ਪਟਿਆਲਾ : ਹਰਭਜਨ ਸਿੰਘ ਈ ਟੀ ਓ ਬਿਜਲੀ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਬਿਜਲੀ ਕਾਮਿਆਂ ਦੀਆਂ ਮੰਗਾਂ ’ਤੇ ਵਿਸਥਾਰਤ ਵਿਚਾਰ-ਚਰਚਾ ਹੋਈ। ਬਿਜਲੀ ਕਰਮਚਾਰੀਆਂ ਦੀਆਂ ਮੰਨੀਆਂ ਮੰਗਾਂ / ਮਸਲਿਆਂ ਦਾ ਪਾਵਰ ਮੈਨੇਜਮੈਂਟ ਵੱਲੋਂ ਜਲਦੀ ਹੋਰ ਮੀਟਿੰਗ ਦੇ ਕੇ ਨਿਪਟਾਰਾ ਕਰਨ ਦਾ ਵਿਸ਼ਵਾਸ਼ ਦਿੱਤਾ ਗਿਆ, ਜਿਸ ਨੂੰ ਧਿਆਨ ਵਿੱਚ ਰੱਖਦਿਆ ਜਾਇੰਟ ਫੋਰਮ ਨੇ ਅਗਲੇ ਫੈਸਲੇ ਤੱਕ ਸੰਘਰਸ਼ ਪ੍ਰੋਗਰਾਮ ਸਮੇਤ ਬਿਜਲੀ ਮੰਤਰੀ ਦੀ ਰਿਹਾਇਸ਼ ਵਿਖੇ 27 ਜੁਲਾਈ ਦਾ ਧਰਨਾ ਮੁਲਤਵੀ ਕਰ ਦਿੱਤਾ। ਮੀਟਿੰਗ ਵਿੱਚ ਪਾਵਰ ਮੈਨੇਜਮੈਂਟ ਵੱਲੋਂ ਇੰਜ: ਬਲਦੇਵ ਸਿੰਘ ਸਰਾਂ ਸੀ ਐੱਮ ਡੀ, ਜਸਵੀਰ ਸਿੰਘ ਸੁਰਸਿੰਘ ਡਾਇਰੈਕਟਰ ਪ੍ਰਬੰਧਕੀ, ਇੰਜ: ਰਵਿੰਦਰ ਸਿੰਘ ਸੈਣੀ ਡਾਇਰੈਕਟਰ ਕਮਰਸ਼ੀਅਲ, ਐੱਸ ਕੇ ਬੇਰੀ ਡਾਇਰੈਕਟਰ ਵਿੱਤ, ਡਿਪਟੀ ਸਕੱਤਰ ਵੈੱਲਫੇਅਰ ਰਣਬੀਰ ਸਿੰਘ ਸਮੇਤ ਹੋਰ ਅਧਿਕਾਰੀ ਅਤੇ ਜਾਇੰੰਟ ਫੋਰਮ ਵੱਲੋਂ ਰਤਨ ਸਿੰਘ ਮਜਾਰੀ, ਸਿਕੰਦਰ ਨਾਥ, ਬਲਦੇਵ ਸਿੰਘ ਮੰਢਾਲੀ, ਰਵੇਲ ਸਿੰਘ ਸਹਾਏਪੁਰ, ਜਗਜੀਤ ਸਿੰਘ ਕੋਟਲੀ, ਅਵਤਾਰ ਸਿੰਘ ਕੈਂਥ, ਗੁਰਚਰਨ ਸਿੰਘ, ਜਗਜੀਤ ਸਿੰਘ ਕੰਡਾ, ਸੁਖਵਿੰਦਰ ਸਿੰਘ ਚਾਹਲ ਜਗਦੀਪ ਸਿੰਘ ਸਹਿਗਲ, ਸੁਖਵਿੰਦਰ ਸਿੰਘ ਦੁੰਮਣਾ, ਸਰਬਜੀਤ ਸਿੰਘ ਭਾਨਾ ਆਦਿ ਨੁਮਾਇੰਦੇ ਸ਼ਾਮਲ ਹੋਏ। ਮੀਟਿੰਗ ਵਧੀਆ ਮਾਹੌਲ ਵਿੱਚ ਹੋਈ। ਮੀਟਿੰਗ ਵਿੱਚ ਜਾਇੰਟ ਫੋਰਮ ਵੱਲੋਂ ਮੈਨੇਜਮੈਂਟ ਨੂੰ ਦਿੱਤੇ ਮੰਗ ਪੱਤਰ ਅਤੇ 25 ਮਈ ਨੂੰ ਬਿਜਲੀ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੇ ਫੈਸਲੇ ਲਾਗੂ ਕਰਨ ’ਤੇ ਵਿਸਥਾਰਤ ਵਿਚਾਰ-ਚਰਚਾ ਹੋਈ। ਮੀਟਿੰਗ ਵਿੱਚ ਸੀ ਆਰ ਏ 295/19 ਵਾਲੇ ਸਾਥੀਆਂ ਨਾਲ ਹੋ ਰਹੀ ਵਧੀਕੀ ਸੰਬੰਧੀ ਬਿਜਲੀ ਮੰਤਰੀ ਅਤੇ ਮੈਨੇਜਮੈਂਟ ਨੇ ਵਿਸ਼ਵਾਸ ਦਿਵਾਇਆ ਕਿ ਇਸ ਸੰਬੰਧੀ ਹਮਦਰਦੀ ਪੂਰਵਕ ਵਿਚਾਰਦਿਆਂ ਇਨਸਾਫ ਦਿਵਾਇਆ ਜਾਵੇਗਾ। ਜਾਇੰਟ ਫੋਰਮ ਦੇ ਨੁਮਾਇੰਦਿਆਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਪਰਖ ਕਾਲ ਸਮਾਂ ਪੂਰਾ ਕਰ ਚੁੱਕੇ ਮੁਲਾਜ਼ਮਾਂ ਨੂੰ ਪੂਰੀ ਤਨਖਾਹ ਦਿੱਤੀ ਜਾਵੇ। ਮੈਨੇਜਮੈਂਟ ਨੇ ਕਿਹਾ ਕਿ ਜਲਦੀ ਹੀ ਹੋਰ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਵੇਗੀ। ਮੁਲਾਜ਼ਮਾਂ ਦੀਆਂ ਬਣਦੀਆਂ ਤਰੱਕੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਜਲਦੀ ਹੀ ਹੋਰ ਮੁਲਾਜ਼ਮਾਂ ਦੀਆਂ ਤਰੱਕੀਆਂ ਕੀਤੀਆਂ ਜਾਣਗੀਆਂ। ਰਹਿੰਦੇ ਭੱਤਿਆਂ ਵਿੱਚ ਯੋਗ ਵਾਧਾ, ਪੇ ਸਕੇਲਾਂ ਦੀਆਂ ਰਹਿੰਦੀਆਂ ਤਰੁੱਟੀਆਂ ਦੂਰ ਕਰਨ ਲਈ ਜਾਇੰਟ ਫੋਰਮ ਦੇ ਨੁਮਾਇੰਦਿਆਂ ਨਾਲ ਡਾਇਰੈਕਟਰ ਵਿੱਤ ਦੀ ਮੀਟਿੰਗ ਜਲਦੀ ਕਰਵਾ ਕੇ ਮਾਮਲਿਆਂ ਦਾ ਨਿਪਟਾਰਾ ਕੀਤਾ ਜਾਵੇਗਾ। ਪੇ ਸਕੇਲਾਂ ਦੇ ਵਿੱਤੀ ਖਰਚੇ ਸੰਬੰਧੀ ਪੰਜਾਬ ਸਰਕਾਰ ਨੂੰ ਪੱਤਰ ਲਿਖ ਦਿੱਤਾ ਹੈ। ਪਾਵਰਕਾਮ ਮੈਨੇਜਮੈਂਟ ਨੇ ਬਿਜਲੀ ਮੰਤਰੀ ਨੂੰ ਜ਼ੋਰ ਦੇ ਕੇ ਕੇਸ ਕਲੀਅਰ ਕਰਵਾਉਣ ਦੀ ਬੇਨਤੀ ਕੀਤੀ। ਵੇਜ ਫਾਰਮੂਲੇਸ਼ਨ ਕਮੇਟੀ ਵਿੱਚ ਦੋ ਮੈਂਬਰ ਜਾਇੰਟ ਫੋਰਮ ਦੇ ਲਏ ਗਏ। ਜਾਇੰਟ ਫੋਰਮ ਨੇ ਵੇਜ ਫਾਰਮੂਲੇਸ਼ਨ ਕਮੇਟੀ ਵਿੱਚ ਹੋਰ ਨੁਮਾਇੰਦੇ ਲੈਣ ਦੀ ਮੰਗ ਕੀਤੀ। ਰੈਗੂਲਰ ਅਤੇ ਕੱਚੇ ਕਾਮਿਆਂ ਨਾਲ ਘਾਤਕ ਹਾਦਸਿਆਂ ਸਮੇਂ ਪੀੜਤ ਪਰਵਾਰ ਨੂੰ ਵਿੱਤੀ ਸਹਾਇਤਾ ਲਈ ਸੁਰੱਖਿਆ ਮੁਲਾਜ਼ਮਾਂ ਵਾਂਗ ਇੱਕ ਕਰੋੜ ਰੁਪਏ ਦੀ ਮੰਗ ’ਤੇ ਮੈਨੇਜਮੈਂਟ ਨੇ ਕਿਹਾ ਕਿ ਇਹ ਮੁੱਦਾ ਵੀ ਬੈਂਕਾਂ ਨਾਲ ਵੀ ਵਿਚਾਰਿਆ ਜਾਵੇਗਾ।
ਓ ਸੀ (ਹੁਣ ਏ ਐੱਸ ਐੱਸ ਏ) ਸਮੇਤ ਬਰਾਬਰ ਦੀਆਂ ਕੈਟਾਗਰੀਆਂ ਨੂੰ ਵੱਖਰੇ ਤੌਰ ’ਤੇ ਮੀਟਿੰਗ ਕਰਕੇ ਵਿਚਾਰਨ ਦਾ ਭਰੋਸਾ ਦਿੱਤਾ। ਜਾਇੰਟ ਫੋਰਮ ਦੇ ਨੁਮਾਇੰਦਿਆ ਨੇ ਮੈਨੇਜਮੈਂਟ ਨਾਲ ਹੋਏ ਫੈਸਲੇ ਅਨੁਸਾਰ 23 ਸਾਲਾਂ ਦੀ ਸੇਵਾ ਉਪਰੰਤ ਲਾਭ ਨੂੰ ਤੀਸਰੀ ਤਰੱਕੀ ਸਮੇਂ ਮਿਲਾਣ ਕਰਨ ਲਈ ਫੈਸਲਾ ਲਾਗੂ ਕਰਨ ਦਾ ਭਰੋਸਾ ਦਿੱਤਾ। ਯੋਗ ਕਰਮਚਾਰੀਆਂ ਨੂੰ 9-16-23 ਸਾਲਾ ਸਮਾਂਬੱਧ ਸਕੇਲ ਦੀ ਅਦਾਇਗੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਮੁੱਚੇ ਕੱਚੇ ਕਾਮੇ ਪੰਜਾਬ ਸਰਕਾਰ ਵਾਂਗ ਪੱਕੇ ਕਰਨ, ਗਰਿਡ ਸਬ-ਸਟੇਸ਼ਨਾਂ ਦੀ ਸੁਰੱਖਿਆ ਅਤੇ ਹਾਈਡਲਾਂ, ਥਰਮਲਾਂ ਸਮੇਤ ਸਮੁੱਚੇ ਮੁਲਾਜ਼ਮਾਂ ਦੀਆਂ ਬਣਦੀਆਂ ਤਰੱਕੀਆਂ ਜਲਦੀ ਕਰਨ ਦਾ ਭਰੋਸਾ ਦਿੱਤਾ। ਪਾਵਰ ਮੈਨੇਜਮੈਂਟ ਨੇ ਕਿਹਾ ਕਿ ਜਲਦੀ ਹੀ ਮੰਗ ਪੱਤਰ ਤੇ ਵੱਖ-ਵੱਖ ਮੁੱਦਿਆਂ ’ਤੇ ਮੀਟਿੰਗ ਦੇ ਕੇ ਮੁਲਾਜ਼ਮ ਮੰਗਾਂ ਤੇ ਮਸਲਿਆਂ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ। ਜਾਇੰਟ ਫੋਰਮ ਦੇ ਨਮਾਇੰਦਿਆਂ ਨੇ ਕਿਹਾ ਕਿ ਜੇਕਰ ਮੈਨੇਜਮੈਂਟ ਨੇ ਪਹਿਲਾਂ ਵਾਂਗ ਟਾਲ-ਮਟੋਲ ਦੀ ਨੀਤੀ ਅਖਤਿਆਰ ਕੀਤੀ ਤਾਂ ਬਿਜਲੀ ਕਾਮਿਆਂ ਨੂੰ ਮਜਬੂਰਨ ਮੁਅੱਤਲ ਕੀਤਾ ਸੰਘਰਸ਼ ਪ੍ਰੋਗਰਾਮ ਸ਼ੁਰੂ ਕਰਨਾ ਪਵੇਗਾ।





