ਮੋਗਾ (ਅਮਰਜੀਤ ਬੱਬਰੀ)-ਬੱਸ ਸਟੈਂਡ ਨਜ਼ਦੀਕ ਮੁੱਖ ਚੌਕ ਵਿਚ ਦੋ ਧਿਰਾਂ ਵਿਚਕਾਰ ਐਤਵਾਰ 20 ਮਿੰਟ ਗੁੰਡਾਗਰਦੀ ਦਾ ਨੰਗਾ ਨਾਚ ਚਲਦਾ ਰਿਹਾ, ਪਰ ਪੁਲਸ ਥਾਣਾ ਸਿਟੀ ਸਿਰਫ 200 ਗਜ਼ ਦੀ ਦੂਰੀ ’ਤੇ ਹੋਣ ਦੇ ਬਾਵਜੂਦ ਕੋਈ ਵੀ ਪੁਲਸ ਮੁਲਾਜ਼ਮ ਜਾਂ ਅਧਿਕਾਰੀ ਮੌਕੇ ’ਤੇ ਨਹੀਂ ਪਹੁੰਚਿਆ। ਦੋਵਾਂ ਧਿਰਾਂ ਵੱਲੋਂ ਜੰਮ ਕੇ ਖੂਨ-ਖਰਾਬਾ ਕੀਤਾ ਗਿਆ। ਕਈ ਨੌਜਵਾਨ ਜ਼ਖਮੀ ਹੋਏ। ਇਸ ਵਾਰਦਾਤ ਦੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਕ ਧਿਰ ਦੇ ਨੌਜਵਾਨ ਬੱਲੇ ਫੜ ਕੇ ਸੜਕ ਦੇ ਵਿਚਕਾਰ ਕੁਝ ਨੌਜਵਾਨਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਰਹੇ ਹਨ। ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਨਗਾਹੇ ਤੋਂ ਮੱਥਾ ਟੇਕ ਕੇ ਆ ਰਹੇ ਸਨ ਕਿ ਰਸਤੇ ਵਿੱਚ ਰੋਕ ਕੇ ਉਹਨਾਂ ਦੇ ਦੋ ਵਿਅਕਤੀਆਂ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ। ਉਹ ਉਨ੍ਹਾਂ ਦੇ ਪੱਟੀਆਂ ਕਰਵਾਉਣ ਤੋਂ ਬਾਅਦ ਮੋਗਾ ਦੇ ਮੇਨ ਚੌਕ ਵਿੱਚ ਖੜ੍ਹੇ ਸਨ, ਜਿੱਥੇ ਫਿਰ 25 ਤੋਂ 30 ਦੇ ਕਰੀਬ ਨੌਜਵਾਨ ਸੋਟੀਆਂ ਅਤੇ ਬੱਲਿਆਂ ਸਮੇਤ ਆਏ ਤੇ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ। 5 ਵਜੇ ਦੇ ਕਰੀਬ ਲੜਾਈ ਹੋਈ। ਹਮਲਾ ਕਰਨ ਵਾਲੇ ਨੌਜਵਾਨਾਂ ਦੇ ਹੌਸਲੇ ਏਨੇ ਬੁਲੰਦ ਸਨ ਕਿ ਪੁਲਸ ਨੇ ਬਿਲਕੁਲ ਨਜ਼ਦੀਕ ਹੋਣ ਦੀ ਵੀ ਪਰਵਾਹ ਨਹੀਂ ਕੀਤੀ। ਦੂਜੇ ਪਾਸੇ ਥਾਣਾ ਮੁਖੀ ਦਲਜੀਤ ਸਿੰਘ ਦਾ ਕਹਿਣਾ ਕਿ ਉਹਨਾ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ, ਜੋ ਵੀ ਗਲਤ ਪਾਇਆ ਜਾਵੇਗਾ, ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।




