ਦੋ ਹੌਟਸਪੌਟ ਖੇਤਰਾਂ ਨੇ ਨਸ਼ਿਆਂ ਤੋਂ ਦੂਰ ਰਹਿਣ ਦਾ ਲਿਆ ਅਹਿਦ

0
191

ਗਿੱਦੜਬਾਹਾ, (ਜਸਵੰਤ ਗਿੱਲ ਛੱਤਿਆਣਾ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਦੋ ਨਸ਼ਿਆਂ ਲਈ ਬਦਨਾਮ ਇਲਾਕਿਆਂ ਪਿੰਡ ਮਿੱਡਾ ਅਤੇ ਮਲੋਟ ਦੇ ਮੁਹੱਲਾ ਛੱਜਘਰ ਦੇ ਵਾਸੀਆਂ ਨੇ ਨਸ਼ਿਆਂ ਤੋਂ ਦੂਰ ਰਹਿਣ ਦਾ ਪ੍ਰਣ ਕੀਤਾ ਹੈ। ਇਹ ਦੋਵੇਂ ਖੇਤਰ ਹੈਰੋਇਨ, ਨਸ਼ੀਲੀਆਂ ਗੋਲੀਆਂ ਆਦਿ ਸਮੇਤ ਕਈ ਤਰ੍ਹਾਂ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਵਰਤੋਂ ਲਈ ਬਦਨਾਮ ਹਨ। ਇਹ ਅਹਿਦ ਪੰਜਾਬ ਨੂੰ ਨਸ਼ਾ ਮੁਕਤ ਅਤੇ ਅਪਰਾਧ ਮੁਕਤ ਸੂਬਾ ਬਣਾਉਣ ਲਈ ਪੰਜਾਬ ਪੁਲਸ ਵੱਲੋਂ ਨਸ਼ਾ ਤਸਕਰੀ, ਸਮਾਜ ਵਿਰੋਧੀ ਅਨਸਰਾਂ ਅਤੇ ਅਪਰਾਧੀਆਂ ਨੂੰ ਨੱਥ ਪਾਉਣ ਲਈ ਚਲਾਈ ਜਾ ਰਹੀ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੇ ਚਲਦਿਆਂ ਸਾਹਮਣੇ ਆਇਆ। ਮੁਹਿੰਮ ਦੇ ਤੀਜੇ ਦਿਨ ਡੀ ਜੀ ਪੀ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ’ਤੇ ਇਹ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਫਰੀਦਕੋਟ ਰੇਂਜ ਦੇ ਤਿੰਨਾਂ ਜ਼ਿਲ੍ਹਿਆਂ ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਮੋਗਾ ਵਿੱਚ ਚਲਾਈ ਗਈ। ਮੁਕਤਸਰ ਪੁਲਸ ਨੇ ਇਹ ਕਾਰਵਾਈ ਸਵੇਰੇ 5 ਵਜੇ ਤੋਂ ਦੁਪਹਿਰ 12 ਵਜੇ ਤੱਕ ਕੀਤੀ, ਜਦਕਿ ਫਰੀਦਕੋਟ ਅਤੇ ਮੋਗਾ ਪੁਲਸ ਵੱਲੋਂ ਇਹ ਛਾਪੇਮਾਰੀ ਦਿਨ ਵੇਲੇ ਕੀਤੀ ਗਈ। ਇਹ ਸਾਰੀ ਕਾਰਵਾਈ ਡੀ ਆਈ ਜੀ ਫਰੀਦਕੋਟ ਰੇਂਜ ਅਜੈ ਮਲੂਜਾ ਦੀ ਸਮੁੱਚੀ ਨਿਗਰਾਨੀ ਹੇਠ ਚਲਾਈ ਗਈ ਅਤੇ ਐੱਸ ਐੱਸ ਪੀਜ਼ ਨੂੰ ਭਾਰੀ ਪੁਲਸ ਫੋਰਸ ਤਾਇਨਾਤ ਕਰਕੇ ਸੁਚੱਜੇ ਢੰਗ ਨਾਲ ਯੋਜਨਾ ਬਣਾਉਣ ਲਈ ਕਿਹਾ ਗਿਆ ਸੀ। ਸਪੈਸ਼ਲ ਡੀ ਜੀ ਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਇਸ ਕਾਰਵਾਈ ਦੌਰਾਨ ਪੁਲਸ ਟੀਮਾਂ ਨੇ 66 ਐੱਫ ਆਈ ਆਰਜ਼ ਦਰਜ ਕਰਕੇ 79 ਸਮਾਜ ਵਿਰੋਧੀ ਅਨਸਰਾਂ ਨੂੰ ਗਿ੍ਰਫਤਾਰ ਕੀਤਾ ਹੈ। ਪੁਲਸ ਟੀਮਾਂ ਨੇ ਉਨ੍ਹਾਂ ਕੋਲੋਂ 68,500 ਰੁਪਏ ਦੀ ਡਰੱਗ ਮਨੀ, 128 ਗ੍ਰਾਮ ਹੈਰੋਇਨ, 115 ਕਿਲੋ ਭੁੱਕੀ, 2560 ਨਸ਼ੀਲੀਆਂ ਗੋਲੀਆਂ ਅਤੇ ਵੱਡੀ ਮਾਤਰਾ ’ਚ ਲਾਹਣ ਬਰਾਮਦ ਕੀਤ। ਪੁਲਸ ਟੀਮਾਂ ਨੇ ਤਿੰਨ ਭਗੌੜੇ ਅਪਰਾਧੀਆਂ ਨੂੰ ਵੀ ਗਿ੍ਰਫਤਾਰ ਕੀਤਾ ਅਤੇ 293 ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ। ਡੀ ਜੀ ਪੀ ਨੇ ਦੱਸਿਆ ਕਿ ਐੱਸ ਐੱਸ ਪੀ ਫਰੀਦਕੋਟ ਹਰਜੀਤ ਸਿੰਘ, ਐੱਸ ਐੱਸ ਪੀ ਸ੍ਰੀ ਮੁਕਤਸਰ ਸਾਹਿਬ ਹਰਮਨਬੀਰ ਸਿੰਘ ਗਿੱਲ ਅਤੇ ਅੱੈਸ ਐੱਸ ਪੀ ਮੋਗਾ ਜੇ ਐਲਨਚੇਜੀਅਨ ਦੀ ਨਿਗਰਾਨੀ ਹੇਠ 1100 ਤੋਂ ਵੱਧ ਪੁਲਸ ਮੁਲਾਜ਼ਮਾਂ ਦੀ ਮਜ਼ਬੂਤ ਫੋਰਸ ਨੇ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਪਛਾਣੇ ਗਏ ਡਰੱਗ ਹੌਟਸਪੌਟ ਵਿੱਚ ਇਹ ਕਾਰਵਾਈ ਕੀਤੀ। ਪੰਜਾਬ ਪੁਲਸ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਪੁੱਟਣ ਲਈ ਆਉਣ ਵਾਲੇ ਦਿਨਾਂ ਵਿੱਚ ਵੀ ਅਜਿਹੇ ਅਭਿਆਨ ਜਾਰੀ ਰੱਖੇ ਜਾਣਗੇ, ਤਾਂ ਜੋ ਸੂਬੇ ਨੂੰ ‘ਰੰਗਲਾ ਪੰਜਾਬ’ ਬਣਾਇਆ ਜਾ ਸਕੇ।

LEAVE A REPLY

Please enter your comment!
Please enter your name here