ਗੁਰੂਗ੍ਰਾਮ : ਹਰਿਆਣਾ ਦੇ ਨੂਹ ਜ਼ਿਲ੍ਹੇ ਦੇ ਤਾਵੜੂ ’ਚ ਬੁੱਧਵਾਰ ਰਾਤ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਇਕ ਮਸਜਿਦ ’ਤੇ ਪੈਟਰੋਲ ਬੰਬ ਸੁੱਟ ਕੇ ਉਸ ਨੂੰ ਅੱਗ ਲਗਾ ਦਿੱਤੀ ਤੇ ਦੂਜੀ ਨੂੰ ਅੱਗ ਸ਼ਾਰਟ ਸਰਕਟ ਨਾਲ ਲੱਗਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪੁਲਸ ਨੇ ਦੱਸਿਆ ਕਿ ਬੁੱਧਵਾਰ ਰਾਤ ਕਰੀਬ 11.30 ਵਜੇ ਹੋਈਆਂ ਇਨ੍ਹਾਂ ਘਟਨਾਵਾਂ ’ਚ ਕੋਈ ਜ਼ਖਮੀ ਨਹੀਂ ਹੋਇਆ। ਜਿਨ੍ਹਾਂ ਮਸਜਿਦਾਂ ’ਤੇ ਹਮਲਾ ਕੀਤਾ ਗਿਆ, ਉਨ੍ਹਾਂ ’ਚੋਂ ਇਕ ਵਿਜੈ ਚੌਕ ਨੇੜੇ ਅਤੇ ਦੂਜੀ ਪੁਲਸ ਸਟੇਸ਼ਨ ਕੋਲ ਸਥਿਤ ਹੈ। ਘਟਨਾਵਾਂ ਦੀ ਸੂਚਨਾ ਮਿਲਦੇ ਹੀ ਦੋ ਫਾਇਰ ਟੈਂਡਰ ਮਸਜਿਦਾਂ ਵੱਲ ਭੇਜੇ ਗਏ ਅਤੇ ਅੱਗ ’ਤੇ ਕਾਬੂ ਪਾ ਲਿਆ ਗਿਆ। ਕੁਝ ਅਣਪਛਾਤੇ ਹਮਲਾਵਰਾਂ ਨੇ ਪਲਵਲ ਜ਼ਿਲ੍ਹੇ ਦੇ ਮੀਨਾਰ ਗੇਟ ਬਾਜ਼ਾਰ ’ਚ ਚੂੜੀਆਂ ਦੀ ਦੁਕਾਨ ਨੂੰ ਵੀ ਅੱਗ ਲਾ ਦਿੱਤੀ। ਇਸ ਦੌਰਾਨ ਹਰਿਆਣਾ ਹਿੰਸਾ ਦੇ ਸੰਬੰਧ ’ਚ ਕੁੱਲ ਗਿ੍ਰਫਤਾਰੀਆਂ ਦੀ ਗਿਣਤੀ 176 ਹੋ ਗਈ ਹੈ। ਨੂਹ ’ਚ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 1 ਵਜੇ ਤੱਕ ਕਰਫਿਊ ’ਚ ਢਿੱਲ ਦਿੱਤੀ ਗਈ।



