ਜਲੰਧਰ (ਸੁਰਿੰਦਰ ਕੁਮਾਰ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ੁੱਕਰਵਾਰ ਐਲਾਨ ਕੀਤਾ ਕਿ ਜਦੋਂ ਪੰਜਾਬ ‘ਚ ਅਗਲੀ ਸਰਕਾਰ ਅਕਾਲੀ ਦਲ ਦੀ ਬਣੇਗੀ ਤਾਂ ਉਹ ਰਾਜਸਥਾਨ ਨੂੰ ਰਾਵੀ-ਬਿਆਸ ਦਾ 8 ਐਮ ਏ ਐਫ ਯਾਨੀ 50 ਫੀਸਦੀ ਪਾਣੀ ਦੇਣ ਸਮੇਤ ਦਰਿਆਈ ਪਾਣੀਆਂ ਦੀ ਵੰਡ ਬਾਰੇ ਸਾਰੇ ਸਮਝੌਤੇ ਰੱਦ ਕਰੇਗੀ | ਅਕਾਲੀ ਦਲ ਦੇ ਪ੍ਰਧਾਨ ਜ਼ਿਲ੍ਹਾ ਯੋਜਨਾ ਕਮੇਟੀ ਦੇ ਸਾਬਕਾ ਚੇਅਰਮੈਨ ਤੇ ਪਾਰਟੀ ਦੀ ਜਲੰਧਰ ਸ਼ਹਿਰੀ ਇਕਾਈ ਦੇ ਸਾਬਕਾ ਪ੍ਰਧਾਨ ਗੁਰਚਰਨ ਸਿੰਘ ਚੰਨੀ ਨੂੰ ਮੁੜ ਪਾਰਟੀ ‘ਚ ਸ਼ਾਮਲ ਕਰਨ ਮਗਰੋਂ ਮੀਡੀਆ ਨੂੰ ਸੰਬੋਧਨ ਕਰ ਰਹੇ ਸਨ | ਉਨ੍ਹਾ ਕਿਹਾ ਕਿ ਚੰਨੀ ਦੇ ਮੁੜ ਅਕਾਲੀ ਦਲ ‘ਚ ਸ਼ਾਮਲ ਹੋਣ ਨਾਲ ਸ਼ਹਿਰ ਦੇ ਨਾਲ-ਨਾਲ ਦੋਆਬਾ ਖੇਤਰ ‘ਚ ਪਾਰਟੀ ਮਜ਼ਬੂਤ ਹੋਵੇਗੀ |
ਸੁਖਬੀਰ ਬਾਦਲ ਨੇ ਕਿਹਾ ਕਿ ਜਦੋਂ ਹੜ੍ਹ ਆਉਂਦੇ ਹਨ ਤਾਂ ਸਾਡੀਆਂ ਜਾਨਾਂ ਦਾ ਨੁਕਸਾਨ ਹੁੰਦਾ ਹੈ ਤੇ ਸਾਡੀਆਂ ਫਸਲਾਂ ਤੇ ਘਰਾਂ ਦਾ ਨੁਕਸਾਨ ਹੁੰਦਾ ਹੈ | ਜਦੋਂ ਪਾਣੀ ਦੀ ਲੋੜ ਹੁੰਦੀ ਹੈ ਤਾਂ ਪਾਣੀ ਰਾਜਸਥਾਨ ਤੇ ਹਰਿਆਣਾ ਨੂੰ ਦੇ ਦਿੱਤਾ ਜਾਂਦਾ ਹੈ | ਇਹ ਵੱਡਾ ਅਨਿਆਂ ਹੈ ਜੋ ਅਸੀਂ ਬਰਦਾਸ਼ਤ ਨਹੀਂ ਕਰਾਂਗੇ | ਉਨ੍ਹਾ ਕਿਹਾ ਕਿ ਅਗਲੀ ਵਾਰ ਸੂਬੇ ‘ਚ ਅਕਾਲੀ ਦਲ ਦੀ ਸਰਕਾਰ ਬਣਨ ‘ਤੇ ਅਸੀਂ ਪਾਣੀਆਂ ਦੇ ਸਾਰੇ ਸਮਝੌਤੇ ਰੱਦ ਕਰਾਂਗੇ ਅਤੇ ਯਕੀਨੀ ਬਣਾਵਾਂਗੇ ਕਿ ਕਿਸਾਨਾਂ ਨੂੰ ਬੇਸ਼ਕੀਮਤੀ ਪਾਣੀ ਦਾ ਲਾਭ ਮਿਲੇ ਕਿਉਂਕਿ ਹੜ੍ਹਾਂ ਵੇਲੇ ਵੀ ਉਹੀ ਸਭ ਤੋਂ ਵੱਧ ਮਾਰ ਝੱਲਦੇ ਹਨ | ਇਸ ਮੌਕੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ, ਗੁਰਪ੍ਰਤਾਪ ਸਿੰਘ ਵਡਾਲਾ ਤੇ ਡਾ. ਸੁਖਵਿੰਦਰ ਕੁਮਾਰ ਸੁੱਖੀ ਵੀ ਮੌਜੂਦ ਸਨ |





