27.9 C
Jalandhar
Sunday, September 8, 2024
spot_img

ਇੱਕ ਹੋਰ ਗਾਂਧੀ ਦਾ ਕਤਲ

ਮਨੀਪੁਰ ਲਗਾਤਾਰ ਸੜ ਰਿਹਾ ਹੈ, ਪਰ ਹਾਕਮ ਲਗਾਤਾਰ ਖਾਮੋਸ਼ ਹੈ। ਫਾਸ਼ੀ ਹਾਕਮਾਂ ਦੀ ਖਾਮੋਸ਼ੀ ਅਸਲ ਵਿੱਚ ਸਹਿਮਤੀ ਹੁੰਦੀ ਹੈ। ਇਹ ਇਸ਼ਾਰਾ ਹੁੰਦਾ ਹੈ ਆਪਣੇ ਅੰਧ-ਭਗਤਾਂ ਲਈ ਅਜਿਹੇ ਕਾਰਨਾਮੇ ਜਾਰੀ ਰੱਖਣ ਦਾ। ਅੰਧ-ਭਗਤਾਂ ਨੇ ਵੀ ਨਿਰਾਸ਼ ਨਹੀਂ ਕੀਤਾ।
31 ਜੁਲਾਈ ਨੂੰ ਜਦੋਂ ਜੈਪੁਰ-ਮੁੰਬਈ ਸੁਪਰਫਾਸਟ ਰੇਲ ਗੱਡੀ ਮੁੰਬਈ ਪਹੁੰਚਣ ਵਾਲੀ ਸੀ ਤਾਂ ਇੱਕ ਮੋਦੀ-ਯੋਗੀ ਭਗਤ ਕਾਂਸਟੇਬਲ ਚੇਤਨ ਸਿੰਘ ਨੇ ਬੀ-5 ਕੋਚ ਵਿੱਚ ਪਹਿਲਾਂ ਆਪਣੇ ਅਧਿਕਾਰੀ ਸਹਾਇਕ ਸਬ ਇੰਸਪੈਕਟਰ ਨੂੰ ਗੋਲੀ ਮਾਰੀ। ਉਸ ਤੋਂ ਬਾਅਦ ਉਸ ਨੇ ਇੱਕ ਮੁਸਾਫ਼ਰ ਨੂੰ ਮਾਰ ਦਿੱਤਾ। ਫਿਰ ਉਸ ਨੇ ਪੰਜ ਬੋਗੀਆਂ ਅੱਗੇ ਜਾ ਕੇ ਪੈਂਟਰੀ ਕਾਰ ਵਿੱਚ ਇੱਕ ਵਿਅਕਤੀ ਨੂੰ ਗੋਲੀ ਮਾਰੀ। ਉਸ ਤੋਂ ਦੋ ਬੋਗੀਆਂ ਲੰਘ ਕੇ ਐਸ-6 ਵਿੱਚ ਬੈਠੇ ਇੱਕ ਹੋਰ ਵਿਅਕਤੀ ਨੂੰ ਮਾਰ ਦਿੱਤਾ।
ਦੱਸਿਆ ਜਾਂਦਾ ਹੈ ਕਿ ਚੇਤਨ ਸਿੰਘ ਦੀ ਪਹਿਲਾਂ ਆਪਣੇ ਅਧਿਕਾਰੀ ਟੀਕਾ ਰਾਮ ਮੀਣਾ ਨਾਲ ਬਹਿਸ ਹੋਈ ਤੇ ਫਿਰ ਉਸ ਨੇ ਗੁੱਸੇ ਵਿੱਚ ਮੀਣਾ ਨੂੰ ਗੋਲੀ ਨਾਲ ਉਡਾ ਦਿੱਤਾ। ਬਾਅਦ ਵਿੱਚ ਵੱਖ-ਵੱਖ ਡੱਬਿਆਂ ਵਿੱਚ ਬੈਠੇ ਜਿਨ੍ਹਾਂ ਤਿੰਨ ਵਿਅਕਤੀਆਂ ਨੂੰ ਮਾਰ ਦਿੱਤਾ, ਉਹ ਸਾਰੇ ਮੁਸਲਮਾਨ ਸਨ, ਜਿਹੜੇ ਆਪਣੇ ਕੱਪੜਿਆਂ ਤੇ ਵਧੀ ਦਾਹੜੀ ਕਾਰਨ ਪਛਾਣੇ ਜਾ ਸਕਦੇ ਸਨ।
ਚੇਤਨ ਸਿੰਘ ਰੇਲਵੇ ਪ੍ਰੋਟੈਕਸ਼ਨ ਫੋਰਸ ਦੀ ਉਸ ਟੀਮ ਦਾ ਹਿੱਸਾ ਸੀ, ਜਿਸ ਦਾ ਕੰਮ ਡੱਬਿਆਂ ਵਿੱਚ ਗਸ਼ਤ ਕਰਨਾ ਹੁੰਦਾ ਹੈ। ਜਾਹਰ ਹੈ ਕਿ ਇਸੇ ਦੌਰਾਨ ਉਸ ਨੇ ਮਾਰੇ ਜਾਣ ਵਾਲਿਆਂ ਦੀ ਨਿਸ਼ਾਨਦੇਹੀ ਕਰ ਲਈ ਹੋਵੇਗੀ। ਮੋਦੀ ਨੇ ਹੀ ਕਿਹਾ ਸੀ ਕੱਪੜਿਆਂ ਤੋਂ ਪਛਾਣੋ ਤੇ ਉਸ ਨੇ ਪਛਾਣ ਲਏ।
ਮੌਕੇ ਦੇ ਗਵਾਹਾਂ ਮੁਤਾਬਕ ਚੇਤਨ ਸਿੰਘ ਤੇ ਮੀਣਾ ਵਿਚਕਾਰ ਹਿੰਦੂ-ਮੁਸਲਿਮ ਦੇ ਸਵਾਲ ਉੱਤੇ ਬਹਿਸ ਹੋਈ ਸੀ। ਮੀਣਾ ਦਾ ਨਜ਼ਰੀਆ ਚੇਤਨ ਸਿੰਘ ਦੇ ਨਫ਼ਰਤੀ ਨਜ਼ਰੀਏ ਤੋਂ ਵੱਖਰਾ ਸੀ, ਇਸ ਲਈ ਉਸ ਨੂੰ ਮਾਰ ਦਿੱਤਾ ਗਿਆ। ਚੇਤਨ ਸਿੰਘ ਅੰਦਰ ਮੁਸਲਮਾਨਾਂ ਪ੍ਰਤੀ ਕਿੰਨੀ ਨਫ਼ਰਤ ਭਰੀ ਹੋਈ ਸੀ, ਉਸ ਦਾ ਪਤਾ ਇਸੇ ਗੱਲ ਤੋਂ ਲਗਦਾ ਹੈ ਕਿ ਉਸ ਨੇ ਚੁਣ-ਚੁਣ ਕੇ ਤਿੰਨ ਮੁਸਲਮਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹੋ ਨਹੀਂ, ਉਸ ਨੇ ਨਫ਼ਰਤ ਦਾ ਵਿਰੋਧ ਕਰਨ ਵਾਲੇ ਆਪਣੇ ਅਫ਼ਸਰ ਟੀਕਾ ਰਾਮ ਮੀਣਾ ਨੂੰ ਵੀ ਨਾ ਬਖਸ਼ਿਆ। ਆਖ਼ਰੀ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਨੇ ਹੋਰ ਮੁਸਾਫ਼ਰਾਂ ਨੂੰ ਆਪਣਾ ਵੀਡੀਓ ਬਣਾਉਣ ਲਈ ਕਹਿ ਕੇ ਛੋਟੇ ਜਿਹੇ ਭਾਸ਼ਣ ਰਾਹੀਂ ਕਿਹਾ, ਪਾਕਿਸਤਾਨ ਸੇ ਅਪਰੇਟ ਹੁਏ ਹੈਂ…ਇਨਕੇ ਆਕਾ ਹੈਂ ਵਹਾਂ…ਅਗਰ ਵੋਟ ਦੇਨਾ ਹੈ, ਅਗਰ ਹਿੰਦੁਸਤਾਨ ਮੇਂ ਰਹਨਾ ਹੈ, ਤੋਂ ਮੈਂ ਕਹਤਾ ਹੂੰ, ਮੋਦੀ ਔਰ ਯੋਗੀ, ਯੇ ਦੋ ਹੈਂ, ਔਰ ਆਪਕੇ ਠਾਕਰੇ।
ਰੇਲਵੇ ਪੁਲਸ ਹੁਣ ਉਸ ਨੂੰ ਮਾਨਸਿਕ ਰੋਗੀ ਕਹਿ ਰਹੀ ਹੈ। ਨਹੀਂ, ਉਹ ਮਾਨਸਿਕ ਰੋਗੀ ਨਹੀਂ ਸਗੋਂ ਨਫ਼ਰਤ ਦੀ ਰਾਜਨੀਤੀ ਦਾ ਪ੍ਰਪੱਕ ਭਗਤ ਹੈ। ਉਸ ਅੰਦਰ ਸਿਰਫ਼ ਮੁਸਲਮਾਨਾਂ ਲਈ ਹੀ ਨਫ਼ਰਤ ਨਹੀਂ, ਸਗੋਂ ਉਸ ਦੀ ਨਫ਼ਰਤੀ ਸੋਚ ਦਾ ਵਿਰੋਧ ਕਰਨ ਵਾਲੇ ਮੀਣਾ ਵਰਗੇ ਜਾਗਰੂਕ ਨਾਗਰਿਕ ਵੀ ਉਸ ਦੇ ਦੁਸ਼ਮਣ ਹਨ। ਇਸ ਨਫ਼ਰਤੀ ਸੋਚ ਲਈ ਮੋਦੀ ਤੇ ਯੋਗੀ ਉਸ ਦੇ ਆਦਰਸ਼ ਹਨ। ਪਿਛਲੇ 9 ਸਾਲਾਂ ਦੇ ਰਾਜ ਦੌਰਾਨ ਭਾਜਪਾ ਨੇ ਚੇਤਨ ਸਿੰਘ ਵਰਗੇ ਨੌਜਵਾਨਾਂ ਦੀ ਸਹਿਜ ਚੇਤਨਾ ਨੂੰ ਖ਼ਤਮ ਕਰਕੇ ਉਨ੍ਹਾਂ ਨੂੰ ਹਿੰਸਕ ਪਸ਼ੂ ਬਿਰਤੀ ਵਾਲਿਆਂ ਵਿੱਚ ਬਦਲ ਦਿੱਤਾ ਹੈ। ਅਸਲ ਵਿੱਚ 2015 ਵਿੱਚ ਦਾਦਰੀ ਵਿਖੇ ਮੁਹੰਮਦ ਅਖਲਾਕ ਦੀ ਹੱਤਿਆ ਨਾਲ ਸ਼ੁਰੂ ਹੋਏ ਭੀੜਤੰਤਰੀ ਹੱਤਿਆਵਾਂ ਦੇ ਸਿਲਸਲੇ ਦਾ ਇਹ ਅਗਲਾ ਪੜਾਅ ਹੈ, ਜਿਹੜਾ ਚੇਤਨ ਸਿੰਘ ਨੇ ਸ਼ੁਰੂ ਕਰ ਦਿੱਤਾ ਹੈ।
ਵੱਖ-ਵੱਖ ਸਿਆਸੀ ਆਗੂ ਇਹ ਖ਼ਦਸ਼ਾ ਪ੍ਰਗਟ ਕਰਦੇ ਆ ਰਹੇ ਸਨ ਕਿ 2024 ਦੀਆਂ ਲੋਕ ਸਭਾ ਚੋਣਾਂ ਜਿੱਤਣ ਲਈ ਭਾਜਪਾਈ ਦੰਗੇ ਭੜਕਾ ਸਕਦੇ ਹਨ। ਕਾਂਵੜੀਆਂ ਦੇ ਭੇਸ ਵਿੱਚ ਬਰੇਲੀ ਵਿੱਚ ਫਸਾਦ ਸ਼ੁਰੂ ਕਰਨ ਦੀ ਕੋਸ਼ਿਸ਼ ਨੂੰ ਉੱਥੇ ਤਾਇਨਾਤ ਪੁਲਸ ਮੁਖੀ ਨੇ ਨਾਕਾਮ ਕਰ ਦਿੱਤਾ ਸੀ, ਜਿਸ ਦਾ ‘ਇਨਾਮ’ ਉਸ ਨੂੰ ਇਹ ਮਿਲਿਆ ਕਿ ਉਸ ਦੀ ਬਦਲੀ ਕਰ ਦਿੱਤੀ ਗਈ। ਹਰਿਆਣਾ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲੀਏ ਹਿੰਸਾ ਭੜਕਾਉਣ ਵਿੱਚ ਕਾਮਯਾਬ ਹੋ ਗਏ। ਰਾਜ ਸਰਕਾਰ ਦਾ ਸਾਰਾ ਜ਼ੋਰ ਇਹ ਸਾਬਤ ਕਰਨ ’ਤੇ ਲੱਗਾ ਹੋਇਆ ਹੈ ਕਿ ਦੰਗੇ ਮੁਸਲਮਾਨਾਂ ਨੇ ਸ਼ੁਰੂ ਕੀਤੇ ਸਨ। ਗ੍ਰਹਿ ਮੰਤਰੀ ਅਨਿਲ ਵਿੱਜ ਦਾ ਇਹ ਬਿਆਨ ਕਿ ਨੂਹ ਦੇ ਇੱਕ ਮੰਦਰ ਵਿੱਚ 3-4 ਹਜ਼ਾਰ ਹਿੰਦੂਆਂ ਨੂੰ ਬੰਦੀ ਬਣਾਇਆ ਗਿਆ ਹੈ, ਨਿਰਾ ਝੂਠ ਸੀ। ਹੁਣ ਤਾਂ ਮੰਦਰ ਦੇ ਪੁਜਾਰੀ ਨੇ ਵੀ ਕਹਿ ਦਿੱਤਾ ਹੈ ਕਿ ਅਜਿਹੀ ਕੋਈ ਗੱਲ ਨਹੀਂ ਸੀ, ਬਾਹਰ ਅੱਗਾਂ ਲੱਗਣ ਕਾਰਨ ਸ਼ਰਧਾਲੂ ਆਪਣੇ ਬਚਾਅ ਲਈ ਮੰਦਰ ਵਿੱਚ ਰੁਕੇ ਹੋਏ ਸਨ। ਅਨਿਲ ਵਿੱਜ ਦਾ ਬਿਆਨ ਬਲਦੀ ਉੱਤੇ ਤੇਲ ਪਾਉਣ ਵਾਲਾ ਸੀ। ਉਸੇ ਰਾਤ ਗੁਰੂਗਰਾਮ ਵਿੱਚ ਮਸਜਿਦ ਸਾੜ ਕੇ ਉਸ ਵਿੱਚ ਰਹਿੰਦੇ ਨਾਇਬ ਇਮਾਮ ਹਾਫਿਜ਼ ਸਾਦ ਦੀ ਹੱਤਿਆ ਕਰ ਦਿੱਤੀ ਗਈ। ਉਹ ਹਾਫਿਜ਼ ਸਾਦ, ਜਿਹੜਾ ਹਿੰਦੂ ਮੁਸਲਿਮ ਭਾਈਚਾਰੇ ਦਾ ਸੁਨੇਹਾ ਦਿੰਦਾ ਸੀ। ਉਸ ਦੀ ਗਾਈ ਗ਼ਜ਼ਲ ਦੇ ਕੁਝ ਸ਼ੇਅਰਾਂ ਦੀ ਵੀਡੀਓ ਵਾਇਰਲ ਹੋ ਰਹੀ ਹੈ:
ਜ਼ਾਲਮ ਹੂੰ ਇਨਸਾਨ ਬਨਾ ਦੇ ਯਾ ਅੱਲ੍ਹਾ।
ਘਰ ਕੀ ਦੀਵਾਰ ਹਟਾ ਦੇ ਯਾ ਅੱਲ੍ਹਾ।
ਹਿੰਦੂ-ਮੁਸਲਿਮ ਬੈਠ ਕਰ ਖਾਏਂ ਥਾਲੀ ਮੇਂ,
ਐਸਾ ਹਿੰਦੋਸਤਾਨ ਬਨਾ ਦੇ ਯਾ ਅੱਲ੍ਹਾ।
ਅਜਿਹਾ ਹਿੰਦੋਸਤਾਨ ਕਿਵੇਂ ਬਣੇਗਾ ਜਦੋਂ ਅਸੀਂ ਖੁਦ ਦੇਸ਼ ਦਾ ਭਵਿੱਖ ਗੌਡਸੇ ਦੇ ਪੈਰੋਕਾਰਾਂ ਦੇ ਹੱਥ ਸੌਂਪ ਦਿੱਤਾ ਹੈ। ਉਨ੍ਹਾਂ ਸਾਦ ਦੇ ਰੂਪ ਵਿੱਚ ਇੱਕ ਹੋਰ ਗਾਂਧੀ ਨੂੰ ਮਾਰ ਦਿੱਤਾ ਹੈ।
ਇਹ ਸਕੂਨ ਦੇਣ ਵਾਲੀ ਗੱਲ ਹੈ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਰੈਲੀਆਂ ਕਰਨ ਦੇ ਦਿੱਤੇ ਸੱਦੇ ਦਾ ਹਰਿਆਣੇ ਦੇ ਲੋਕਾਂ ਵੱਲੋਂ ਕੋਈ ਹੁੰਗਾਰਾ ਨਹੀਂ ਭਰਿਆ ਗਿਆ। ਇੱਕ ਅਗਸਤ ਨੂੰ ਸੋਹਣਾ ਦੀ ਸਾੜੀ ਗਈ ਮਸਜਿਦ ਵਿੱਚ 50 ਦੇ ਕਰੀਬ ਵਿੱਦਿਆ ਹਾਸਲ ਕਰਨ ਆਏ ਬੱਚੇ ਤੇੇ ਅਧਿਆਪਕ ਸਨ। ਉਹ ਅੰਦਰੂਨੀ ਕਮਰਿਆਂ ਵਿੱਚ ਲੁਕੇ ਰਹੇ ਤੇ ਦੰਗਾਕਾਰੀ ਉਨ੍ਹਾਂ ਤੱਕ ਪਹੁੰਚ ਨਾ ਸਕੇ। ਇਨ੍ਹਾਂ ਸਭ ਨੂੰ ਨੇੜਲੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਬੱਸਾਂ ਰਾਹੀਂ ਉਨ੍ਹਾਂ ਦੇ ਪਿੰਡਾਂ ਤੱਕ ਪੁਚਾਉਣ ਦਾ ਉਪਰਾਲਾ ਕੀਤਾ ਸੀ। ਇਹੋ ਜਿਹਾ ਹਿੰਦੋਸਤਾਨ ਹੀ ਚਾਹੁੰਦਾ ਸੀ ਇਮਾਮ ਹਾਫਿਜ਼ ਸਾਦ।
-ਚੰਦ ਫਤਿਹਪੁਰੀ

Related Articles

LEAVE A REPLY

Please enter your comment!
Please enter your name here

Latest Articles