ਮਾਨਸਾ (ਆਤਮਾ ਸਿੰਘ ਪਮਾਰ)-ਵਧ ਰਹੇ ਨਸ਼ਿਆਂ ਦੇ ਰੁਝਾਨ ਤੇ ਪ੍ਰਕੋਪ ਨੇ ਪੰਜਾਬ ਦੀ ਜਵਾਨੀ ਤੇ ਭਵਿੱਖ ਨੂੰ ਧੁੰਦਲਾ ਕਰਕੇ ਰੱਖ ਦਿੱਤਾ ਹੈ, ਜਿਸ ਕਾਰਨ ਸਿਆਸਤਦਾਨ, ਪੁਲਸ ਅਤੇ ਨਸ਼ਾ ਤਸਕਰਾਂ ਦੇ ਗੱਠਜੋੜ ਨੂੰ ਮੁੱਢੋਂ ਖਤਮ ਕਰਨਾ ਸਮੇਂ ਦੀ ਮੁੱਖ ਲੋੜ ਬਣ ਚੁੱਕੀ ਹੈ | ਨਸ਼ਿਆਂ ਕਾਰਨ ਮਾਪਿਆਂ ਵੱਲੋਂ ਨੌਜਵਾਨ ਪੁੱਤਰਾਂ ਦੀਆਂ ਲਾਸ਼ਾਂ ਨੂੰ ਮੋਢਾ ਦੇਣਾ ਆਮ ਵਰਤਾਰਾ ਬਣ ਚੁੱਕਾ ਹੈ | ਇਸ ਕਾਰਨ ਲੋਕਾਂ ਨੂੰ ਨਸ਼ੇ ਦੇ ਖਾਤਮੇ ਲਈ ਖੁਦ ਸੜਕਾਂ ‘ਤੇ ਉਤਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ | ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਨੈਸ਼ਨਲ ਕੌਂਸਲ ਦੇ ਮੈਂਬਰ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਮਾਨਸਾ ਵਿਖੇ ਨਸ਼ਿਆਂ ਖਿਲਾਫ ਚੱਲ ਰਹੇ ਸ਼ੱੁਕਰਵਾਰ 20 ਵੇਂ ਦਿਨ ਵਿੱਚ ਦਾਖਲ ਹੋਏ ਧਰਨੇ ਨੂੰ ਸੰਬੋਧਨ ਕਰਦਿਆਂ ਕੀਤਾ | ਕਮਿਊਨਿਸਟ ਆਗੂ ਨੇ ਕਿਹਾ ਕਿ ਕੁਦਰਤੀ ਮੌਤਾਂ ਨਾਲੋਂ ਗੈਰ ਕੁਦਰਤੀ ਮੌਤਾਂ ਦਾ ਵਧਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ | ਸੜਕੀ ਹਾਦਸੇ, ਹਾਰਟ ਅਟੈਕ ਅਤੇ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ‘ਤੇ ਸਰਕਾਰਾਂ ਦਾ ਕੋਈ ਧਿਆਨ ਨਹੀਂ ਹੈ | ਉਨ੍ਹਾ ਕਿਹਾ ਕਿ ਨਸ਼ਿਆਂ ਖਿਲਾਫ ਚੱਲ ਰਹੇ ਰੋਸ ਧਰਨੇ ਨੌਜਵਾਨ ਪੀੜ੍ਹੀ ਨੂੰ ਵੱਡੀ ਪੱਧਰ ‘ਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਤ ਕਰ ਰਹੇ ਹਨ | ਨਸ਼ਿਆਂ ਦੇ ਖਾਤਮੇ ਲਈ ਕਾ. ਅਰਸ਼ੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਨੌਜਵਾਨਾਂ ਲਈ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਬਣਾਇਆ ਜਾਵੇ | ਨਸ਼ੇ ਛੱਡ ਚੁੱਕੇ ਨੌਜਵਾਨਾਂ ਦਾ ਸਮਾਜਕ ਸਨਮਾਨ ਬਹਾਲ ਕਰਨ ਲਈ ਵਿਸ਼ੇਸ਼ ਸਨਮਾਨ ਕਰੇ ਤੇ ਨਸ਼ਿਆਂ ਦੇ ਆਦੀ ਨੌਜਵਾਨਾਂ ਨੂੰ ਨਸ਼ਾ ਛਡਾਊ ਕੇਂਦਰਾਂ ਵਿੱਚ ਭਰਤੀ ਕਰਕੇ ਉਨ੍ਹਾਂ ਦਾ ਇਲਾਜ ਕੀਤਾ ਜਾਵੇ | ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕਾ. ਕਿ੍ਸ਼ਨ ਚੌਹਾਨ, ਏਟਕ ਆਗੂ ਐਡਵੋਕੇਟ ਕੁਲਵਿੰਦਰ ਉੱਡਤ ਨੇ ਕਿਹਾ ਕਿ ਨਸ਼ਿਆਂ ਖਿਲਾਫ ਚਲ ਰਹੇ ਧਰਨੇ ਵਿੱਚ 8 ਅਗਸਤ ਨੂੰ ਵੱਡੇ ਕਾਫਲੇ ਸਮੇਂਤ ਸ਼ਮੂਲੀਅਤ ਕੀਤੀ ਜਾਵੇਗੀ | ਉਨ੍ਹਾ ਸਾਰੇ ਸਾਥੀਆਂ ਨੂੰ ਵੱਡੀ ਗਿਣਤੀ ‘ਚ ਪੁੱਜਣ ਦੀ ਅਪੀਲ ਵੀ ਕੀਤੀ |




