‘ਇੰਡੀਆ’ ਦੇ ਸੰਸਦ ਮੈਂਬਰਾਂ ਦਾ ਵਫਦ ਮਨੀਪੁਰ ਪੁੱਜਾ

0
218

ਨਵੀਂ ਦਿੱਲੀ : ਵਿਰੋਧੀ ਗਠਜੋੜ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ’ (ਇੰਡੀਆ) ਦੇ 21 ਸੰਸਦ ਮੈਂਬਰ ਹਿੰਸਾ ਪ੍ਰਭਾਵਿਤ ਮਨੀਪੁਰ ਦੇ ਦੋ ਦਿਨਾਂ ਦੌਰੇ ਲਈ ਪੁੱਜ ਗਏ ਹਨ। ਇਹ ਸੰਸਦ ਮੈਂਬਰ ਜਾਤੀ ਹਿੰਸਾ ਤੋਂ ਪ੍ਰਭਾਵਿਤ ਸੂਬੇ ਦੀ ਜ਼ਮੀਨੀ ਸਥਿਤੀ ਦਾ ਮੁਲਾਂਕਣ ਕਰਨ ਆਏ ਹਨ। ਵਫਦ ਨੇ ਚੂਰਾਚਾਂਦਪੁਰ ਰਾਹਤ ਕੈਂਪ ਦਾ ਦੌਰਾ ਕੀਤਾ ਤੇ ਪੀੜਤਾਂ ਬਾਰੇ ਜਾਣਕਾਰੀ ਲਈ। ਵਫਦ ’ਚ ਕਾਂਗਰਸ ਦੇ ਅਧੀਰ ਰੰਜਨ ਚੌਧਰੀ ਅਤੇ ਗੌਰਵ ਗੋਗੋਈ ਤੋਂ ਇਲਾਵਾ ਤਿ੍ਰਣਮੂਲ ਕਾਂਗਰਸ (ਟੀ ਐੱਮ ਸੀ) ਦੀ ਸੁਸ਼ਮਿਤਾ ਦੇਵ, ਝਾਰਖੰਡ ਮੁਕਤੀ ਮੋਰਚਾ (ਜੇ ਐੱਮ ਐੱਮ) ਦੀ ਮਹੂਆ ਮਾਜੀ, ਡੀ ਐੱਮ ਕੇ ਦੀ ਕਨੀਮੋਝੀ, ਰਾਸ਼ਟਰੀ ਲੋਕ ਦਲ (ਆਰ ਐੱਲ ਡੀ) ਦੇ ਜਯੰਤ ਚੌਧਰੀ, ਰਾਸ਼ਟਰੀ ਜਨਤਾ ਦਲ (ਆਰ ਐੱਲ ਡੀ) ਦੇ ਮਨੋਜ ਕੁਮਾਰ ਝਾਅ, ਰੈਵੋਲਿਊਸ਼ਨਰੀ ਸੋਸਲਿਸਟ ਪਾਰਟੀ ਦੇ ਐੱਨ ਕੇ ਪ੍ਰੇਮ ਚੰਦਰਨ, ਜਨਤਾ ਦਲ (ਯੂਨਾਈਟਿਡ) ਦੇ ਰਾਜੀਵ ਰੰਜਨ ਸਿੰਘ ਉਰਫ ਲਲਨ ਸਿੰਘ ਅਤੇ ਅਨਿਲ ਪ੍ਰਸਾਦ ਹੇਗੜੇ, ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਦੇ ਸੰਦੋਸ਼ ਕੁਮਾਰ ਅਤੇ ਸੀ ਪੀ ਐੱਮ ਦੇ ਏ ਏ ਰਹੀਮ ਵੀ ਸ਼ਾਮਲ ਹਨ।
ਵਿਰੋਧੀ ਧਿਰ ਦਾ ਦੋਸ਼ ਹੈ ਕਿ ਰਾਜ ਸਰਕਾਰ ਦੇ ਨਾਲ-ਨਾਲ ਕੇਂਦਰ ਸਰਕਾਰ ਵੀ ਮਨੀਪੁਰ ਵਿੱਚ ਹਿੰਸਾ ਰੋਕਣ ਵਿੱਚ ਨਾਕਾਮ ਰਹੀ ਹੈ। ਇਸ ਦੇ ਨਾਲ ਹੀ ਪਿਛਲੇ ਦਿਨੀਂ ਸਾਹਮਣੇ ਆਈਆਂ ਔਰਤਾਂ ਨਾਲ ਜ਼ੁਲਮ ਦੀਆਂ ਵੀਡੀਓਜ਼ ਨੇ ਤਣਾਅ ਹੋਰ ਵਧਾ ਦਿੱਤਾ ਹੈ। ਇਸ ਦੌਰਾਨ ਸੀ ਬੀ ਆਈ ਨੇ ਵੀਡੀਓ ਮਾਮਲੇ ਵਿੱਚ ਐੱਫ ਆਈ ਆਰ ਦਰਜ ਕਰ ਲਈ ਹੈ। ਰਵਾਨਾ ਹੁੰਦੇ ਹੋਏ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਕਿਹਾ, “ਇਸ ਮੁੱਦੇ ਉੱਤੇ ਰਾਜਨੀਤੀ ਨਾ ਕਰੋ। ਹੁਣ ਤੱਕ ਪ੍ਰਧਾਨ ਮੰਤਰੀ ਨੇ ਮਨੀਪੁਰ ਜਾਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਹੈ। ਵਿਰੋਧੀ ਧਿਰ ਦੇ ਝਟਕੇ ਤੋਂ ਬਾਅਦ ਕੇਂਦਰ ਜਾਗ ਗਿਆ ਹੈ। ਮਨੀਪੁਰ ਲਈ ਰਵਾਨਾ ਹੁੰਦੇ ਹੋਏ, ਸ਼ਿਵ ਸੈਨਾ (ਯੂਬੀਟੀ) ਦੇ ਸੰਸਦ ਮੈਂਬਰ ਅਰਵਿੰਦ ਸਾਵੰਤ ਨੇ ਕਿਹਾ, “ਮਨੀਪੁਰ ਪਿਛਲੇ 75 ਦਿਨਾਂ ਤੋਂ ਸੜ ਰਿਹਾ ਹੈ। ਸੂਬੇ ’ਚ ਔਰਤਾਂ ’ਤੇ ਹੋ ਰਹੇ ਅੱਤਿਆਚਾਰ ਅਤੇ ਮੌਤਾਂ ਦੇਸ਼ ਦੇ ਅਕਸ ਨੂੰ ਢਾਹ ਲਾਉਣਗੀਆਂ। ਅਜਿਹੇ ’ਚ ਸਰਕਾਰ ਨੂੰ ਕੁਝ ਕਦਮ ਚੁੱਕਣੇ ਚਾਹੀਦੇ ਸਨ।’’
ਜੇ ਡੀ ਯੂ ਦੇ ਸੰਸਦ ਮੈਂਬਰ ਰਾਜੀਵ ਰੰਜਨ ਸਿੰਘ ਨੇ ਕਿਹਾ, “ਅਸੀਂ ਮਨੀਪੁਰ ਦੇ ਲੋਕਾਂ ਨੂੰ ਮਿਲਾਂਗੇ। ਸੂਬਾ ਕਈ ਮਹੀਨਿਆਂ ਤੋਂ ਸੜ ਰਿਹਾ ਹੈ ਅਤੇ ਸ਼ਾਂਤੀ ਬਹਾਲ ਕਰਨ ਦੀ ਲੋੜ ਹੈ। ਪ੍ਰਧਾਨ ਮੰਤਰੀ ਮਨੀਪੁਰ ਨੂੰ ਛੱਡ ਕੇ ਸਾਰੇ ਮੁੱਦਿਆਂ ’ਤੇ ਬੋਲ ਰਹੇ ਹਨ। ਅਸੀਂ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣ ਲਈ ਮਨੀਪੁਰ ਦੇ ਦੋ ਦਿਨਾਂ ਦੌਰੇ ’ਤੇ ਹਾਂ।’’
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਅਤੇ ਯੁਵਾ ਮਾਮਲਿਆਂ ਦੇ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ, “ਮਨੀਪੁਰ ਦੌਰਾ ਵਿਰੋਧੀ ਸੰਸਦ ਮੈਂਬਰਾਂ ਦਾ ਪ੍ਰਦਰਸ਼ਨ ਹੈ। ਜਦੋਂ ਉਹ ਮਨੀਪੁਰ ਤੋਂ ਵਾਪਸ ਆਉਣਗੇ ਤਾਂ ਮੈਂ ਕਾਂਗਰਸ ਦੇ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਨੂੰ ਉਨ੍ਹਾਂ ਨੂੰ ਪੱਛਮੀ ਬੰਗਾਲ ਲਿਆਉਣ ਦੀ ਬੇਨਤੀ ਕਰਾਂਗਾ। ਮੈਂ ਅਧੀਰ ਰੰਜਨ ਚੌਧਰੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕੀ ਉਹ ਬੰਗਾਲ ’ਚ ਔਰਤਾਂ ’ਤੇ ਹੋ ਰਹੇ ਅੱਤਿਆਚਾਰਾਂ ਨਾਲ ਸਹਿਮਤ ਹਨ, ਰਾਜਸਥਾਨ ’ਚ ਜਿੱਥੇ ਔਰਤਾਂ ’ਤੇ ਕਤਲ ਅਤੇ ਅਪਰਾਧ ਹੁੰਦੇ ਹਨ, ਉੱਥੇ ਵਿਰੋਧੀ ਧਿਰ ਨਹੀਂ ਗਈ।
ਕੀ ਭਾਰਤ ਗਠਜੋੜ ਰਾਜਸਥਾਨ ਵਿੱਚ ਵੀ ਜਾਵੇਗਾ? ਇਸੇ ਦੌਰਾਨ ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਕਿਹਾ ਕਿ ਕਮਿਸ਼ਨ ਮਨੀਪੁਰ ਵਿੱਚ ਵਾਪਰੀ ਘਟਨਾ ਬਾਰੇ ਇੱਕ-ਦੋ ਦਿਨਾਂ ਵਿੱਚ ਆਪਣੀ ਰਿਪੋਰਟ ਸਰਕਾਰ ਨੂੰ ਸੌਂਪੇਗਾ। ਉਨ੍ਹਾਂ ਕਿਹਾ ਕਿ ਮੈਂ ਮਨੀਪੁਰ ਜਾ ਕੇ ਦੋਵੇਂ ਪੀੜਤ ਔਰਤਾਂ ਨੂੰ ਮਿਲੀ ਹਾਂ। ਮੈਂ ਉਨ੍ਹਾਂ ਔਰਤਾਂ ਦੀਆਂ ਸੰਸਥਾਵਾਂ ਨੂੰ ਵੀ ਮਿਲੀ, ਜੋ ਦੋਹਾਂ ਭਾਈਚਾਰਿਆਂ ਲਈ ਕੰਮ ਕਰ ਰਹੀਆਂ ਹਨ।

LEAVE A REPLY

Please enter your comment!
Please enter your name here