ਹਿਮਾਚਲ ’ਚ ਭਾਰੀ ਜਾਨੀ ਤੇ ਪੰਜਾਬ ’ਚ ਮਾਲੀ ਹਾਨੀ

0
209

ਸ਼ਿਮਲਾ : ਬੁੱੱਧਵਾਰ ਸ਼ਿਮਲਾ ਦੇ ਸਮਰ ਹਿੱਲ ਨੇੜੇ ਢਹਿ-ਢੇਰੀ ਸ਼ਿਵ ਮੰਦਰ ਦੇ ਮਲਬੇ ’ਚੋਂ ਔਰਤ ਦੀ ਲਾਸ਼ ਕੱਢਣ ਨਾਲ ਰਾਜ ’ਚ ਮੀਂਹ ਦੇ ਕਹਿਰ ’ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 60 ਹੋ ਗਈ। ਰਾਜ ’ਚ 19 ਅਗਸਤ ਤੱਕ ਭਾਰੀ ਬਾਰਸ਼ ਦੀ ਚਿਤਾਵਨੀ ਦਿੱਤੀ ਗਈ ਹੈ। ਹਿਮਾਚਲ ’ਚ ਹੋ ਰਹੀ ਬਰਸਾਤ ਕਾਰਨ ਭਾਖੜਾ ਡੈਮ ’ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਦੇ ਨੇੜੇ ਢੁਕਣ ’ਤੇ ਡੈਮ ਦੇ ਫਲੱਡ ਗੇਟ ਖੋਲ੍ਹਣ ਨਾਲ ਰੂਪਨਗਰ ਜ਼ਿਲ੍ਹੇ ਦੇ ਪਿੰਡਾਂ ਅੰਦਰ ਦਹਿਸ਼ਤ ਫੈਲ ਗਈ ਹੈ ਤੇ ਭਾਜੜਾਂ ਪੈ ਗਈਆਂ ਹਨ। ਸਤਲੁਜ ਦਰਿਆ ਦਾ ਪਾਣੀ ਰੂਪਨਗਰ ਜ਼ਿਲ੍ਹੇ ਦੇ ਪਿੰਡਾਂ ਹਰਸ਼ਾ ਬੇਲਾ, ਚੰਦਪੁਰ, ਗੱਜਪੁਰ, ਹਰੀਵਾਲ, ਮਹਿੰਦਲੀ ਕਲਾਂ, ਬੇਲਾ ਧਿਆਨੀ, ਭਲਾਣ, ਪੱਤੀ ਦੁਲਚੀ ’ਚ ਦਾਖਲ ਹੋ ਗਿਆ ਹੈ। ਸਤਲੁਜ ਦਰਿਆ ਦੇ ਨਾਲ ਲਗਦੇ ਹੋਰ ਬਹੁਤ ਸਾਰੇ ਪਿੰਡਾਂ ਦੇ ਖੇਤਾਂ ’ਚ ਪਾਣੀ ਦਾਖਲ ਹੋ ਗਿਆ, ਜਿਸ ਨਾਲ ਲੋਕਾਂ ਦੀਆਂ ਫਸਲਾਂ ਤੇ ਹਰਾ ਚਾਰਾ ਨੁਕਸਾਨੇ ਗਏ ਹਨ। ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਲੋਕਾਂ ਨੂੰ ਆਪਣੇ ਪਿੰਡਾਂ ’ਚ ਪਾਣੀ ਦਾਖਲ ਹੋਣ ਦਾ ਖਤਰਾ ਪੈਦਾ ਹੋ ਰਿਹਾ ਹੈ।
ਮੁਕੇਰੀਆਂ ਦੀ ਰਿਪੋਰਟ ਹੈ ਕਿ ਪੌਂਗ ਡੈਮ ਤੋਂ ਛੱਡੇ ਜਾ ਰਹੇ ਪਾਣੀ ਕਾਰਨ ਬਿਆਸ ਦਰਿਆ ਨਾਲ ਲੱਗਦੇ ਨੌਸ਼ਹਿਰਾ ਪੱਤਣ, ਮਹਿਤਾਬਪੁਰ, ਮੋਤਲਾ, ਹਲੇੜ ਜਨਾਰਦਨ, ਚੱਕ ਭਾਈਆਂ, ਬੇਲਾ ਸਟਿਆਣਾ, ਧਨੋਆ, ਚੱਕਵਾਲ ਸਮੇਤ ਦਰਜਨਾਂ ਪਿੰਡਾਂ ਦੇ ਹਾਲਾਤ ਭਿਆਨਕ ਬਣ ਗਏ ਹਨ। ਤਾਜ਼ਾ ਹਾਲਾਤ ਅਨੁਸਾਰ ਪਿੰਡ ਮਹਿਤਾਬਪੁਰ, ਹਲੇੜ ਜਨਾਰਦਨ, ਬੇਲਾ ਸਰਿਆਣਾ ਸਮੇਤ ਕੁਝ ਪਿੰਡ ਖਾਲੀ ਕਰਵਾਏ ਜਾ ਰਹੇ ਹਨ।
ਪੌਂਗ ਡੈਮ ਤੋਂ ਪਾਣੀ ਛੱਡਣ ਕਾਰਨ ਦਰਿਆ ਬਿਆਸ ’ਚ ਹੜ੍ਹ ਆ ਗਿਆ ਹੈ। ਕਈ ਥਾਵਾਂ ਤੋਂ ਧੁੱਸੀ ਬੰਨ੍ਹ ਟੁੱਟ ਗਿਆ ਅਤੇ ਕਈ ਹੋਰ ਥਾਵਾਂ ਉੱਤੇ ਟੁੱਟਣ ਦੇ ਆਸਾਰ ਹਨ। ਕਾਹਨੂੰਵਾਨ ਬੇਟ ਇਲਾਕੇ ’ਚ ਦਰਿਆ ਨਾਲ ਲਗਦੇ ਪਿੰਡਾਂ ’ਚ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ, ਕਿਉਂਕਿ ਕਈ ਥਾਵਾਂ ਤੋਂ ਸੇਮ ਨਾਲੇ ਦਰਿਆ ਬਿਆਸ ’ਚ ਡਿੱਗਦੇ ਹਨ।
ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਸਕੱਤਰ ਸਤੀਸ਼ ਸਿੰਗਲਾ ਨੇ ਦੱਸਿਆ ਕਿ ਭਾਖੜਾ ਡੈਮ ਵਿੱਚੋਂ ਪਾਣੀ ਦਾ ਵਧਿਆ ਪੱਧਰ ਘੱਟ ਕਰਨ ਲਈ ਯੋਜਨਾਬੱਧ ਤਰੀਕੇ ਤੇ ਪੰਜਾਬ ਦੇ ਇੰਜੀਨੀਅਰਾਂ ਦੀ ਮਦਦ ਨਾਲ ਪਾਣੀ ਛੱਡਿਆ ਜਾ ਰਿਹਾ ਹੈ। ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਅਗਲੇ ਚਾਰ ਪੰਜ ਦਿਨਾਂ ’ਚ ਪੰਜਾਬ ਅੰਦਰ ਮੀਹ ਪੈਣ ਦੇ ਆਸਾਰ ਨਹੀਂ, ਜਿਸ ਕਰਕੇ ਭਾਖੜਾ ਡੈਮ ’ਚ ਪਾਣੀ ਦਾ ਪੱਧਰ ਘੱਟ ਕਰਨ ਲਈ ਇਹ ਸਮਾਂ ਬਿਲਕੁਲ ਢੁਕਵਾਂ ਹੈ।

LEAVE A REPLY

Please enter your comment!
Please enter your name here