ਨੇ ਅਪਰੋਚ ਕੀਤੀ ਅਤੇ ਐਗਜ਼ੈਕਟਿਵ ਮੀਟਿੰਗ ਦਾ ਵਿਰੋਧ ਕਰਨ ਦਾ ਦਬਾਅ ਪਾਇਆ ਗਿਆ। ਸਰਕਾਰ ਨੇ ਇਕ ਮੰਤਰੀ ਨੂੰ ਡਾਇਰੈਕਸ਼ਨ ਦਿੱਤੀ ਹੋਈ ਹੈ ਕਿ ਉਹ ਐੱਸ ਜੀ ਪੀ ਸੀ ਦੇ ਮੈਂਬਰ ਖਰੀਦੇ। ਉਨ੍ਹਾ ਬੀਤੇ ਦਿਨੀਂ ਸ਼੍ਰੋਮਣੀ ਕਮੇਟੀ ਦੇ ਕੁਝ ਮੁਲਾਜ਼ਮਾਂ ਵੱਲੋਂ ਬਣਾਈ ਗਈ ਯੂਨੀਅਨ ਨੂੰ ਵੀ ਸਿੱਖ ਸੰਸਥਾ ਦੀ ਮਰਯਾਦਾ ਦੇ ਉਲਟ ਕਰਾਰ ਦਿੰਦਿਆਂ ਕਿਹਾ ਕਿ ਯੂਨੀਅਨ ਦੀ ਰਜਿਸਟ੍ਰੇਸ਼ਨ ਟਰੇਡ ਅਧੀਨ ਕਰਵਾਉਣ ਦੀ ਸ਼ੈਤਾਨੀ ਵੀ ਪੰਜਾਬ ਸਰਕਾਰ ਵੱਲੋਂ ਹੀ ਕੀਤੀ ਗਈ ਹੈ। ਐਡਵੋਕੇਟ ਧਾਮੀ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਗੁਰੂ ਘਰ ਦੀ ਪਵਿੱਤਰ ਸੰਸਥਾ ਹੈ, ਜਿਥੇ ਸੰਗਤ ਦੇ ਦਸਵੰਧ ਨਾਲ ਕਾਰਜ ਕੀਤੇ ਜਾਂਦੇ ਹਨ। ਇਹ ਸੰਸਥਾ ਕੋਈ ਫੈਕਟਰੀ ਜਾਂ ਵਪਾਰਕ ਅਦਾਰਾ ਨਹੀਂ, ਜਿਥੇ ਟਰੇਡ ਯੂਨੀਅਨ ਸਥਾਪਤ ਕੀਤੀ ਜਾਵੇ। ਸ਼੍ਰੋਮਣੀ ਕਮੇਟੀ ਆਪਣੀਆਂ ਪ੍ਰੰਪਰਾਵਾਂ ਦੇ ਉਲਟ ਕਿਸੇ ਨੂੰ ਵੀ ਕਾਰਜ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ। ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹਰ ਔਖੇ ਸਮੇਂ ਮਨੁੱਖਤਾ ਨਾਲ ਖੜ੍ਹਦੇ ਹਨ ਅਤੇ ਮੌਜੂਦਾ ਸਮੇਂ ਹੜ੍ਹਾਂ ਦੌਰਾਨ ਵੀ ਵੱਡੀਆਂ ਸੇਵਾਵਾਂ ਨਿਭਾਅ ਰਹੇ ਹਨ, ਪਰ ਕੁਝ ਸ਼ਰਾਰਤੀ ਲੋਕ ਜਾਣਬੁਝ ਕੇ ਸੰਸਥਾ ਦੇ ਪ੍ਰਬੰਧਾਂ ਨੂੰ ਖਰਾਬ ਕਰਨਾ ਚਾਹੁੰਦੇ ਹਨ, ਜੋ ਹੋਣ ਨਹੀਂ ਦਿੱਤਾ ਜਾਵੇਗਾ।

LEAVE A REPLY

Please enter your comment!
Please enter your name here