ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਗਿਆਨਵਾਪੀ ਮਸਜਿਦ ਅਹਾਤੇ ’ਚ ਭਾਰਤੀ ਪੁਰਾਤੱਤਵ ਵਿਭਾਗ (ਏ ਐੱਸ ਆਈ) ਵੱਲੋਂ ਕੀਤੇ ਜਾਣ ਵਾਲੇ ਸਰਵੇਖਣ ’ਤੇ ਸੋਮਵਾਰ ਦੋ ਦਿਨਾਂ ਲਈ ਰੋਕ ਲਾ ਦਿੱਤੀ। ਵਾਰਾਨਸੀ ਕੋਰਟ ਨੇ ਲੰਘੇ ਦਿਨੀਂ ਏ ਐੱਸ ਆਈ ਸਰਵੇਖਣ ਦੇ ਹੁਕਮ ਦਿੱਤੇ ਸਨ। ਚੀਫ ਜਸਟਿਸ ਡੀ ਵਾਈ ਚੰਦਰਚੂੜ ਦੀ ਅਗਵਾਈ ਵਾਲੀ ਤਿੰਨ ਜੱਜਾਂ ਦੀ ਬੈਂਚ ਨੇ ਕਿਹਾ ਕਿ ਵਾਰਾਨਸੀ ਕੋਰਟ ਦੇ ਇਸ ਹੁਕਮ ’ਤੇ 26 ਜੁਲਾਈ ਸ਼ਾਮ 5 ਵਜੇ ਤੱਕ ਰੋਕ ਰਹੇਗੀ। ਸਿਖਰਲੀ ਕੋਰਟ ਨੇ ਮੁਸਲਿਮ ਧਿਰ ਨੂੰ ਵਾਰਾਨਸੀ ਕੋਰਟ ਦੇ ਇਨ੍ਹਾਂ ਹੁਕਮਾਂ ਖਿਲਾਫ ਅਲਾਹਾਬਾਦ ਹਾਈ ਕੋਰਟ ਦਾ ਰੁਖ ਕਰਨ ਲਈ ਕਿਹਾ ਹੈ। ਚੀਫ ਜਸਟਿਸ ਨੇ ਕਿਹਾ-ਸਾਡਾ ਮੰਨਣਾ ਹੈ ਕਿ ਮੁਸਲਿਮ ਧਿਰ ਨੂੰ ਅਪੀਲ ਦਾਇਰ ਕਰਨ ਦਾ ਵਾਜਬ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਮੁਸਲਿਮ ਧਿਰ ਦੇ ਸੀਨੀਅਰ ਵਕੀਲ ਐੱਚ ਅਹਿਮਦੀ ਨੇ ਸਰਵੇਖਣ ਦੇ ਹੁਕਮਾਂ ’ਤੇ ਰੋਕ ਲਾਉਣ ਦੀ ਮੰਗ ਕੀਤੀ ਸੀ। ਅਹਿਮਦੀ ਨੇ ਕੋਰਟ ਨੂੰ ਦੱਸਿਆ ਕਿ ਏ ਐੱਸ ਆਈ ਨੇ ਮਸਜਿਦ ਅਹਾਤੇ ਵਿਚ ਥਾਂ ਵੀ ਪੁੱਟਣੀ ਸ਼ੁਰੂ ਕਰ ਦਿੱਤੀ ਹੈ। ਚੀਫ ਜਸਟਿਸ ਚੰਦਰਚੂੜ ਨੇ ਸੋਲੀਸਟਰ ਜਨਰਲ ਤੁਸ਼ਾਰ ਮਹਿਤਾ ਨੂੰ ਕਿਹਾ ਕਿ ਉਹ ਭਾਰਤੀ ਪੁਰਾਤੱਤਵ ਵਿਭਾਗ ਨੂੰ ਹਦਾਇਤ ਕਰਨ ਕਿ ਕੋਰਟ ਵੱਲੋਂ ਮਸਲੇ ’ਤੇ ਸੁਣਵਾਈ ਕੀਤੇ ਜਾਣ ਤੱਕ ਕੋਈ ਖੁਦਾਈ ਨਾ ਕੀਤੀ ਜਾਵੇ। ਉਧਰ ਹਿੰਦੂ ਧਿਰ ਵੱਲੋਂ ਪੇਸ਼ ਸੀਨੀਅਰ ਵਕੀਲ ਸ਼ਿਆਮ ਦੀਵਾਨ ਨੇ ਕਿਹਾ ਕਿ ਵਾਰਾਨਸੀ ਕੋਰਟ ਨੇ ਮਸਜਿਦ ਅਹਾਤੇ ’ਚ ਵਜੂਖਾਨ ਵਾਲੇ ਹਿੱਸੇ ਨੂੰ ਵਿਸ਼ੇਸ਼ ਤੌਰ ’ਤੇ ਏ ਐੱਸ ਆਈ ਸਰਵੇਖਣ ’ਚੋਂ ਬਾਹਰ ਰੱਖਣ ਲਈ ਕਿਹਾ ਹੈ, ਕਿਉਂਕਿ ਸੁਪਰੀਮ ਕੋਰਟ ਨੇ ਇਸ ਹਿੱਸੇ ਨੂੰ ਲੈ ਕੇ ‘ਸਥਿਤੀ ਜਿਉਂ ਦੀ ਤਿਉਂ’ ਰੱਖਣ ਦੇ ਹੁਕਮ ਦਿੱਤੇ ਹੋਏ ਹਨ। ਉਂਜ ਸੁਣਵਾਈ ਦੌਰਾਨ ਸੋਲੀਸਟਰ ਜਨਰਲ ਤੁਸ਼ਾਰ ਮਹਿਤਾ ਨੇ ਕੋਰਟ ਨੂੰ ਦੱਸਿਆ ਕਿ ਮਸਜਿਦ ਅਹਾਤੇ ’ਚ ਸਿਰਫ ਸਰਵੇਖਣ ਜਾਰੀ ਹੈ ਤੇ ਇਸ ਦੌਰਾਨ ਇਕ ਇੱਟ ਵੀ ਨਹੀਂ ਹਿਲਾਈ ਗਈ।
ਮਹਿਤਾ ਨੇ ਕਿਹਾ ਕਿ ਮੌਕੇ ’ਤੇ ਸਿਰਫ ਕੁਝ ਮਾਪ ਕਰਨ ਤੋਂ ਇਲਾਵਾ ਫੋਟੋਗ੍ਰਾਫੀ ਤੇ ਰਡਾਰ ਇਮੇਜਿੰਗ ਹੀ ਕੀਤੀ ਗਈ ਹੈ। ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ ਭਾਰਤੀ ਪੁਰਾਤੱਤਵ ਵਿਭਾਗ ਦੀ ਟੀਮ ਨੇ ਵਾਰਾਨਸੀ ’ਚ ਕਾਸ਼ੀ ਵਿਸ਼ਵਨਾਥ ਮੰਦਰ ਦੇ ਬਿਲਕੁਲ ਨਾਲ ਗਿਆਨਵਾਪੀ ਮਸਜਿਦ ਅਹਾਤੇ ’ਚ ਚੱਲ ਰਿਹਾ ਸਰਵੇਖਣ ਦਾ ਕੰਮ ਰੋਕ ਦਿੱਤਾ। ਵਾਰਾਨਸੀ ਦੇ ਡਵੀਜ਼ਨਲ ਕਮਿਸ਼ਨਰ ਕੌਸ਼ਲ ਰਾਜ ਸ਼ਰਮਾ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਦੇ ਮੱਦੇਨਜ਼ਰ ਸਰਵੇਖਣ ਦਾ ਕੰਮ ਰੋਕ ਦਿੱਤਾ ਗਿਆ ਹੈ। ਵਾਰਾਨਸੀ ਕੋਰਟ ਦੇ ਹੁਕਮਾਂ ਮਗਰੋਂ ਏ ਐੱਸ ਆਈ ਦੀ 30 ਮੈਂਬਰੀ ਟੀਮ ਸਵੇਰੇ ਸੱਤ ਵਜੇ ਦੇ ਕਰੀਬ ਗਿਆਨਵਾਪੀ ਅਹਾਤੇ ਵਿਚ ਦਾਖਲ ਹੋਈ ਸੀ। ਇਸ ਕਾਨੂੰਨੀ ਵਿਵਾਦ ’ਚ ਹਿੰਦੂ ਪਟੀਸ਼ਨਰਾਂ ਵੱਲੋਂ ਪੇਸ਼ ਵਕੀਲਾਂ ’ਚੋਂ ਇਕ ਸੁਭਾਸ਼ ਨੰਦਨ ਚਤੁਰਵੇਦੀ ਨੇ ਮਸਜਿਦ ਅਹਾਤੇ ਵਿੱਚੋਂ ਬਾਹਰ ਆਉਂਦਿਆਂ ਕਿਹਾ ਕਿ ਸਰਵੇਖਣ ਦਾ ਕੰਮ ਚਾਰ ਘੰਟਿਆਂ ਦੇ ਕਰੀਬ ਚੱਲਿਆ ਤੇ ਇਸ ਦੌਰਾਨ ਪੂਰੇ ਅਹਾਤੇ ਦਾ ਨਿਰੀਖਣ ਕੀਤਾ ਗਿਆ ਅਤੇ ਚਾਰ ਕੋਨਿਆਂ ’ਤੇ ਚਾਰ ਟੀਮਾਂ ਤਾਇਨਾਤ ਕੀਤੀਆਂ ਗਈਆਂ।
ਚਤੁਰਵੇਦੀ ਨੇ ਕਿਹਾ ਕਿ ਅਹਾਤੇ ਵਿਚਲੇ ਪੱਥਰਾਂ ਤੇ ਇੱਟਾਂ ਦੀ ਵੀ ਪੜਚੋਲ ਕੀਤੀ ਗਈ।





