ਚੰਡੀਗੜ੍ਹ (ਗਿਆਨ ਸੈਦਪੁਰੀ)
ਫਿਰਕਾਪ੍ਰਸਤੀ, ਫਾਸ਼ੀਵਾਦ ਅਤੇ ਦੌਲਤ ਦੀ ਕਾਣੀ-ਵੰਡ ਆਦਿ ਬੁਰਾਈਆਂ ਵਿਰੁੱਧ ਜੰਗ ਜਾਰੀ ਰੱਖਣ ਦੇ ਅਹਿਦ ਨਾਲ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਲਾਇਆ ਤਿੰਨ ਰੋਜ਼ਾ ਪਾਰਟੀ ਸਕੂਲ ਸਫਲਤਾਪੂਰਵਕ ਸਮਾਪਤ ਹੋ ਗਿਆ।
ਫਿਰਕਾਪ੍ਰਸਤੀ ਅਤੇ ਫਾਸ਼ੀਵਾਦ ਬਾਰੇ ਸੀ ਪੀ ਆਈ ਦੇ ਵਿਦਿਆ ਵਿਭਾਗ ਦੇ ਮੈਂਬਰ ਅਸ਼ਵਨੀ ਬਖਸ਼ੀ ਨੇ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾ ਕਿਹਾ ਕਿ ਫਿਰਕਾਪ੍ਰਸਤੀ ਵਿਰੁੱਧ ਲੜਨ ਤੇ ਇਸ ਨੂੰ ਖਤਮ ਕਰਨ ਲਈ ਇਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਉਨ੍ਹਾ ਕਿਹਾ ਕਿ ਸਾਨੂੰ ਇਹ ਗੱਲ ਧਿਆਨ ਗੋਚਰੇ ਰੱਖਣੀ ਚਾਹੀਦੀ ਹੈ ਕਿ ਫਿਰਕਾਪ੍ਰਸਤੀ ਇਕ ਵਿਚਾਰਧਾਰਾ ਹੈ। ਭਾਰਤ ਨੇ ਜੋ ਕੁਝ 75 ਸਾਲਾਂ ਵਿੱਚ ਪ੍ਰਾਪਤ ਕੀਤਾ ਸੀ, ਉਸ ਵਿੱਚੋਂ ਬਹੁਤਾ ਕੁਝ ਫਿਰਕਾਪ੍ਰਸਤੀ ਕਾਰਨ ਗਵਾਚ ਗਿਆ ਹੈ। ਇਸ ਗਵਾਚੇ ਹੋਏ ਨੂੰ ਦੁਬਾਰਾ ਪ੍ਰਾਪਤ ਕਰਨਾ ਵੱਡੀ ਚਣੌਤੀ ਹੈ। ਸਾਡੀਆਂ ਕੁਝ ਪੁਰਾਣੀਆਂ ਚੰਗੀਆਂ ਰਵਾਇਤਾਂ ਵੀ ਖਤਰੇ ਵਿੱਚ ਹਨ। ਦੇਸ਼ ਦੀ ਏਕਤਾ ਨੂੰ ਵੀ ਫਿਰਕਾਪ੍ਰਸਤੀ ਤੋੜਦੀ ਹੈ। ਸਾਥੀ ਬਖਸ਼ੀ ਨੇ ਕਿਹਾ ਕਿ ਫਿਰਕਾਪ੍ਰਸਤੀ ਵਿਰੁੱਧ ਸਿਆਸੀ ਲੜਾਈ ਤਾਂ ਲੜੀ ਗਈ, ਪਰ ਸਿਧਾਂਤਕ ਨਹੀ। ਇਸ ਕਰਕੇ ਸਮੇਂ ਦੀ ਮੰਗ ਹੈ ਕਿ ਇਸ ਬਿਮਾਰੀ ਵਿਰੁੱਧ ਨਿੱਠ ਕੇ ਸਿਧਾਂਤਕ ਲੜਾਈ ਲੜੀ ਜਾਵੇ। ਖੱਬੇ-ਪੱਖੀਆਂ ਨੇ ਸੋਚਿਆ ਸੀ ਕਿ ਜਿਵੇਂ-ਜਿਵੇਂ ਆਰਥਕ ਮੁਹਾਜ਼ ’ਤੇ ਯੁੱਧ ਤਿੱਖਾ ਹੋਵੇਗਾ, ਉਵੇਂ-ਉਵੇਂ ਫਿਰਕਾਪ੍ਰਸਤੀ ਬੇ-ਮਾਅਨੇ ਹੁੰਦੀ ਜਾਵੇਗੀ, ਪਰ ਇਹ ਧਾਰਨਾ ਸਹੀ ਸਾਬਤ ਨਹੀਂ ਹੋਈ। ਇਸ ਲਈ ਫਿਰਕਾਪ੍ਰਸਤੀ ਵਿਰੁੱਧ ਸਿਧਾਂਤਕ ਲੜਾਈ ਬਹੁਤ ਜ਼ਰੂਰੀ ਹੋ ਗਈ ਹੈ। ਇਹ ਤਦ ਹੀ ਸੰਭਾਵ ਹੋਵੇਗੀ, ਜਦੋਂ ਇਸ ਨੂੰ ਚੰਗੀ ਤਰਾਂ ਸਮਝਾਂਗੇ। ਉਹਨਾ ਦੱਸਿਆ ਕਿ ਇਸ ਝੂਠੀ ਵਿਚਾਰਧਾਰਾ ਵਾਲੇ ਸ਼ਾਤਰ ਲੋਕ ਧਰਮ ਨੂੰ ਇੱਕ ਹਥਿਆਰ ਵਜੋਂ ਵਰਤਦੇ ਹਨ। ਫਿਰਕਾਪ੍ਰਸਤਾਂ ਲਈ ਧਰਮ ਕੋਈ ਮਹੱਤਤਾ ਨਹੀਂ ਰੱਖਦਾ।
ਸੀ ਪੀ ਆਈ. ਦੇ ਪਾਰਟੀ ਪ੍ਰੋਗਰਾਮ ਬਾਰੇ ਪੜ੍ਹਾਉਂਦਿਆਂ ਪਾਰਟੀ ਦੇ ਕੌਮੀ ਸਕੱਤਰ ਭਾਲਚੰਦਰ ਕਾਂਗੋ ਨੇ ਕਿਹਾ ਕਿ ਭਾਰਤੀ ਕਮਿਊਨਿਸਟ ਪਾਰਟੀ ਮਿਹਨਤਕਸ਼ ਲੋਕਾਂ ਦੀ ਅਗਵਾਈ ਵਾਲਾ ਰਾਜ ਕਾਇਮ ਕਰਨ ਲਈ ਬਣੀ ਸੀ। ਇਹ ਉਸੇ ਅਕੀਦੇ ’ਤੇ ਕਾਇਮ ਹੈ। ਨਾਲ ਹੀ ਦੇਸ਼ ਦੀਆਂ ਬਦਲੀਆਂ ਹੋਈਆਂ ਪ੍ਰਸਥਿਤੀਆ ਵਿੱਚ ਕੁਝ ਨਵੀਂਆਂ ਪਹਿਲਕਦਮੀਆਂ ਕਰਨੀਆਂ ਸਮੇਂ ਦੀ ਲੋੜ ਹੈ। ਸੀ ਪੀ ਆਈ ਕ੍ਰਾਂਤੀ ਲਈ ਬਣੀ ਹੈ। ਕ੍ਰਾਂਤੀ ਜਮਹੂਰੀ ਢੰਗ ਨਾਲ ਜਾਂ ਬੰਦੂਕ ਉਠਾਉਣ ਨਾਲ ਆਵੇਗੀ, ਇਹ ਸੱਤਾਧਾਰੀ ਧਿਰ ਦੇ ਰਵੱਈਏ ’ਤੇ ਨਿਰਭਰ ਕਰਦਾ ਹੈ। ਉਨ੍ਹਾ ਕਿਹਾ ਕਿ ਸੀ ਪੀ ਆਈ ਜਮਹੂਰੀਅਤ ਵਿੱਚ ਵਿਸ਼ਵਾਸ ਰੱਖਦੀ ਹੈ। ਜਮਹੂਰੀਅਤ ਵਿੱਚ ਵੱਖਰੇ ਵਿਚਾਰ ਰੱਖਣ ਵਾਲੀਆਂ ਸਿਆਸੀ ਧਿਰਾਂ ਨਾਲ ਵੀ ਖਾਸ ਮੁੱਦਿਆਂ ’ਤੇ ਸੁਰ ਮਿਲਾਈ ਜਾ ਸਕਦੀ ਹੈ। ਪਟਨਾ ਅਤੇ ਬੈਂਗਲੁਰੂ ਦੀਆਂ ਮੀਟਿੰਗਾਂ ਉਪਰੰਤ ‘ਇੰਡੀਆ’ ਦਾ ਗਠਨ ਉਕਤ ਪਹਿਲਕਦਮੀ ਦੀ ਹਾਮੀ ਭਰਦਾ ਹੈ। ਡਾ. ਕਾਂਗੋ ਨੇ ਕਿਹਾ ਕਿ ਭਾਰਤ ਵਿੱਚ ਜਾਤ-ਪਾਤ ਦੀ ਵੱਡੀ ਸਮੱਸਿਆ ਹੈ। ਇਸ ਦੇ ਖਾਤਮੇ ਲਈ ਜਾਤ-ਪਾਤ ਯੁੱਧ ਵੀ ਲੜਨਾ ਪਵੇਗਾ। ਉਨ੍ਹਾ ਕਿਹਾ ਕਿ ਔਰਤ-ਮਰਦ ਦੀ ਬਰਾਬਰੀ ਦਾ ਸੰਕਲਪ ਵੀ ਪਾਰਟੀ ਪ੍ਰੋਗਰਾਮ ਵਿੱਚ ਸ਼ਾਮਲ ਹੈ। ਇਸ ਸੰਬੰਧ ਵਿੱਚ ਭਾਜਪਾ ਦੀ ਪਹੁੰਚ ਦੀ ਗੱਲ ਕਰਦਿਆਂ ਡਾ. ਕਾਂਗੋ ਨੇ ਕਿਹਾ ਕਿ ਉਹ ਕਦੇ ਵੀ ਇਹ ਗੱਲ ਨਹੀਂ ਕਰੇਗੀ। ਭਾਜਪਾ ਮਨੂ ਸਿਮਰਤੀ ਨੂੰ ਮੰਨਦੀ ਹੈ ਤੇ ਇਹ ਗ੍ਰੰਥ ਔਰਤ ਦੇ ਮਹੱਤਵ ਨੂੰ ਨਿਕਾਰਦਾ ਹੈ। ਉਨ੍ਹਾ ਦੱਸਿਆ ਕਿ ਭਾਜਪਾ ਦੀ ਪਿ੍ਰਤਪਾਲਕ ਆਰ ਐੱਸ ਐੱਸ ਵੀ ਔਰਤ ਨੂੰ ਬਰਾਬਰੀ ਤੋਂ ਵੰਚਿਤ ਕਰਦੀ ਹੈ। ਉਨ੍ਹਾ ਸੀ ਪੀ ਆਈ ਦੀਆਂ ਪ੍ਰਾਪਤੀਆਂ, ਜਿਨ੍ਹਾਂ ਵਿੱਚ ਮਨਰੇਗਾ ਤੇ ਸੂਚਨਾ ਦੇ ਅਧਿਕਾਰ ਸੰਬੰਧੀ ਕਾਨੂੰਨ ਬਣਵਾਉਣਾ ਸ਼ਾਮਲ ਹੈ, ਦਾ ਵੀ ਵਿਸਥਾਰ ਨਾਲ ਜ਼ਿਕਰ ਕੀਤਾ। ਆਪਣੇ ਲੈਕਚਰ ਦੇ ਅਖੀਰ ਵਿੱਚ ਡਾ. ਕਾਗੋ ਨੇ ਦੱਸਿਆ ਕਿ 25 ਜੁਲਾਈ ਨੂੰ ਮਨੀਪੁਰ ਦੇ ਲੋਕਾਂ ਨਾਲ ਯਕਯਹਿਤੀ ਪ੍ਰਗਟ ਕਰਨ ਲਈ ਹਰ ਜ਼ਿਲ੍ਹੇ ਵਿੱਚ ਸਮਾਗਮ ਕੀਤੇ ਜਾਣਗੇ। ਇਸੇ ਦੌਰਾਨ ਉਨ੍ਹਾ ਮਨੀਪੁਰ ਦੇ ਮੰਦੜੇ ਹਾਲ ਦਾ ਵੀ ਜ਼ਿਕਰ ਕੀਤਾ। ਸਕੂਲ ਦੇ ਆਖਰੀ ਪੜਾਅ ਵਿੱਚ ਪ੍ਰਭਾਵਾਂ ਤੇ ਸੁਝਾਵਾਂ ਦੇ ਅਧਾਰ ’ਤੇ ਰੀਵਿਊ ਕੀਤਾ ਗਿਆ। ਇਸ ਵਿੱਚ ਦਰਸ਼ਨ ਜੱਗਾ, ਮੰਗਲ ਸਿੰਘ, ਸੀਤਾ ਰਾਮ ਮਾਨਸਾ, ਕੇਵਲ ਸਿੰਘ, ਕਰਮ ਸਿੰਘ ਵਕੀਲ, ਗੁਰਦਿੱਤ ਸਿੰਘ, ਰਾਜ ਕੁਮਾਰ, ਬਲਕਾਰ ਸਿੰਘ ਸਿੱਧੂ, ਮਹਿੰਦਰ ਪਾਲ ਸਿੰਘ ਮੋਹਾਲੀ ਆਦਿ ਨੇ ਹਿੱਸਾ ਲਿਆ। ਸਕੂਲ ਦੇ ਮੋਨੀਟਰ ਐੱਮ ਅੱੈਸ ਭਾਟੀਆ ਨੇ ਵੀ ਆਪਣੇ ਪ੍ਰਭਾਵ ਸਾਂਝੇ ਕੀਤੇ। ਆਖੀਰ ਵਿੱਚ ਪਾਰਟੀ ਸਕੂਲ ਦੀ ਦੇਖ-ਰੇਖ ਕਰ ਰਹੇ ਸੀ ਪੀ ਆਈ ਦੇ ਵਿਦਿਆ ਵਿਭਾਗ ਦੇ ਸਕੱਤਰ ਹਰਦੇਵ ਸਿੰਘ ਅਰਸ਼ੀ ਨੇ ਸਭ ਦਾ ਧੰਨਵਾਦ ਕਰਦਿਆਂ ਪਾਰਟੀ ਸਕੂਲਾਂ ਦੇ ਸਿਲਸਲੇ ਨੂੰ ਜਾਰੀ ਰੱਖਣ ਅਤੇ ਹੋਰ ਕਾਰਗਰ ਬਣਾਉਣ ਦਾ ਵਾਅਦਾ ਕੀਤਾ। ਅਰਸ਼ੀ ਨੇ ਸੀ ਪੀ ਆਈ ਜ਼ਿੰਦਾਬਾਦ ਦੇ ਨਾਹਰੇ ਲਾਉਂਦਿਆਂ ਕਿਰਤੀ ਵਰਗ ਦੀ ਬਿਹਤਰੀ ਲਈ ਜੰਗ ਜਾਰੀ ਰੱਖਣ ਦਾ ਅਹਿਦ ਵੀ ਕੀਤਾ।





