ਨਵੀਂ ਦਿੱਲੀ : ਦਿੱਲੀ ਸਰਕਾਰ ਨਾਲ ਸੰਬੰਧਤ ਆਰਡੀਨੈਂਸ ’ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸੰਸਦ ਵਿੱਚ ਦਿੱਤੇ ਬਿਆਨ ਦਾ ਜਵਾਬ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਭਾਜਪਾ ਵਾਲੇ ਕੇਜਰੀਵਾਲ ਫੋਬੀਆ ਦੇ ਸ਼ਿਕਾਰ ਹੋ ਗਏ ਹਨ। ਕੇਜਰੀਵਾਲ ਤੋਂ ਡਰ ਦੇ ਕਾਰਨ ਹੀ ਇਹ ਬਿੱਲ ਲੈ ਕੇ ਆਏ ਹਨ। ਉਨ੍ਹਾ ਕਿਹਾ ਕਿ ਭਾਜਪਾ ਦੀ ਸਿਆਸੀ ਜ਼ਮੀਨ ਦਿੱਲੀ ’ਚ ਨਹੀਂ ਬਚੀ। ਦਰਅਸਲ ਭਾਜਪਾ ਦਿੱਲੀ ਸਰਕਾਰ ਦਾ ਮਹੱਤਵ ਖਤਮ ਕਰਨਾ ਚਾਹੁੰਦੀ ਹੈ। ਚੱਢਾ ਨੇ ਕਿਹਾ ਕਿ ਗ੍ਰਹਿ ਮੰਤਰੀ ਦੇ ਸਦਨ ਦੇ ਅੰਦਰ ਦਿੱਤੇ ਬਿਆਨ ਤੋਂ ਦਿੱਲੀ ਸੇਵਾ ਬਿੱਲ ਲਿਆਉਣ ਦੀ ਉਨ੍ਹਾ ਦੀ ਅਸਲੀ ਇੱਛਾ ਸਪੱਸ਼ਟ ਹੋ ਗਈ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ 2015 ਤੱਕ ਦਿੱਲੀ ’ਚ ਸਭ ਕੁਝ ਠੀਕ ਚੱਲ ਰਿਹਾ ਸੀ, ਪਰ 2015 ਤੋਂ ਬਾਅਦ ਸਾਨੂੰ ਦਿੱਲੀ ਸਰਕਾਰ ਤੋਂ ਸਾਰੀਆਂ ਸ਼ਕਤੀਆਂ ਲੈਣ ਦੀ ਲੋੜ ਪੈ ਗਈ, ਇਸ ਲਈ ਅਸੀਂ ਇਹ ਦਿੱਲੀ ਸੇਵਾ ਬਿੱਲ ਲਿਆ ਰਹੇ ਹਾਂ। ਮਤਲਬ ਉਨ੍ਹਾ ਇਹ ਮੰਨਿਆ ਕਿ ਉਨ੍ਹਾ ਨੂੰ ਅਰਵਿੰਦ ਕੇਜਰੀਵਾਲ ਤੋਂ ਡਰ ਲੱਗਦਾ ਹੈ। ਚੱਢਾ ਨੇ ਪੁਰਾਣੀ ਕਮੇਟੀ ਦੀਆਂ ਰਿਪੋਰਟਾਂ, ਪੰਡਤ ਨਹਿਰੂ, ਡਾਕਟਰ ਅੰਬੇਡਕਰ ਅਤੇ ਸਰਦਾਰ ਵੱਲਭ ਭਾਈ ਪਟੇਲ ਦੀ ਸਟੇਟਮੈਂਟ ’ਤੇ ਕਿਹਾ ਕਿ ਉਨ੍ਹਾਂ 30 ਅਤੇ 40 ਦੇ ਦਹਾਕੇ ’ਚ ਇਹ ਰਾਏ ਰੱਖੀ ਸੀ ਕਿ ਦਿੱਲੀ ’ਚ ਸਰਕਾਰ ਨਹੀਂ ਹੋਣੀ ਚਾਹੀਦੀ। ਅਮਿਤ ਸ਼ਾਹ ਨੂੰ ਪੰਡਤ ਨਹਿਰੂ, ਸਰਦਾਰ ਵੱਲਭ ਭਾਈ ਪਟੇਲ ਅਤੇ ਡਾਕਟਰ ਅੰਬੇਡਕਰ ਦੇ ਬਿਆਨ ਦੇਖਣ ਦੀ ਬਜਾਏ 1980, 1990 ਅਤੇ 2000 ਦੇ ਦਹਾਕਿਆਂ ’ਚ ਦਿੱਤੇ ਆਪਣੀ ਪਾਰਟੀ ਦੇ ਨੇਤਾਵਾਂ ਦੇ ਬਿਆਨ ਵੇਖਣੇ ਚਾਹੀਦੇ ਹਨ। ਲਾਲ ਕਿ੍ਰਸ਼ਨ ਅਡਵਾਨੀ ਦਿੱਲੀ ਨੂੰ ਸੰਪੂਰਨ ਰਾਜ ਦਾ ਦਰਜਾ ਬਣਾਉਣ ਲਈ ਦਿੱਲੀ ਸਟੇਟ ਹੁੱਡ ਬਿੱਲ, 2003 ਲਿਆਏ ਸਨ ਅਤੇ ਕਿਹਾ ਸੀ ਕਿ ਦਿੱਲੀ ਨੂੰ ਸਾਰੀਆਂ ਸ਼ਕਤੀਆਂ ਮਿਲਣੀਆਂ ਚਾਹੀਦੀਆਂ ਹਨ। ਦਿੱਲੀ ’ਚ ਆਪਣੀ ਸਰਕਾਰ ਹੋਵੇ ਅਤੇ ਇਸ ਨੂੰ ਸੰਪੂਰਨ ਰਾਜ ਦਾ ਦਰਜਾ ਮਿਲੇ, ਇਹ ਗੱਲ ਸਾਹਿਬ ਸਿੰਘ ਵਰਮਾ ਅਤੇ ਮਦਨ ਲਾਲ ਖੁਰਾਣਾ ਕਿਹਾ ਕਰਦੇ ਸਨ। ਅਮਿਤ ਸ਼ਾਹ ਜੇਕਰ ਆਪਣੀ ਪਾਰਟੀ ਦੇ ਉੱਘੇ ਨੇਤਾਵਾਂ ਦੇ ਬਿਆਨ ਪੜ੍ਹ ਲੈਣ ਤਾਂ ਉਨ੍ਹਾ ਨੂੰ ਪੰਡਤ ਨਹਿਰੂ ਦੇ ਬਿਆਨਾਂ ਤੱਕ ਜਾਣ ਦੀ ਲੋੜ ਨਹੀਂ ਪਵੇਗੀ। ਅਡਵਾਨੀ ਜੀ ਨੇ ਕਿਹਾ ਸੀ ਕਿ ਭਾਰਤੀ ਜਨਤਾ ਪਾਰਟੀ ਦਾ ਸੁਫ਼ਨਾ ਹੈ ਕਿ ਦਿੱਲੀ ਦੀ ਆਪਣੀ ਸਰਕਾਰ ਹੋਵੇ ਅਤੇ ਦਿੱਲੀ ਨੂੰ ਸੰਪੂਰਨ ਰਾਜ ਦਾ ਦਰਜਾ ਮਿਲੇ। ਇਸ ਲਈ ਭਾਜਪਾ ਨੇ 1977 ਤੋਂ ਲੈ ਕੇ 2015 ਤੱਕ ਸੰਘਰਸ਼ ਕੀਤਾ, ਪਰ 2015 ’ਚ ਭਾਜਪਾ ਨੇ ਇਹ ਸੰਘਰਸ਼ 40 ਸਾਲ ਤੋਂ ਬਾਅਦ ਖਤਮ ਕਰ ਦਿੱਤਾ, ਕਿਉਂਕਿ ਦਿੱਲੀ ’ਚ ਭਾਜਪਾ ਦੀ ਬਜਾਏ ਅਰਵਿੰਦ ਕੇਜਰੀਵਾਲ ਦੀ ਸਰਕਾਰ ਆ ਗਈ।


