ਨਵੀਂ ਦਿੱਲੀ : ਰਾਹੁਲ ਗਾਂਧੀ ਨੇ ਸ਼ੁੱਕਰਵਾਰ ਕਿਹਾ ਕਿ ਭਾਜਪਾ ਸੱਤਾ ਦੇ ਲਾਲਚ ਵਿਚ ਮਹਿਲਾਵਾਂ ਦੇ ਸਤਿਕਾਰ ਦੇ ਨਾਲ-ਨਾਲ ਦੇਸ਼ ਦੀ ਅਣਖ ਨਾਲ ਖੇਡ ਰਹੀ ਹੈ। ਫੇਸਬੁੱਕ ਪੋਸਟ ਵਿਚ ਉਨ੍ਹਾਂ ਮਹਿਲਾਵਾਂ ’ਤੇ ਜਿਨਸੀ ਹਮਲਿਆਂ ਬਾਰੇ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਕੇਂਦਰ ਸਰਕਾਰ ’ਤੇ ਹਮਲਾ ਕੀਤਾ। ਉਨ੍ਹਾ ਮਨੀਪੁਰ ਵਿਚ ਦੋ ਮਹਿਲਾਵਾਂ ਨੂੰ ਨਿਰਵਸਤਰ ਘੁਮਾਉਣ, ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬਿ੍ਰਜ ਭੂਸ਼ਣ ਸ਼ਰਣ ਸਿੰਘ ਵੱਲੋਂ ਮਹਿਲਾ ਭਲਵਾਨਾਂ ਦੇ ਕਥਿਤ ਜਿਨਸੀ ਸ਼ੋਸ਼ਣ, ਉੱਤਰਾਖੰਡ ਵਿਚ ਇਕ ਮਹਿਲਾ ਦੇ ਕਥਿਤ ਕਤਲ (ਜਿਸ ਵਿਚ ਭਾਜਪਾ ਆਗੂ ਦਾ ਪੁੱਤਰ ਮੁਲਜ਼ਮ ਹੈ) ਅਤੇ ਬਿਲਕੀਸ ਬਾਨੋ ਗੈਂਗਰੇਪ ਕੇਸ ਦੇ ਦੋਸ਼ੀਆਂ ਨੂੰ ਛੱਡਣ ਦਾ ਜ਼ਿਕਰ ਕੀਤਾ।
ਰਾਹੁਲ ਨੇ ਹਿੰਦੀ ਵਿਚ ਲਿਖੀ ਪੋਸਟ ਵਿਚ ਕਿਹਾਜਿਹੜਾ ਦੇਸ਼ ਮਹਿਲਾਵਾਂ ਦੀ ਇੱਜ਼ਤ ਨਹੀਂ ਕਰਦਾ ਉਹ ਕਦੇ ਤਰੱਕੀ ਨਹੀਂ ਕਰ ਸਕਦਾ। ਸੱਤਾ ਦੇ ਲਾਲਚ ਵਿਚ ਭਾਜਪਾ ਮਹਿਲਾਵਾਂ ਦੇ ਸਤਿਕਾਰ ਤੇ ਦੇਸ਼ ਦੀ ਅਣਖ ਨਾਲ ਖੇਡ ਰਹੀ ਹੈ।
ਮਨੀਪੁਰ ਮੁੱਦੇ ’ਤੇ ਕਾਰਵਾਈ ਵਿਰੋਧੀ ਮੈਂਬਰਾਂ ਦੀ ਨਾਅਰੇਬਾਜ਼ੀ ਕਾਰਨ ਸ਼ੁੱਕਰਵਾਰ ਇਕ ਵਾਰ ਮੁਲਤਵੀ ਹੋਣ ਤੋਂ ਬਾਅਦ ਲੋਕ ਸਭਾ ਸੋਮਵਾਰ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਇਸ ਦੌਰਾਨ ਇਸੇ ਮਾਮਲੇ ’ਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਤਿ੍ਰਣਮੂਲ ਕਾਂਗਰਸ ਦੇ ਆਗੂ ਡੈਰੇਕ ਓ’ਬ੍ਰਾਇਨ ਨਾਲ ਬਹਿਸ ਤੋਂ ਬਾਅਦ ਸਦਨ ਨੂੰ 11.27 ਵਜੇ ਪੂਰੇ ਦਿਨ ਲਈ ਮੁਲਤਵੀ ਕਰ ਦਿੱਤਾ।



