ਚੰਡੀਗੜ੍ਹ (ਗੁਰਜੀਤ ਬਿੱਲਾ)-ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪਾਰਟੀ (ਆਪ) ਨੂੰ ਦਫਤਰ ਲਈ ਜ਼ਮੀਨ ਅਲਾਟ ਨਾ ਕਰਨ ‘ਤੇ ਨਰਾਜ਼ਗੀ ਜ਼ਾਹਰ ਕੀਤੀ ਹੈ | ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਪੰਜਾਬ ਦੇ ਰਾਜਪਾਲ (ਜੋ ਕਿ ਯੂ ਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਹਨ) ‘ਤੇ ਜਾਣਬੁੱਝ ਕੇ ਆਮ ਆਦਮੀ ਪਾਰਟੀ ਨੂੰ ਜ਼ਮੀਨ ਅਲਾਟ ਨਾ ਕਰਨ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਰਾਜਪਾਲ ਸ਼ਰਾਰਤੀ ਢੰਗ ਨਾਲ ਕੰਮ ਕਰ ਰਹੇ ਹਨ | ਸ਼ੁੱਕਰਵਾਰ ਨੂੰ ਚੰਡੀਗੜ੍ਹ ਪਾਰਟੀ ਹੈੱਡਕੁਆਰਟਰ ਵਿਖੇ ਮੀਡੀਆ ਨੂੰ ਸੰਬੋਧਨ ਕਰਦਿਆਂ ਕੰਗ ਨੇ ਕਿਹਾ ਕਿ ਕੌਮੀ ਪਾਰਟੀ ਅਤੇ ਸੂਬੇ ਦੀ ਸੱਤਾਧਾਰੀ ਪਾਰਟੀ ਹੋਣ ਦੇ ਬਾਵਜੂਦ ਰਾਜਪਾਲ ਚੰਡੀਗੜ੍ਹ ‘ਚ ਆਮ ਆਦਮੀ ਪਾਰਟੀ ਨੂੰ ਦਫਤਰ ਦੀ ਥਾਂ ਨਹੀਂ ਦੇ ਰਹੇ | ਕੰਗ ਨੇ ਦੋਸ਼ ਲਾਇਆ ਕਿ ਭਾਜਪਾ ਅਸਲ ‘ਚ ਰਾਜਪਾਲ ਰਾਹੀਂ ਚੰਡੀਗੜ੍ਹ ‘ਤੇ ਪੰਜਾਬ ਦਾ ਅਧਿਕਾਰ ਖਤਮ ਕਰਨ ਦੀ ਸਾਜ਼ਸ਼ ਰਚ ਰਹੀ ਹੈ | ਇਸੇ ਕਰਕੇ ਪੰਜਾਬ ਦੀ ਸੱਤਾਧਾਰੀ ਪਾਰਟੀ ਨੂੰ ਆਪਣਾ ਦਫਤਰ ਖੋਲ੍ਹਣ ਲਈ ਚੰਡੀਗੜ੍ਹ ਵਿੱਚ ਜ਼ਮੀਨ ਨਹੀਂ ਦਿੱਤੀ ਜਾ ਰਹੀ | ਉਨ੍ਹਾ ਕਿਹਾ ਕਿ ‘ਆਪ’ ਪੰਜਾਬ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਤਿੰਨ ਵਾਰ ਪੱਤਰ ਲਿਖਿਆ ਹੈ | ਇਸ ਤੋਂ ਇਲਾਵਾ ਪਾਰਟੀ ਦੇ ਪੰਜਾਬ ਸਕੱਤਰ ਤੇ ਜਨਰਲ ਸਕੱਤਰ ਨੇ ਵੀ ਚੰਡੀਗੜ੍ਹ ਪ੍ਰਸ਼ਾਸਨ ਤੇ ਰਾਜਪਾਲ ਨੂੰ ਪੱਤਰ ਲਿਖਿਆ ਸੀ ਪਰ ਇਸ ਮਾਮਲੇ ਨੂੰ ਜਾਣਬੁੱਝ ਕੇ ਟਾਲਿਆ ਜਾ ਰਿਹਾ ਹੈ | ਕੰਗ ਨੇ ਸਵਾਲ ਉਠਾਇਆ ਕਿ ਚੰਡੀਗੜ੍ਹ ‘ਚ ਭਾਜਪਾ ਅਤੇ ਕਾਂਗਰਸ ਦੇ ਦੋ-ਦੋ ਦਫਤਰ ਹਨ, ਜਦਕਿ ਪੰਜਾਬ ‘ਚ ਭਾਜਪਾ ਦੇ ਸਿਰਫ ਦੋ ਵਿਧਾਇਕ ਹਨ | ਅਕਾਲੀ ਦਲ ਦਾ ਵੀ ਆਪਣਾ ਦਫਤਰ ਹੈ | ਫਿਰ ਆਮ ਆਦਮੀ ਪਾਰਟੀ ਨੂੰ ਦਫਤਰ ਲਈ ਜ਼ਮੀਨ ਕਿਉਂ ਨਹੀਂ ਦਿੱਤੀ ਜਾ ਰਹੀ? ਉਨ੍ਹਾ ਕਿਹਾ ਕਿ ਚੰਡੀਗੜ੍ਹ ‘ਚ ਦਫਤਰ ਲਈ ਜ਼ਮੀਨ ਅਲਾਟ ਕਰਵਾਉਣ ਲਈ ਆਮ ਆਦਮੀ ਪਾਰਟੀ ਕੋਲ ਸਾਰੀਆਂ ਯੋਗਤਾਵਾਂ ਹਨ | ਪੰਜਾਬ ਅਤੇ ਦਿੱਲੀ ‘ਚ ਪਾਰਟੀ ਦੀ ਸਰਕਾਰ ਹੈ | ਗੁਜਰਾਤ ਅਤੇ ਗੋਆ ‘ਚ ਪਾਰਟੀ ਦੇ ਵਿਧਾਇਕ ਹਨ | ਲੋਕ ਸਭਾ ‘ਚ ਇੱਕ ਅਤੇ ਰਾਜ ਸਭਾ ‘ਚ 10 ਸੰਸਦ ਮੈਂਬਰ ਹਨ | ਚੰਡੀਗੜ੍ਹ ਨਗਰ ਨਿਗਮ ਵਿੱਚ ਵੀ ਆਮ ਆਦਮੀ ਪਾਰਟੀ ਦੇ ਸਭ ਤੋਂ ਵੱਧ 14 ਕੌਂਸਲਰ ਹਨ | ਫਿਰ ਚੰਡੀਗੜ੍ਹ ਪ੍ਰਸ਼ਾਸਨ ਕਿਸ ਹੈਸੀਅਤ ‘ਚ ਆਮ ਆਦਮੀ ਪਾਰਟੀ ਨੂੰ ਦਫਤਰ ਦੀ ਜ਼ਮੀਨ ਦੇਣ ਤੋਂ ਇਨਕਾਰ ਕਰ ਰਿਹਾ ਹੈ? ਕੰਗ ਨੇ ਰਾਜਪਾਲ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਸ ਸੰਬੰਧੀ ਜਲਦੀ ਤੋਂ ਜਲਦੀ ਕੋਈ ਫੈਸਲਾ ਲੈ ਕੇ ਆਮ ਆਦਮੀ ਪਾਰਟੀ ਨੂੰ ਚੰਡੀਗੜ੍ਹ ‘ਚ ਦਫਤਰ ਲਈ ਜ਼ਮੀਨ ਅਲਾਟ ਨਾ ਕੀਤੀ ਗਈ ਤਾਂ ਆਮ ਆਦਮੀ ਪਾਰਟੀ ਆਪਣਾ ਦਫਤਰ ਰਾਜ ਭਵਨ ਦੇ ਬਾਹਰ ਚਲਾ ਕੇ ਰੋਸ ਪ੍ਰਦਰਸ਼ਨ ਕਰੇਗੀ |





