ਲੁਧਿਆਣਾ : ਸ਼੍ਰੋਮਣੀ ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ (64) ਨੇ ਬੁੱਧਵਾਰ ਸਵੇਰੇ ਡੀ ਐੱਮ ਸੀ ਹਸਪਤਾਲ ’ਚ ਆਖਰੀ ਸਾਹ ਲਿਆ। ਕੁਝ ਦਿਨ ਪਹਿਲਾਂ ਉਨ੍ਹਾ ਦੀ ਫੂਡ ਪਾਈਪ ਦਾ ਹਸਪਤਾਲ ’ਚ ਅਪਰੇਸ਼ਨ ਹੋਇਆ ਸੀ, ਜਿਸ ਤੋਂ ਬਾਅਦ ਸਰੀਰ ’ਚ ਇਨਫੈਕਸ਼ਨ ਵਧ ਗਈ ਸੀ। ਉਨ੍ਹਾ ਦੇ ਪਰਵਾਰ ’ਚ ਪੁੱਤਰ ਮਨਿੰਦਰ ਛਿੰਦਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਹੋਰ ਸਿਆਸੀ ਤੇ ਸਮਾਜਕ ਜਥੇਬੰਦੀਆਂ ਦੇ ਨਾਲ-ਨਾਲ ਸੰਗੀਤ ਖੇਤਰ ਨਾਲ ਜੁੜੀਆਂ ਹਸਤੀਆਂ ਨੇ ਛਿੰਦਾ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਹੈ।
ਉੱਘੇ ਫਿਲਮ ਖੋਜਕਰਤਾ ਅਤੇ ਇਤਿਹਾਸਕਾਰ ਭੀਮ ਰਾਜ ਗਰਗ ਨੇ ਛਿੰਦਾ ਦੇ ਦੇਹਾਂਤ ਨੂੰ ਪੰਜਾਬੀ ਫਿਲਮ ਅਤੇ ਸੰਗੀਤ ਜਗਤ ਲਈ ਵੱਡਾ ਘਾਟਾ ਕਰਾਰ ਦਿੰਦਿਆਂ ਦੱਸਿਆ ਕਿ ਛਿੰਦਾ ਨੇ ਕਰੀਬ 24 ਫਿਲਮਾਂ ਲਈ ਅਭਿਨੈ ਕੀਤਾ ਅਤੇ ਕਰੀਬ 31 ਫਿਲਮਾਂ ’ਚ ਪਲੇਅਬੈਕ ਗੀਤ ਗਾਏ। ਇਸ ਤੋਂ ਬਿਨਾਂ 4 ਫਿਲਮਾਂ ਲਈ ਸੰਗੀਤ ਵੀ ਦਿੱਤਾ। ਪੁੱਤ ਜੱਟਾਂ ਦੇ 1983 ਅਤੇ ਜੱਟ ਜਿਉਣਾ ਮੌੜ 1992 ਦੀਆਂ ਆਲ ਟਾਈਮ ਬਲਾਕ ਬਸਟਰ ਫਿਲਮਾਂ ’ਚ ਸ਼ਾਮਲ ਸਨ। ਇਨ੍ਹਾਂ ਫਿਲਮਾਂ ’ਚ ਛਿੰਦਾ ਨੇ ਅਦਾਕਾਰ, ਪਿੱਠਵਰਤੀ ਗਾਇਕ ਅਤੇ ਸੰਗੀਤਕਾਰ ਵਜੋਂ ਤਿੰਨ-ਤਿੰਨ ਰੋਲ ਨਿਭਾਏ ਸਨ। ਪੁੱਤ ਜੱਟਾਂ ਦੇ ਫਿਲਮ ਦਾ ਗੀਤ ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ ਅੱਜ ਤੱਕ ਪੰਜਾਬੀ ਨੌਜਵਾਨਾਂ ਦਾ ਮਨਪਸੰਦ ਗੀਤ ਬਣਿਆ ਹੋਇਆ ਹੈ। ਇਸ ਤੋਂ ਬਿਨਾਂ ਜਿੰਦ ਯਾਰ ਦੀ, ਤੈਨੂੰ ਹੱਥ ਤੇ ਅਤੇ ਭੰਨ ਚੂੜੀਆਂ ਵੀ ਸਦਾਬਹਾਰ ਗੀਤਾਂ ’ਚ ਸ਼ਾਮਲ ਹਨ। ਜੱਟ ਜਿਉਣਾ ਮੌੜ ਫਿਲਮ ਲਈ ਜਿਉਣਾ ਮੌੜ ਛਤਰ ਚੜ੍ਹਾਉਣ ਚੱਲਿਆ ਅਤੇ ਕਰਦੇ ਮੁਰਾਦਾਂ ਪੂਰੀਆਂ ਮਾਂ ਜੋਤਾਂ ਵਾਲੀਏ ਕਦੇ ਨਾ ਭੁੱਲਣ ਵਾਲੇ ਗੀਤ ਹਨ।
ਗਰਗ ਨੇ ਦੱਸਿਆ ਕਿ 6 ਫਿਲਮਾਂ ਪੁੱਤ ਜੱਟਾਂ ਦੇ, ਕੀ ਬਣੂ ਦੁਨੀਆ ਦਾ, ਤੁਣਕਾ ਪਿਆਰ ਦਾ, ਅਣਖ ਜੱਟਾਂ ਦੀ, ਬਦਲਾ ਜੱਟੀ ਦਾ ਅਤੇ ਸਿਕੰਦਰਾ ’ਚ ਛਿੰਦਾ ਦਾ ਫਿਲਮੀ ਨਾਂਅ ਵੀ ਛਿੰਦਾ ਹੀ ਸੀ। ਛਿੰਦਾ ਨੇ ਪਹਿਲੀ ਬਾਰ ਸੰਗੀਤਕਾਰ ਕਮਲਕਾਂਤ ਦੇ ਸੰਗੀਤ ਹੇਠ ਫਿਲਮ ਜੱਟ ਦਾ ਗੰਡਾਸਾ ਲਈ 1982 ’ਚ ਪਿੱਠਵਰਤੀ ਗਾਇਕੀ ਕੀਤੀ ਸੀ। ਗੀਤ ਸੀ ਜਦ ਜ਼ੁਲਮ ਦਾ ਹੜ੍ਹ ਆਵੇ। 1988 ਵਿਚ ਫਿਲਮ ਪਟੋਲਾ 1988 ’ਚ ਛਿੰਦਾ ਨੇ ਕਰੀਬ 8 ਮਿੰਟ ਦਾ ਮਿਰਜ਼ਾ ਗਇਆ ਸੀ।
’80 ਦੇ ਦਹਾਕੇ ’ਚ ਆਏ ਓਪੇਰਾ ਜਿਉਣਾ ਮੌੜ ਨੇ ਛਿੰਦਾ ਨੂੰ ਸਫਲਤਾ ਦੀਆਂ ਬੁਲੰਦੀਆਂ ’ਤੇ ਪਹੁੰਚਾਇਆ। ਇਹ ਓਪੇਰਾ ਹੀ ਜੱਟ ਜਿਉਣਾ ਮੌੜ ਫਿਲਮ ਦੀ ਸੁਪਰ ਸਫਲਤਾ ਦੀ ਪ੍ਰੇਰਣਾ ਬਣਿਆ ਸੀ। ਇਸ ਓਪੇਰਾ ਦੇ ਕਈ ਗੀਤ ਮਸ਼ਹੂਰ ਹੋਏਉੱਡ’ਗੀ ਵਿਚ ਹਵਾ ਦੇ ਯਾਰੋ ਘੋੜੀ ਜਿਉਣੇ ਮੌੜ ਦੀ, ਬਦਲਾ ਲੈ ਲਈਂ ਜਿਉਣਿਆ, ਜੇ ਮਾਂ ਦਾ ਜਾਇਆ, ‘ਜਿਉਣਾ ਮੌੜ ਛਤਰ ਚੜ੍ਹਾਉਣ ਚੱਲਿਆ, ਅਹਿਮਦ ਡੋਗਰ ਪਾਪੀ, ਦਾਤਾ ਤੇ ਭਗਤ ਸੂਰਮੇ, ਡੋਗਰਾ ਸੁਣ ਲਲਕਾਰਾ ਮੌੜ ਦਾ, ਆ ਬਾਹਰ ਡੋਗਰਾ ਵੇ ਆਦਿ। ’90 ਦੇ ਦਹਾਕੇ ’ਚ ਛਿੰਦਾ ਦਾ ਗੀਤ ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ ਬਾਬਿਆਂ ਦੇ ਚੱਲ ਚਲੀਏ ਕਾਫੀ ਹਿੱਟ ਹੋਇਆ ਸੀ।
ਛਿੰਦਾ ਨੇ ਕੁਲਦੀਪ ਕੌਰ, ਸੁਰਿੰਦਰ ਸੋਨੀਆ, ਨਰਿੰਦਰ ਬੀਬਾ, ਸੁਦੇਸ਼ ਕੁਮਾਰੀ, ਹਰਨੀਤ ਕੌਰ, ਊਸ਼ਾ ਕਿਰਨ, ਸੁਖਵੰਤ ਸੁੱਖੀ, ਪਰਮਿੰਦਰ ਸੰਧੂ, ਰੁਪਿੰਦਰ ਰੰਜਨਾ, ਅਨੁਰਾਧਾ ਪੌਡਵਾਲ, ਸਵਿਤਾ ਸਾਥੀ, ਅਲਕਾ ਯਾਗਨਿਕ, ਕਵਿਤਾ ਕਿ੍ਰਸ਼ਨਾਮੂਰਤੀ ਸਮੇਤ ਹੋਰਨਾਂ ਨਾਲ ਜੋੜੀ ਬਣਾ ਕੇ ਡਿਊਟ ਗੀਤ ਗਾਏ, ਪਰ ਗੁਲਸ਼ਨ ਕੋਮਲ ਨਾਲ ਮਿਲ ਕੇ ਗਾਏ ਹੋਏ ਗੀਤ ਹਮੇਸ਼ਾ ਲਈ ਹਿਟ ਬਣੇ ਹੋਏ ਹਨ।





