ਨਵੀਂ ਦਿੱਲੀ : ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਆਪਣੀ ਕੌਮੀ ਟੀਮ ਵਿੱਚ ਫੇਰਬਦਲ ਕਰਦਿਆਂ ਉੱਤਰ ਪ੍ਰਦੇਸ਼ ਦੇ ਇੱਕ ਪਸਮੰਦਾ ਮੁਸਲਮਾਨ ਨੂੰ ਪਾਰਟੀ ਦਾ ਕੌਮੀ ਮੀਤ ਪ੍ਰਧਾਨ ਅਤੇ ਤਿਲੰਗਾਨਾ ਇਕਾਈ ਦੇ ਸਾਬਕਾ ਪ੍ਰਧਾਨ ਬੰਡੀ ਸੰਜੈ ਕੁਮਾਰ ਨੂੰ ਕੌਮੀ ਜਨਰਲ ਸਕੱਤਰ ਨਿਯੁਕਤ ਕੀਤਾ ਹੈ। ਭਾਜਪਾ ਨੇ ਕਰਨਾਟਕ ਦੇ ਨੇਤਾ ਸੀਟੀ ਰਵੀ ਅਤੇ ਅਸਾਮ ਤੋਂ ਲੋਕ ਸਭਾ ਮੈਂਬਰ ਦਿਲੀਪ ਸੇਕੀਆ ਨੂੰ ਜਨਰਲ ਸਕੱਤਰ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏ ਐੱਮ ਯੂ) ਦੇ ਸਾਬਕਾ ਵਾਈਸ ਚਾਂਸਲਰ ਤਾਰਿਕ ਮੰਸੂਰ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਉਹ ਮੌਜੂਦਾ ਸਮੇਂ ਉੱਤਰ ਪ੍ਰਦੇਸ਼ ਵਿਧਾਨ ਪ੍ਰੀਸ਼ਦ ਦੇ ਮੈਂਬਰ ਹਨ। ਉਨ੍ਹਾਂ ਨੂੰ ਨਵੀਂ ਟੀਮ ’ਚ ਸ਼ਾਮਲ ਕਰਨ ਦਾ ਫੈਸਲਾ ਪਾਰਟੀ ਦੀ ਪਸਮੰਦਾ ਮੁਸਲਮਾਨਾਂ ਦੀ ਲੁਭਾਉਣ ਲਈ ਕੀਤਾ ਗਿਆ ਲੱਗ ਰਿਹਾ ਹੈ। ਪਾਰਟੀ ਦੇ ਉੱਤਰ ਪ੍ਰਦੇਸ਼ ਤੋਂ ਸੰਸਦ ਮੈਂਬਰ ਰਾਧਾ ਮੋਹਨ ਅਗਰਵਾਲ ਨੂੰ ਜਨਰਲ ਸਕੱਤਰ ਬਣਾਇਆ ਗਿਆ ਹੈ। ਨਵੀਂ ਸੂਚੀ ਵਿੱਚ ਜ਼ਿਆਦਾਤਰ ਨੂੰ ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ ਸਕੱਤਰ ਦੇ ਅਹੁਦਿਆਂ ’ਤੇ ਬਰਕਰਾਰ ਰੱਖਿਆ ਗਿਆ ਹੈ। ਇਸ ਸੂਚੀ ਵਿੱਚ 13 ਮੀਤ ਪ੍ਰਧਾਨ, 9 ਜਨਰਲ ਸਕੱਤਰ, ਸੰਗਠਨ ਜਨਰਲ ਸਕੱਤਰ ਬੀ ਐੱਲ ਸੰਤੋਸ਼ ਅਤੇ 13 ਸਕੱਤਰ ਸ਼ਾਮਲ ਹਨ। ਬਿਹਾਰ ਤੋਂ ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਰਾਧਾ ਮੋਹਨ ਸਿੰਘ ਨੂੰ ਪਾਰਟੀ ਦੇ ਉਪ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕਾਂਗਰਸ ਦੇ ਸੀਨੀਅਰ ਨੇਤਾ ਏਕੇ ਐਂਟਨੀ ਦੇ ਬੇਟੇ ਅਨਿਲ ਐਂਟਨੀ ਨੂੰ ਕੌਮੀ ਸਕੱਤਰ ਬਣਾਇਆ ਗਿਆ ਹੈ।


