ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਤੋਂ ਆਪਣੇ ਭਾਸ਼ਣ ਵਿੱਚ ਤਿੰਨ ਬੁਰਾਈਆਂ ਵਿਰੁੱਧ ਲੜਨ ਦਾ ਸੱਦਾ ਦਿੱਤਾ ਸੀ। ਇਹ ਸਨ: ਭਿ੍ਰਸ਼ਟਾਚਾਰ, ਪਰਵਾਰਵਾਦ ਤੇ ਤੁਸ਼ਟੀਕਰਨ। ਆਪਣੇ ਸਵਾ ਨੌਂ ਸਾਲ ਦੇ ਰਾਜ ਦੌਰਾਨ ਭਿ੍ਰਸ਼ਟਾਚਾਰ ਵਿਰੁੱਧ ਮੋਦੀ ਨੇ ਕਿਹੋ ਜਿਹੀ ਲੜਾਈ ਲੜੀ, ਉਹ ਕੈਗ ਦੀ ਹਾਲੀਆ ਰਿਪੋਰਟ ਤੋਂ ਸਾਹਮਣੇ ਆ ਰਹੀ ਹੈ। ਬੁਢਾਪਾ ਪੈਨਸ਼ਨਾਂ ਵਿੱਚ ਘੁਟਾਲਾ, ਆਯੂਸ਼ਮਾਨ ਭਾਰਤ ਯੋਜਨਾ ਘੁਟਾਲਾ ਤੇ ਇੱਕ ਕਿਲੋਮੀਟਰ ਹਾਈਵੇਅ ਬਣਾਉਣ ਉੱਤੇ 250 ਸੌ ਕਰੋੜ ਖਰਚੇ ਜਾਣ ਦਾ ਘੁਟਾਲਾ ਯਾਨੀ ਕੈਗ ਰਿਪੋਰਟ ਦਾ ਹਰ ਪੰਨਾ ਇੱਕ ਨਵੇਂ ਘੁਟਾਲੇ ਦਾ ਪਰਦਾਫਾਸ਼ ਕਰ ਰਿਹਾ ਹੈ। ਇਨ੍ਹਾਂ ਸਭ ਗੱਲਾਂ ਨੂੰ ਪਿੱਛੇ ਛੱਡਦਿਆਂ ਅਸੀਂ ਮੋਦੀ ਦੇ ਤੁਸ਼ਟੀਕਰਨ ਦੀ ਚੀਰ-ਫਾੜ ਕਰਾਂਗੇ।
ਤੁਸ਼ਟੀਕਰਨ ਤੁਸ਼ਟ ਯਾਨੀ ਸੰਤੁਸ਼ਟ ਵਿੱਚੋਂ ਨਿਕਲਿਆ ਸ਼ਬਦ ਹੈ। ਰਾਜਨੀਤੀ ਵਿੱਚ ਇਹ ਸ਼ਬਦ ਕਿਸੇ ਖਾਸ ਵਰਗ ਲਈ ਵਾਧੂ ਰਿਆਇਤਾਂ ਦੇ ਕੇ ਉਸ ਨੂੰ ਖੁਸ਼ ਰੱਖਣ ਲਈ ਵਰਤਿਆ ਜਾਂਦਾ ਹੈ। ਭਾਜਪਾ ਹਮੇਸ਼ਾ ਦੋਸ਼ ਲਾਉਂਦੀ ਰਹੀ ਹੈ ਕਿ ਕਾਂਗਰਸ ਮੁਸਲਮਾਨਾਂ ਪ੍ਰਤੀ ਤੁਸ਼ਟੀਕਰਨ ਦੀ ਨੀਤੀ ਅਪਣਾ ਕੇ ਰੱਖਦੀ ਹੈ। ਇੰਜ ਕਰਕੇ ਉਹ ਕਾਂਗਰਸ ਨੂੰ ਮੁਸਲਮਾਨਪ੍ਰਸਤ ਸਾਬਤ ਕਰਕੇ ਹਿੰਦੂ ਵੋਟਾਂ ਨੂੰ ਆਪਣੇ ਦੁਆਲੇ ਗੋਲਬੰਦ ਕਰਦੀ ਹੈ। ਉਸ ਦੀ ਇਹ ਨੀਤੀ ਸਫ਼ਲ ਵੀ ਰਹੀ ਹੈ, ਪ੍ਰੰਤੂ ਪਿਛਲੇ ਲੱਗਭੱਗ ਦਸ ਸਾਲ ਤੋਂ ਕੇਂਦਰ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਹੈ, ਸਵਾਲ ਪੈਦਾ ਹੁੰਦਾ ਹੈ ਕਿ ਫਿਰ ਅੱਜ ਤੁਸ਼ਟੀਕਰਨ ਕਿਸ ਨਾਲ ਕੌਣ ਕਰ ਰਿਹਾ ਹੈ।
ਅਸਲੀਅਤ ਹੈ ਕਿ ਪਿਛਲੇ ਦਸਾਂ ਸਾਲਾਂ ਦੌਰਾਨ ਦੇਸ਼ ਵਿੱਚ ਮੁਸਲਮਾਨਾਂ ਤੇ ਹੋਰ ਘੱਟਗਿਣਤੀਆਂ ਦੀ ਜੋ ਦੁਰਦਸ਼ਾ ਹੋਈ ਹੈ, ਉਸ ਨੇ ਉਨ੍ਹਾਂ ਨੂੰ ਇਤਿਹਾਸ ਦੇ ਸਭ ਤੋਂ ਬੁਰੇ ਦੌਰ ਦੇ ਦਰਸ਼ਨ ਕਰਾਏ ਹਨ। ਮੁਸਲਮਾਨ ਔਰਤਾਂ ਨਾਲ ਬਲਾਤਕਾਰ ਕਰਨ ਵਾਲੇ ਬਲਾਤਕਾਰੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਤੇ ਫਿਰ ਉਨ੍ਹਾਂ ਦਾ ਜਨਤਕ ਸਨਮਾਨ ਕਰਕੇ ਕਿਸ ਦਾ ਤੁਸ਼ਟੀਕਰਨ ਕੀਤਾ ਗਿਆ ਸੀ। ਅਖੌਤੀ ਗਊ ਰਾਖਿਆਂ ਵੱਲੋਂ ਮੁਸਲਮਾਨਾਂ ਦੀਆਂ ਭੀੜਤੰਤਰੀ ਹੱਤਿਆਵਾਂ ਕਰਨ ਵਾਲਿਆਂ ਨੂੰ ਨੌਕਰੀਆਂ ਨਾਲ ਨਿਵਾਜਣਾ ਕੀ ਤੁਸ਼ਟੀਕਰਨ ਨਹੀਂ ਹੈ।
ਦੂਰ ਦੀ ਗੱਲ ਨਾ ਕਰੀਏ, ਪਿਛਲੀ 16 ਫ਼ਰਵਰੀ ਨੂੰ ਹਰਿਆਣਾ ਪੁਲਸ ਨੂੰ ਸੜੀ ਹੋਈ ਬਲੈਰੋ ਵਿੱਚੋਂ ਰਾਜਸਥਾਨ ਦੇ ਨਾਸਿਰ ਤੇ ਜੂਨੈਦ ਦੇ ਪਿੰਜਰ ਮਿਲੇ ਸਨ। ਇਨ੍ਹਾਂ ਦੋਵਾਂ ਨੂੰ ਇੱਕ ਦਿਨ ਪਹਿਲਾਂ ਗਊ ਰਾਖਿਆਂ ਵੱਲੋਂ ਅਗਵਾ ਕੀਤਾ ਗਿਆ ਸੀ। ਹੁਣ ਤਾਂ ਇਹ ਵੀ ਸਪੱਸ਼ਟ ਹੋ ਗਿਆ ਕਿ ਬਲੈਰੋ ਗੱਡੀ ਵੀ ਪੁਲਸ ਦੀ ਸੀ। ਦੋਹਾਂ ਨੂੰ ਬੇਰਹਿਮੀ ਨਾਲ ਕੁੱਟਣ ਤੋਂ ਬਾਅਦ ਉਹ ਫਿਰੋਜ਼ਪੁਰ ਝਿਰਕਾ ਥਾਣੇ ਲੈ ਗਏ, ਪਰ ਪੁਲਸ ਨੇ ਜ਼ਖ਼ਮੀਆਂ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ। ਉਸ ਉਪਰੰਤ ਦੋਸ਼ੀ 16 ਘੰਟੇ ਹਰਿਆਣੇ ਵਿੱਚ ਘੁੰਮਦੇ ਰਹੇ ਤੇ ਬਾਅਦ ਵਿੱਚ ਦੋਹਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਸ ਕਾਂਡ ਵਿੱਚ 30 ਵਿੱਚੋਂ ਸਿਰਫ਼ ਤਿੰਨ ਗਿ੍ਰਫ਼ਤਾਰ ਹੋਏ ਹਨ। ਮੁੱਖ ਦੋਸ਼ੀ ਮੋਨੂ ਮਾਨੇਸਰ ਖੁੱਲ੍ਹੇਆਮ ਹਰਿਆਣੇ ਵਿੱਚ ਵਿਚਰ ਰਿਹਾ ਹੈ।
ਹਰਿਆਣੇ ਵਿੱਚ ਗਊ ਰੱਖਿਆ ਸੰਬੰਧੀ ਨਵੇਂ ਸਖ਼ਤ ਕਾਨੂੰਨ ਰਾਹੀਂ ਹਰ ਜ਼ਿਲ੍ਹੇ ਵਿੱਚ ਨਾਗਰਿਕ ਟਾਸਕ ਫੋਰਸਾਂ ਬਣਾਈਆਂ ਗਈਆਂ ਹਨ। ਇਨ੍ਹਾਂ ਵਿੱਚ 11 ਮੈਂਬਰੀ ਕਮੇਟੀਆਂ ਵਿੱਚ 5-5 ਮੈਂਬਰ ਬਜਰੰਗ ਦਲ ਵਰਗੇ ਹਿੰਦੂ ਸੰਗਠਨਾਂ ਵਿੱਚੋਂ ਲਏ ਗਏ ਹਨ। ਇਹ ਟਾਸਕ ਫੋਰਸਾਂ ਪੁਲਸ ਦਾ ਹੀ ਇੱਕ ਹਿੱਸਾ ਬਣ ਚੁੱਕੀਆਂ ਹਨ। ਮੋਨੂ ਮਾਨੇਸਰ ਵੀ ਅਜਿਹੀ ਹੀ ਟਾਸਕ ਫੋਰਸ ਨਾਲ ਜੁੜਿਆ ਹੋਇਆ ਸੀ। ਇਸੇ ਲਈ ਹਰਿਆਣਾ ਪੁਲਸ ਆਪਣੇ ਬੰਦਿਆਂ ਨੂੰ ਬਚਾਉਣ ਲਈ ਰਾਜਸਥਾਨ ਪੁਲਸ ਨਾਲ ਸਹਿਯੋਗ ਨਹੀਂ ਕਰ ਰਹੀ। ਅਸਲ ਵਿੱਚ ਇਨ੍ਹਾਂ ਟਾਸਕ ਫੋਰਸਾਂ ਰਾਹੀਂ ਗੁੰਡਿਆਂ ਤੇ ਅਪਰਾਧੀਆਂ ਨੂੰ ਕਾਨੂੰਨੀ ਦਰਜਾ ਦਿੱਤਾ ਗਿਆ ਹੈ।
ਆਰ ਐੱਸ ਐੱਸ ਤੇ ਭਾਜਪਾ ਹਮੇਸ਼ਾ ਤੋਂ ਘੱਟਗਿਣਤੀਆਂ ਖਾਸਕਰ ਈਸਾਈਆਂ ਤੇ ਮੁਸਲਮਾਨਾਂ ਨੂੰ ਨਫ਼ਰਤ ਕਰਦੀਆਂ ਆਈਆਂ ਹਨ। ਇਸੇ ਕਾਰਨ ਗਊ ਹੱਤਿਆ ਦੇ ਨਾਂਅ ਉੱਤੇ ਮੁਸਲਮਾਨਾਂ ਦੀਆਂ ਹੱਤਿਆਵਾਂ ਤੇ ਉਨ੍ਹਾਂ ਦੀਆਂ ਔਰਤਾਂ ਨਾਲ ਬਲਾਤਕਾਰ ਨੂੰ ਹਿੰਦੂ ਸੰਗਠਨਾਂ ਨਾਲ ਜੁੜੇ ਵਿਅਕਤੀ ਗਲਤ ਨਹੀਂ ਸਮਝਦੇ। ਉਹ ਜਾਣਦੇ ਹਨ ਕਿ ਅਜਿਹਾ ਕਰਨ ਤੋਂ ਬਾਅਦ ਉਨ੍ਹਾਂ ਦਾ ਮਾਣ ਵਧੇਗਾ।
ਅਸਲ ਵਿੱਚ ਅੱਜ ਤੁਸ਼ਟੀਕਰਨ ਉਨ੍ਹਾਂ ਦਾ ਹੋ ਰਿਹਾ ਹੈ, ਜੋ ਘੱਟਗਿਣਤੀਆਂ ਦਾ ਘਾਣ ਕਰ ਰਹੇ ਹਨ, ਉਨ੍ਹਾਂ ਦੇ ਧਰਮ ਦਾ ਮਜ਼ਾਕ ਉਡਾਉਂਦੇ ਹਨ। ਇਸ ਤੁਸ਼ਟੀਕਰਨ ਦਾ ਹੀ ਨਤੀਜਾ ਹੈ ਕਿ ਰੇਲਵੇ ਪੁਲਸ ਦਾ ਕਰਮਚਾਰੀ ਚੇਤਨ ਸਿੰਘ ਚੁਣ-ਚੁਣ ਕੇ ਮੁਸਲਮਾਨਾਂ ਨੂੰ ਮਾਰ ਦਿੰਦਾ ਹੈ। ਬੁਰਕਾ ਪਹਿਨੀ ਔਰਤ ਤੋਂ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਵਾਉਂਦਾ ਹੈ। ਉਸ ਨੂੰ ਮੋਦੀ ਤੇ ਯੋਗੀ ਉੱਤੇ ਏਨਾ ਭਰੋਸਾ ਹੈ ਕਿ ਲਾਸ਼ ਕੋਲ ਖੜ੍ਹ ਕੇ ਉਨ੍ਹਾਂ ਦੋਵਾਂ ਦਾ ਗੁਣਗਾਨ ਕਰਦਾ ਹੈ। ਅਸਲ ਵਿੱਚ ਮੋਦੀ ਵੱਲੋਂ ਤੁਸ਼ਟੀਕਰਨ ਦਾ ਸਵਾਲ ਖੜ੍ਹਾ ਕਰਨਾ ਇੱਕ ਇਸ਼ਾਰਾ ਹੈ, ਬਹੁਗਿਣਤੀ ਦੇ ਤੁਸ਼ਟੀਕਰਨ ਦਾ। ਪ੍ਰਧਾਨ ਮੰਤਰੀ ਦਾ ਭਾਸ਼ਣ ਇੱਕ ਚੋਣ ਭਾਸ਼ਣ ਸੀ। ਪ੍ਰਧਾਨ ਮੰਤਰੀ ਦਾ ਤੁਸ਼ਟੀਕਰਨ ਦਾ ਇਸ਼ਾਰਾ ਆਉਣ ਵਾਲੇ ਗੰਭੀਰ ਸਮੇਂ ਲਈ ਇੱਕ ਦਸਤਕ ਸੀ। ਇਸ ਤੋਂ ਸਾਫ਼ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਘੱਟਗਿਣਤੀਆਂ ਵਿਰੁੱਧ ਦਮਨ ਚੱਕਰ ਹੋਰ ਚੱਲੇਗਾ।
-ਚੰਦ ਫਤਿਹਪੁਰੀ



