ਸੰਜੇ ਸਿੰਘ ਰਹਿੰਦੇ ਅਜਲਾਸ ਲਈ ਮੁਅੱਤਲ, ਟੀ ਐੱਮ ਸੀ ਮੈਂਬਰ ਦੀ ਚੇਅਰਮੈਨ ਨਾਲ ਤਿੱਖੀ ਝੜਪ

0
282

ਨਵੀਂ ਦਿੱਲੀ : ਰਾਜ ਸਭਾ ਨੇ ਸੋਮਵਾਰ ‘ਆਪ’ ਸੰਸਦ ਮੈਂਬਰ ਸੰਜੈ ਸਿੰਘ ਨੂੰ ‘ਮਾੜੇ ਵਤੀਰੇ’ ਲਈ ਮੌਨਸੂਨ ਅਜਲਾਸ ਦੇ ਬਾਕੀ ਰਹਿੰਦੇ ਅਰਸੇ ਲਈ ਮੁਅੱਤਲ ਕਰ ਦਿੱਤਾ। ਸਦਨ ਦੇ ਆਗੂ ਪਿਊਸ਼ ਗੋਇਲ ਨੇ ਸਿੰਘ ਨੂੰ ਮੁਅੱਤਲ ਕਰਨ ਦਾ ਮਤਾ ਰੱਖਿਆ, ਜਿਸ ਨੂੰ ਸਦਨ ਨੇ ਜ਼ੁਬਾਨੀ ਵੋਟ ਨਾਲ ਸਵੀਕਾਰ ਕਰ ਲਿਆ। ਉਂਜ ਮਤਾ ਰੱਖਣ ਤੋਂ ਪਹਿਲਾਂ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ‘ਮਾੜੇ ਰਵੱਈਏ’ ਲਈ ਸਿੰਘ ਦਾ ਨਾਂਅ ਲਿਆ ਤੇ ਉਨ੍ਹਾ ਨੂੰ ਖਬਰਦਾਰ ਵੀ ਕੀਤਾ। ਸਿੰਘ ਨੂੰ ਮੁਅੱਤਲ ਕਰਨ ਤੋਂ ਫੌਰੀ ਮਗਰੋਂ ਚੇਅਰਮੈਨ ਧਨਖੜ ਨੇ ਸਦਨ ਦੀ ਕਾਰਵਾਈ ਬਾਅਦ ਦੁਪਹਿਰ ਦੋ ਵਜੇ ਤੱਕ ਮੁਲਤਵੀ ਕਰ ਦਿੱਤੀ ਕਿਉਂਕਿ ਵਿਰੋਧੀ ਧਿਰ ਦੇ ਮੈਂਬਰਾਂ ਨੇ ਮਨੀਪੁਰ ਦੇ ਮੁੱਦੇ ’ਤੇ ਚਰਚਾ ਦੀ ਮੰਗ ਨੂੰ ਲੈ ਕੇ ਰੌਲਾ-ਰੱਪਾ ਜਾਰੀ ਰੱਖਿਆ। ਵਿਰੋਧੀ ਪਾਰਟੀਆਂ ਪ੍ਰਧਾਨ ਮੰਤਰੀ ਵੱਲੋਂ ਮਨੀਪੁਰ ਮੁੱਦੇ ’ਤੇ ਸਦਨ ’ਚ ਬਿਆਨ ਦਿੱਤੇ ਜਾਣ ਦੀ ਆਪਣੀ ਮੰਗ ’ਤੇ ਬਜ਼ਿੱਦ ਸਨ। ਇਸ ਤੋਂ ਪਹਿਲਾਂ ਚੇਅਰਮੈਨ ਜਗਦੀਪ ਧਨਖੜ ਤੇ ਟੀ ਐੱਮ ਸੀ ਆਗੂ ਡੈਰੇਕ ਓ’ਬ੍ਰਾਇਨ ਦਰਮਿਆਨ ਮਨੀਪੁਰ ਮਸਲੇ ’ਤੇ ਦਿੱਤੇ ਨੋਟਿਸਾਂ ਨੂੰ ਲੈ ਕੇ ਤਿੱਖੀ ਤਕਰਾਰ ਮਗਰੋਂ ਉਪਰਲੇ ਸਦਨ ਦੀ ਕਾਰਵਾਈ ਬਾਅਦ ਦੁਪਹਿਰ 12 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਮੌਨਸੂਨ ਇਜਲਾਸ ਦੇ ਤੀਜੇ ਦਿਨ ਜਿਉਂ ਹੀ ਸਦਨ ਜੁੜਿਆ ਤਾਂ ਚੇਅਰਮੈਨ ਧਨਖੜ ਨੇ ਸੱਤਾ ਧਿਰ ਦੇ ਸੰਸਦ ਮੈਂਬਰਾਂ ਵੱਲੋਂ ਨੇਮ 176 ਤਹਿਤ ਮਿਲੇ 11 ਨੋਟਿਸਾਂ ਦੀ ਤਫਸੀਲ ਦਿੰਦਿਆਂ ਸੰਸਦ ਮੈਂਬਰਾਂ ਤੇ ਉਨ੍ਹਾਂ ਨਾਲ ਸੰਬੰਧਤ ਸਿਆਸੀ ਪਾਰਟੀਆਂ ਦੇ ਨਾਂਅ ਪੜ੍ਹੇ। ਇਨ੍ਹਾਂ ਨੋਟਿਸਾਂ ’ਚ ਰਾਜਸਥਾਨ ਤੋਂ ਮਨੀਪੁਰ ਤੱਕ ਵੱਖ-ਵੱਖ ਰਾਜਾਂ ’ਚ ਹਿੰਸਾ ਨੂੰ ਲੈ ਕੇ ਥੋੜ੍ਹੇ ਸਮੇਂ ਦੀ ਵਿਚਾਰ ਚਰਚਾ ਕੀਤੇ ਜਾਣ ਦੀ ਮੰਗ ਕੀਤੀ ਗਈ ਸੀ, ਪਰ ਜਦੋਂ ਧਨਖੜ ਨੇ ਸੰਸਦ ਮੈਂਬਰਾਂ ਵੱਲੋਂ ਨੇਮ 267 ਤਹਿਤ ਮਿਲੇ ਨੋਟਿਸਾਂ, ਜਿਸ ’ਚ ਮਨੀਪੁਰ ਮਸਲੇ ’ਤੇ ਚਰਚਾ ਲਈ ਸੰਸਦੀ ਕੰਮਕਾਜ ਨੂੰ ਲਾਂਭੇ ਰੱਖਣ ਦੀ ਮੰਗ ਕੀਤੀ ਗਈ ਸੀ, ਨੂੰ ਪੜ੍ਹਿਆ ਤਾਂ ਉਨ੍ਹਾ ਕਿਸੇ ਪਾਰਟੀ ਦਾ ਜ਼ਿਕਰ ਨਹੀਂ ਕੀਤਾ। ਇਸ ’ਤੇ ਓ’ਬ੍ਰਾਇਨ ਨੇ ਚੇਅਰਮੈਨ ਨੂੰ ਕਿਹਾ ਕਿ ਉਹ ਨੇਮ 267 ਨੋਟਿਸ ਦੇਣ ਵਾਲੇ ਸੰਸਦ ਮੈਂਬਰਾਂ ਦੀ ਪਾਰਟੀ ਦਾ ਵੀ ਜ਼ਿਕਰ ਕਰਨ। ਧਨਖੜ ਨੇ ਓ’ਬ੍ਰਾਇਨ ਨੂੰ ਆਪਣੀ ਸੀਟ ’ਤੇ ਬੈਠਣ ਲਈ ਕਿਹਾ, ਪਰ ਟੀ ਐੱਮ ਸੀ ਮੈਂਬਰ ਸਖਤ ਰੌਂਅ ’ਚ ਨਜ਼ਰ ਆਏ। ਵਿਰੋਧੀ ਧਿਰ ਦੇ ਹੋਰਨਾਂ ਮੈਂਬਰਾਂ ਨੇ ਵੀ ਓ’ਬ੍ਰਾਇਨ ਦੀ ਹਮਾਇਤ ਕੀਤੀ। ਧਨਖੜ ਨੇ ਰਾਜ ਸਭਾ ਦੀ ਕਾਰਵਾਈ 12 ਵਜੇ ਤੱਕ ਮੁਲਤਵੀ ਕਰਨ ਤੋਂ ਪਹਿਲਾਂ ਕਿਹਾ-ਤੁਸੀਂ ਚੇਅਰ ਨੂੰ ਚੁਣੌਤੀ ਦੇ ਰਹੇ ਹੋ।

LEAVE A REPLY

Please enter your comment!
Please enter your name here