27.9 C
Jalandhar
Sunday, September 8, 2024
spot_img

ਡਾ. ਅੰਬੇਦਕਰ ਦੀ ਚੇਤਾਵਨੀ

ਭਾਰਤ ਦੇ ਸੰਵਿਧਾਨ ਨੂੰ ਮਨਜ਼ੂਰੀ ਦੇਣ ਸਮੇਂ 25 ਨਵੰਬਰ 1949 ਨੂੰ ਡਾ. ਭੀਮ ਰਾਓ ਅੰਬੇਦਕਰ ਨੇ ਬਹਿਸਾਂ ਦਾ ਜਵਾਬ ਦਿੰਦਿਆਂ ਕਿਹਾ ਸੀ, ‘‘ਮੇਰਾ ਮੰਨਣਾ ਹੈ ਕਿ ਭਾਰਤ ਇੱਕ ਬਣ ਰਿਹਾ ਰਾਸ਼ਟਰ ਹੈ। ਸਾਨੂੰ ਇਹ ਭਰਮ ਹੈ ਕਿ ਅਸੀਂ ਇੱਕ ਰਾਸ਼ਟਰ ਹਾਂ। ਇੱਕ ਰਾਸ਼ਟਰ ਵਿੱਚ ਲੋਕ ਹਜ਼ਾਰਾਂ ਜਾਤੀਆਂ ਵਿੱਚ ਕਿਵੇਂ ਵੰਡੇ ਹੋ ਸਕਦੇ ਹਨ? ਜਿੰਨਾ ਜਲਦੀ ਸਾਨੂੰ ਇਹ ਅਹਿਸਾਸ ਹੋ ਜਾਵੇ ਕਿ ਅਸੀਂ ਇੱਕ ਰਾਸ਼ਟਰ ਨਹੀਂ ਹਾਂ ਓਨਾ ਹੀ ਚੰਗਾ ਹੈ। ਫਿਰ ਹੀ ਸਾਨੂੰ ਇੱਕ ਰਾਸ਼ਟਰ ਬਣਨ ਦੀ ਲੋੜ ਦਾ ਅਹਿਸਾਸ ਹੋਵੇਗਾ ਤੇ ਇਸ ਲਈ ਅਸੀਂ ਗੰਭੀਰਤਾ ਨਾਲ ਸੋਚਾਂਗੇ।’’
ਅਸਲ ਵਿੱਚ ਡਾ. ਅੰਬੇਦਕਰ ਦੀ ਸਮਝ ਅਨੁਸਾਰ ਰਾਸ਼ਟਰ ਤਦ ਹੀ ਬਣਦਾ ਹੈ, ਜਦੋਂ ਉਸ ਵਿੱਚ ਰਹਿਣ ਵਾਲੇ ਲੋਕਾਂ ਵਿੱਚ ਭਾਈਚਾਰੇ ਦਾ ਅਹਿਸਾਸ ਹੋਵੇ। ਹਰ ਵਿਅਕਤੀ ਖੁਦ ਨੂੰ ਰਾਸ਼ਟਰ ਦਾ ਹਿੱਸਾ ਮੰਨੇ। ਜੇਕਰ ਅੱਗ ਮਨੀਪੁਰ ਵਿੱਚ ਲੱਗੀ ਹੋਵੇ ਤਾਂ ਉਸ ਦਾ ਸੇਕ ਪੰਜਾਬ ਵਿੱਚ ਵਸਦਾ ਵਿਅਕਤੀ ਵੀ ਮਹਿਸੂਸ ਕਰੇ।
ਇਸੇ ਸਮਝ ਕਾਰਨ ਸੰਵਿਧਾਨ ਦੇ ਸਰੂਪ ਨੂੰ ਬੇਹੱਦ ਲਚਕੀਲਾ ਰੱਖਿਆ ਗਿਆ। ਦਲਿਤਾਂ ਤੇ ਆਦਿਵਾਸੀਆਂ ਨੂੰ ਰਾਸ਼ਟਰ ਦੇ ਸੰਕਲਪ ਵਿੱਚ ਸਮੋਣ ਲਈ ਰਿਜ਼ਰਵੇਸ਼ਨ ਦੀ ਵਿਵਸਥਾ ਕੀਤੀ ਗਈ। ਜੰਮੂ-ਕਸ਼ਮੀਰ ਤੋਂ ਲੈ ਕੇ ਉੱਤਰ-ਪੂਰਬੀ ਰਾਜਾਂ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਗਏ। ਸੰਵਿਧਾਨ ਦੇ ਲਚਕੀਲੇ ਸਰੂਪ ਕਾਰਨ ਹੀ ਵੱਖਰੇ ਤਾਮਿਲ ਦੇਸ਼ ਦੀ ਮੰਗ ਕਰਨ ਵਾਲੇ ਦਰਾਵਿੜ ਆਗੂ ਤੇ ਮਿਜ਼ੋਰਮ ਦੀ ਅਜ਼ਾਦੀ ਲਈ ਹਥਿਆਰਬੰਦ ਸੰਘਰਸ਼ ਕਰਨ ਵਾਲੇ ਲਾਲਡੇਂਗਾ ਨੇ ਵੀ ਆਖਰ ਸੰਵਿਧਾਨ ਨੂੰ ਸਵੀਕਾਰ ਕਰ ਲਿਆ।
ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਸੰਵਿਧਾਨ ਦਾ ਲਚਕੀਲਾਪਣ ਖ਼ਤਮ ਹੁੰਦਾ ਜਾ ਰਿਹਾ ਹੈ। ਹਰ ਨਾਗਰਿਕ ਨੂੰ ਬਰਾਬਰਤਾ ਦਾ ਦਰਜਾ ਦੇਣ ਦੀ ਭਾਵਨਾ ਖ਼ਤਮ ਹੋ ਚੁੱਕੀ ਹੈ। ਧਰਮ ਤੇ ਜਾਤੀ ਵੰਡੀਆਂ ਚੌੜੀਆਂ ਕਰ ਦਿੱਤੀਆਂ ਗਈਆਂ ਹਨ। ਭਾਈਚਾਰੇ ਦੀ ਥਾਂ ਨਫ਼ਰਤ ਫੈਲਾਈ ਜਾ ਰਹੀ ਹੈ। ਇੱਕ ਦੀ ਮੌਤ ਉੱਤੇ ਦੂਜਾ ਖੁਸ਼ੀ ਮਨਾ ਰਿਹਾ ਹੈ। ਮਨੀਪੁਰ ਨੇ ਇਹ ਸੱਚ ਉਘਾੜ ਕੇ ਸਾਹਮਣੇ ਲੈ ਆਂਦਾ ਹੈ। ਮਨੀਪੁਰ ਤਿੰਨ ਮਹੀਨੇ ਤੋਂ ਸੜ ਰਿਹਾ, ਪਰ ਪ੍ਰਧਾਨ ਮੰਤਰੀ ਸੰਸਦ ਵਿੱਚ ਬੋਲਣੋਂ ਇਨਕਾਰੀ ਹਨ। ਉਨ੍ਹਾਂ ਦਾ ਮੂੰਹ ਖੁੱਲ੍ਹਵਾਉਣ ਲਈ ਵਿਰੋਧੀ ਧਿਰ ਨੂੰ ਅਵਿਸ਼ਵਾਸ ਮਤੇ ਦਾ ਸਹਾਰਾ ਲੈਣਾ ਪਿਆ ਹੈ।
ਮਨੀਪੁਰ ਵਿੱਚ ਭਾਜਪਾ ਦੀ ਡਬਲ ਇੰਜਣ ਸਰਕਾਰ ਹੈ। ਉਹ ਪੂਰੀ ਤਰ੍ਹਾਂ ਬਹੁਗਿਣਤੀ ਮੈਤੇਈ ਭਾਈਚਾਰੇ ਦੀ ਪ੍ਰਤੀਨਿਧ ਸਰਕਾਰ ਹੈ। ਮੁੱਖ ਮੰਤਰੀ ਐਨ ਬਿਰੇਨ ਸਿੰਘ ਵੀ ਮੈਤੇਈ ਹੈ। ਪੂਰਾ ਪ੍ਰਚਾਰ-ਤੰਤਰ ਕੁੱਕੀ ਭਾਈਚਾਰੇ ਨੂੰ ਬਦਨਾਮ ਕਰਨ ਵਿੱਚ ਲੱਗਾ ਹੋਇਆ ਹੈ। ਉਨ੍ਹਾਂ ਨੂੰ ਡਰੱਗ ਸਮੱਗਲਰ ਤੇ ਦੇਸ਼ਧ੍ਰੋਹੀ ਗਰਦਾਨ ਰਿਹਾ ਹੈ। ਕਥਿਤ ਰਾਸ਼ਟਰਵਾਦੀ ਇਸ ਹੱਦ ਤੱਕ ਗਿਰ ਚੁੱਕੇ ਹਨ ਕਿ ਦੋ ਕੁੱਕੀ ਔਰਤਾਂ ਦੇ ਨਗਨ ਵੀਡੀਓ ਉੱਤੇ ਸ਼ਰਮਿੰਦਾ ਹੋਣ ਦੀ ਥਾਂ ਇਸ ਨੂੰ ਮੋਦੀ ਸਰਕਾਰ ਵਿਰੁੱਧ ਸਾਜ਼ਿਸ਼ ਕਰਾਰ ਦੇ ਰਹੇ ਹਨ।
ਦੁਨੀਆ-ਭਰ ਦੇ ਲੋਕ ਮਨੀਪੁਰ ਵਿੱਚ ਹੋ ਰਹੀ ਹਿੰਸਾ ਵਿਰੁੱਧ ਮੁਜ਼ਾਹਰੇ ਕਰ ਰਹੇ ਹਨ। ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਅੰਦਰੂਨੀ ਮਾਮਲੇ ਦੀ ਗੱਲ ਨਕਾਰਦਿਆਂ ਵਿਦੇਸ਼ੀ ਸਰਕਾਰਾਂ ਇਸ ਮਸਲੇ ਉੱਤੇ ਚਿੰਤਾ ਪ੍ਰਗਟ ਕਰ ਰਹੀਆਂ ਹਨ। ਦੁਨੀਆ ਨੂੰ ਭਾਈਚਾਰੇ ਦਾ ਪਾਠ ਪੜ੍ਹਾਉਣ ਵਾਲੇ ਮਹਾਤਮਾ ਗਾਂਧੀ ਦੇ ਭਾਰਤ ਦੀ ਛਵੀ ਬਿਲਕੁੱਲ ਉਲਟੀ ਬਣ ਰਹੀ ਹੈ। ਇਹੋ ਹੈ ਨਰਿੰਦਰ ਮੋਦੀ ਦਾ ਨਿਊ ਇੰਡੀਆ ।
ਆਰ ਐੱਸ ਐੱਸ ਲੰਮੇ ਸਮੇਂ ਤੋਂ ਉੱਤਰ-ਪੂਰਬੀ ਰਾਜਾਂ ਵਿੱਚ ਕੰਮ ਕਰ ਰਿਹਾ ਹੈ। ਧਰਮ ਦੇ ਅਧਾਰ ’ਤੇ ਲੋਕਾਂ ਨੂੰ ਪਾੜਨ ਵਿੱਚ ਉਸ ਨੂੰ ਮੁਹਾਰਤ ਹਾਸਲ ਹੈ। ਇਸੇ ਦਾ ਨਤੀਜਾ ਹੈ ਕਿ ਅੱਜ ਮਨੀਪੁਰ ਸੜ ਰਿਹਾ ਹੈ। ਮਿਜ਼ੋਰਮ ਵਿੱਚੋਂ ਮੈਤੇਈ ਲੋਕਾਂ ਨੂੰ ਕੱਢਣ ਦਾ ਕੰਮ ਸ਼ੁਰੂ ਹੋ ਗਿਆ ਹੈ। ਪੂਰਾ ਉੱਤਰ-ਪੂਰਬ ਹੀ ਧੁਖਣਾ ਸ਼ੁਰੂ ਹੋ ਗਿਆ ਹੈ। ਸੰਘ ਦੀ ਨਫ਼ਰਤੀ ਮੁਹਿੰਮ ਨੇ ਦੇਸ਼ ਦੀ ਰਾਸ਼ਟਰੀ ਸੋਚ ਨੂੰ ਗਹਿਰਾ ਧੱਕਾ ਲਾਇਆ ਹੈ।
ਡਾ. ਅੰਬੇਦਕਰ ਨੇ ਆਪਣੇ ਭਾਸ਼ਣ ਵਿੱਚ ਅੱਗੇ ਕਿਹਾ ਸੀ, ‘‘ਸਾਡੇ ਕੋਲ ਵਿਰੋਧੀ ਪੰਥਾਂ ਵਾਲੇ ਕਈ ਸਿਆਸੀ ਦਲ ਹੋਣਗੇ। ਮੈਨੂੰ ਨਹੀਂ ਪਤਾ ਕਿ ਉਹ ਦੇਸ਼ ਨੂੰ ਆਪਣੇ ਪੰਥ ਤੋਂ ਉੱਪਰ ਰੱਖਣਗੇ ਜਾਂ ਆਪਣੇ ਪੰਥ ਨੂੰ ਦੇਸ਼ ਤੋਂ ਉੱਪਰ ਰੱਖਣਗੇ? ਜੇਕਰ ਪਾਰਟੀਆਂ ਧਰਮ ਨੂੰ ਦੇਸ਼ ਤੋਂ ਉੱਪਰ ਰੱਖਣਗੀਆਂ ਤਾਂ ਸਾਡੀ ਅਜ਼ਾਦੀ ਖ਼ਤਰੇ ਵਿੱਚ ਪੈ ਜਾਵੇਗੀ ਅਤੇ ਸ਼ਾਇਦ ਸਦਾ ਲਈ ਗੁਆਚ ਜਾਵੇਗੀ। ਇਸ ਹਾਲਤ ਤੋਂ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਸਾਨੂੰ ਆਪਣੇ ਖੂਨ ਦੇ ਆਖ਼ਰੀ ਤੁਪਕੇ ਨਾਲ ਆਪਣੀ ਅਜ਼ਾਦੀ ਦੀ ਰਾਖੀ ਕਰਨ ਲਈ ਦਿ੍ਰੜ੍ਹ ਸੰਕਲਪ ਹੋਣਾ ਚਾਹੀਦਾ ਹੈ।’’ ਡਾ. ਅੰਬੇਦਕਰ ਦੀ ਇਹ ਚੇਤਾਵਨੀ ਹਰ ਭਾਰਤੀ ਨੂੰ ਸਮਝਣੀ ਚਾਹੀਦੀ ਹੈ। ਇਸੇ ਸਮਝ ਨਾਲ ਹੀ ਭਾਰਤ ਇੱਕ ਰਾਸ਼ਟਰ ਬਣ ਸਕਦਾ ਹੈ।

Related Articles

LEAVE A REPLY

Please enter your comment!
Please enter your name here

Latest Articles