ਮੁੰਬਈ : ਸ਼ਿਵ ਸੈਨਾ (ਯੂ ਬੀ ਟੀ) ਆਗੂ ਤੇ ਸੰਸਦ ਮੈਂਬਰ ਸੰਜੈ ਰਾਊਤ ਨੇ ਐਤਵਾਰ ਦਾਅਵਾ ਕੀਤਾ ਕਿ ਨੈਸ਼ਨਲਿਸਟ ਕਾਂਗਰਸ ਪਾਰਟੀ ਆਗੂ ਦੇ ਸ਼ਰਦ ਪਵਾਰ ਆਪਣੇ ਭਤੀਜੇ ਅਜੀਤ ਪਵਾਰ ਵਾਂਗ ਭਾਜਪਾ ਨਾਲ ਹੱਥ ਮਿਲਾਉਣ ਦੀ ‘ਗਲਤੀ’ ਨਹੀਂ ਕਰਨਗੇ। ਰਾਊਤ ਨੇ ਸ਼ਿਵ ਸੈਨਾ ਦੇ ਪਰਚੇ ‘ਸਾਮਨਾ’ ਵਿਚ ਆਪਣੇ ਹਫਤਾਵਾਰੀ ਕਾਲਮ ‘ਰੋਕਠੋਕ’ ਵਿਚ ਲਿਖਿਆਅਜੀਤ ਪਵਾਰ ਸੱਚਮੁੱਚ ਵੱਡੇ ਆਗੂ ਬਣ ਸਕਦੇ ਸਨ, ਜੇ ਉਹ ਆਪਣੀ ਖੁਦ ਦੀ ਸਿਆਸੀ ਪਾਰਟੀ ਬਣਾਉਂਦੇ ਤੇ ਚੋਣਾਂ ਲੜਦੇ। ਅਜੀਤ ਪਵਾਰ ਨੇ ਜੇ ਏਕਨਾਥ ਸ਼ਿੰਦੇ ਦੀ ਤਰਜ਼ ’ਤੇ ਭਾਜਪਾ ਦੀ ਮਦਦ ਲਈ ਤਾਂ ਉਨ੍ਹਾ ਦੀ ਸਿਆਸਤ ਰੇਤ ਦੇ ਕਿਲ੍ਹੇ ਵਾਂਗ ਢਹਿ ਜਾਵੇਗੀ। ਸਿਆਸਤ ’ਚ ਕੱਦ ਮਾਇਨੇ ਰੱਖਦਾ ਹੈ, ਰੇਤ ਦੇ ਕਿਲੇ੍ਹ ਨਹੀਂ। ਰਾਊਤ, ਜਿਹੜੇ ‘ਸਾਮਨਾ’ ਦੇ ਕਾਰਜਕਾਰੀ ਸੰਪਾਦਕ, ਨੇ ਕਿਹਾ ਕਿ ਅਜੀਤ ਪਵਾਰ ‘ਚੱਕੀਰਾਹੇ’ ਵਰਗਾ ਹੈ, ਜੋ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਕੁਰਸੀ ’ਚ ‘ਮੋਰੀਆਂ’ ਕਰੇਗਾ। ਉਨ੍ਹਾ ਦਾਅਵਾ ਕੀਤਾ ਕਿ ਉਪ ਮੁੱਖ ਮੰਤਰੀ ਤੇ ਭਾਜਪਾ ਆਗੂ ਦੇਵੇਂਦਰ ਫੜਨਵੀਸ ਯਕੀਨੀ ਤੌਰ ’ਤੇ ਇਸ ਚੱਕੀਰਾਹੇ ਨੂੰ ਬਲ ਬਖਸ਼ਣਗੇ। ਰਾਊਤ ਨੇ ਦਾਅਵਾ ਕੀਤਾਅਜੀਤ ਪਵਾਰ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ ਅਤੇ ਭਾਜਪਾ ਵਿਧਾਇਕ, ਜੋ ਫੜਨਵੀਸ ਦੀ ਹਮਾਇਤ ਕਰਦੇ ਹਨ, ਨੂੰ ਲੱਗਦਾ ਹੈ ਕਿ ਸ਼ਿੰਦੇ ਹੁਣ ਬੋਝ ਬਣਨ ਲੱਗਾ ਹੈ ਤੇ ਪਾਰਟੀ ਨੂੰ ਘਾਟਾ ਪੈ ਰਿਹੈ।




