ਚੰਡੀਗੜ੍ਹ : ਪੰਜਾਬ ਦੇ ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਰੂਪਨਗਰ ਜ਼ਿਲ੍ਹਿਆਂ ਦੇ ਹੜ੍ਹ ਪ੍ਰਭਾਵਤ ਖੇਤਰਾਂ ਵਿੱਚ ਬਚਾਅ ਕਾਰਜਾਂ ਲਈ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ, ਫੌਜ ਅਤੇ ਬੀ ਐੱਸ ਐੱਫ ਦੀਆਂ ਕਈ ਟੀਮਾਂ ਨੂੰ ਲਗਾਇਆ ਗਿਆ ਹੈ। ਭਾਖੜਾ ਅਤੇ ਪੌਂਗ ਡੈਮਾਂ ਤੋਂ ਵਾਧੂ ਪਾਣੀ ਛੱਡਣ ਤੋਂ ਬਾਅਦ ਇਨ੍ਹਾਂ ਤਿੰਨਾਂ ਜ਼ਿਲ੍ਹਿਆਂ ਦੇ ਵੱਡੇ ਹਿੱਸੇ ’ਚ ਪਾਣੀ ਭਰ ਗਿਆ ਹੈ। ਬੁੱਧਵਾਰ ਨੂੰ 45 ਦੇ ਮੁਕਾਬਲੇ ਵੀਰਵਾਰ ਪੰਜਾਬ ਦੇ 114 ਪਿੰਡਾਂ ’ਚ ਹੜ੍ਹ ਆ ਗਿਆ। ਅਧਿਕਾਰੀਆਂ ਨੂੰ ਡਰ ਹੈ ਕਿ ਆਉਣ ਵਾਲਾ ਦਿਨ ਹੋਰ ਖਤਰਨਾਕ ਹੋ ਸਕਦਾ ਹੈ ਹਿਮਾਚਲ ’ਚ ਭਾਰੀ ਮੀਂਹ ਦੀ ਸੰਭਾਵਨਾ ਹੈ। ਡੈਮਾਂ ਤੋਂ ਪਾਣੀ ਛੱਡਣ ਨਾਲ ਬਿਆਸ ਅਤੇ ਸਤਲੁਜ ਦਰਿਆਵਾਂ ’ਚ ਪਾਣੀ ਦਾ ਪੱਧਰ ਵਧ ਗਿਆ ਹੈ। ਗੁਰਦਾਸਪੁਰ ਜ਼ਿਲ੍ਹਾ ਪ੍ਰਸ਼ਾਸਨ ਨੇ ਹੜ੍ਹ ਪ੍ਰਭਾਵਤ ਪਿੰਡਾਂ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ’ਚ ਅਗਲੇ ਹੁਕਮਾਂ ਤੱਕ ਛੁੱਟੀ ਦਾ ਐਲਾਨ ਕੀਤਾ ਹੈ।
ਪੌਂਗ ਡੈਮ ਨੱਕੋ-ਨੱਕ ਭਰ ਗਿਆ ਹੈ। ਡੈਮ ਦੀ ਮਹਾਰਾਣਾ ਪ੍ਰਤਾਪ ਸਾਗਰ ਝੀਲ ’ਚ ਪਾਣੀ ਦੀ ਆਮਦ ਅਚਾਨਕ ਵਧ ਗਈ ਹੈ। ਡੈਮ ’ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਟੱਪ ਗਿਆ ਹੈ।
ਬੀ ਬੀ ਐੱਮ ਬੀ ਚੀਫ਼ ਇੰਜੀਨੀਅਰ ਏ ਕੇ ਸਿਡਾਨਾ ਨੇ ਦੱਸਿਆ ਸ਼ਾਮ ਪੰਜ ਵਜੇ ਪੌਂਗ ਡੈਮ ’ਚ ਪਾਣੀ ਦਾ ਪੱਧਰ 1397.57 ਫੁੱਟ ਦਰਜ ਕੀਤਾ ਗਿਆ ਹੈ, ਜੋ ਕਿ ਖਤਰੇ ਦੇ ਨਿਸ਼ਾਨ 1395 ਤੋਂ ਮਹਿਜ਼ 2.57 ਫੁੱਟ ਵੱਧ ਹੈ। ਝੀਲ ’ਚ ਪਾਣੀ ਦੀ ਆਮਦ 55367 ਕਿਊਸਿਕ ਹੈ, ਜਦਕਿ ਫਲੱਡ ਗੇਟਾਂ ਅਤੇ ਟਰਬਾਈਨ ਰਾਹੀਂ 138223 ਕਿਊਸਕ ਪਾਣੀ ਸ਼ਾਹ ਨਹਿਰ ਬੈਰਾਜ ’ਚ ਛੱਡਿਆ ਜਾ ਰਿਹਾ ਹੈ।
ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ ਏਨਾ ਵਧ ਗਿਆ ਹੈ ਕਿ ਢਿਲਵਾਂ ਧੁੱਸੀ ਬੰਨ੍ਹ ਖਤਰੇ ’ਚ ਹੈ। ਢਿਲਵਾਂ, ਧਾਲੀਵਾਲ ਬੇਟ ਇਲਾਕੇ ’ਚ ਦਰਿਆ ਨਾਲ ਲਗਦੇ ਖੇਤਾਂ ’ਚ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ। ਬਿਆਸ ਦਰਿਆ ਦਾ ਪੀਲਾ ਨਿਸ਼ਾਨ 740 ਹੈ ਅਤੇ ਖਤਰੇ ਦਾ ਲਾਲ ਨਿਸ਼ਾਨ 744 ਹੈ। ਬਿਆਸ ਪੁਲ ’ਤੇ ਗੇਜ 744 ਪੁੱਜਣ ਕਾਰਨ ਪਾਣੀ ਦਾ ਪੱਧਰ 188000 ਕਿਊੁਸਿਕ ਚੱਲ ਰਿਹਾ ਹੈ, ਜਿਸ ਕਾਰਨ ਨੇੜਲੇ ਪਿੰਡਾਂ ਦੇ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ। ਪਾਣੀ ਦਾ ਹੋਰ ਪੱਧਰ ਵਧਣ ਕਾਰਨ ਭਾਰੀ ਤਬਾਹੀ ਹੋਣ ਦਾ ਖਤਰਾ ਹੈ। ਲੋਹੀਆਂ ਇਲਾਕੇ ’ਚ ਲੋਕਾਂ ਨੇ ਇੱਕ ਵਾਰ ਫਿਰ ਆਪਣਾ ਸਾਮਾਨ ਸੁਰੱਖਿਅਤ ਥਾਵਾਂ ’ਤੇ ਭੇਜਣਾ ਸ਼ੁਰੂ ਕਰ ਦਿੱਤਾ ਹੈ। ਗੱਟਾ ਮੰਡੀ ਕਾਸੂ, ਧੱਕਾ ਬਸਤੀ, ਦਾਨੇਵਾਲ, ਟੇਂਡੀਵਾਲ, ਚੱਕ ਵਡਾਲਾ ਸਮੇਤ ਦਰਜਨਾਂ ਪਿੰਡਾਂ ਦੇ ਲੋਕ ਸਾਰਾ ਦਿਨ ਘਰਾਂ ਦਾ ਸਮਾਨ ਆਪਣੇ ਸਕੇ-ਸੰਬੰਧੀਆਂ ਕੋਲ ਪਹੁੰਚਾਉਣ ’ਚ ਲੱਗੇ ਰਹੇ। ਸਤਲੁਜ ਦਰਿਆ ਦੀ ਨੋਚ ’ਤੇ ਆਪਣੇ ਘਰ ਬਣਾਉਣ ਵਾਲੇ ਧੱਕਾ ਬਸਤੀ ਦੇ ਲੋਕਾਂ ਨਾਲ ਸੱਚਮੁੱਚ ਹੀ ਬੜਾ ਧੱਕਾ ਹੋਇਆ ਹੈ। ਬਸਤੀ ਦੇ ਲਗਭਗ 85 ਘਰਾਂ ਵਿੱਚੋਂ 26 ਘਰਾਂ ਦਾ ਨਾਮੋ-ਨਿਸ਼ਾਨ ਮਿਟ ਚੁੱਕਾ ਹੈ। ਜਿਹੜੇ ਘਰ ਬਚੇ ਵੀ ਹਨ, ਉਨ੍ਹਾਂ ’ਚ ਪਾਣੀ ਖੜ੍ਹਾ ਹੋਣ ਕਾਰਨ ਮਕਾਨਾਂ ਵਿੱਚ ਤਰੇੜਾਂ ਆ ਗਈਆਂ ਹਨ। ਲੋਕਾਂ ਨੂੰ ਡਰ ਹੈ ਕਿ ਕਿਧਰੇ ਤਿੱਖੀ ਧੁੱਪ ਪੈਣ ਨਾਲ ਉਨ੍ਹਾਂ ਦੇ ਘਰ ਤਿੜਕ ਹੀ ਨਾ ਜਾਣ। ਇਨ੍ਹਾਂ ਘਰਾਂ ਵਿੱਚ ਰਹਿੰਦੇ 18 ਘਰਾਂ ਨੇ ਵੀਰਵਾਰ ਕਿਸ਼ਤੀਆਂ ਰਾਹੀਂ ਆਪਣਾ ਸਮਾਨ ਪਾਣੀ ਵਿੱਚੋਂ ਬਾਹਰ ਕੱਢਿਆ। ਆਪਣਾ ਸਾਮਾਨ ਲੈ ਕੇ ਪਰਤੇ 32 ਸਾਲਾ ਰਾਜੇਸ਼ ਕੋਲੋਂ ਬੋਲਿਆ ਨਹੀਂ ਸੀ ਜਾ ਰਿਹਾ। ਰੋਂਦਿਆਂ ਉਸ ਨੇ ਦੱਸਿਆ ਕਿ ਚਾਰ ਭਰਾਵਾਂ ਨੇ ਬੜੀਆਂ ਮੁਸ਼ਕਲਾਂ ਨਾਲ ਘਰ ਬਣਾਇਆ ਸੀ।





