ਅਰਬ ਦੇਸ਼ਾਂ ’ਚ ਫਸੀਆਂ 4 ਕੁੜੀਆਂ ਸੀਚੇਵਾਲ ਦੇ ਯਤਨਾਂ ਸਦਕਾ ਪਰਤੀਆਂ

0
246

ਸ਼ਾਹਕੋਟ/ਸੁਲਤਾਨਪੁਰ ਲੋਧੀ (ਗਿਆਨ ਸੈਦਪੁਰੀ/ ਬਲਵਿੰਦਰ ਧਾਲੀਵਾਲ/ ਰਾਜਬੀਰ ਸਿੰਘ)
ਅਰਬ ਦੇਸ਼ਾਂ ਵਿੱਚ ਪੰਜਾਬ ਦੀਆਂ ਲੜਕੀਆਂ ਦੇ ਹੋ ਰਹੇ ਸ਼ੋਸ਼ਣ ਦਾ ਸਿਲਸਿਲਾ ਰੁਕ ਨਹੀ ਰਿਹਾ। ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਅਰਬ ਦੇਸ਼ਾਂ ਵਿੱਚ ਫਸੀਆਂ ਚਾਰ ਲੜਕੀਆਂ ਨੂੰ ਵਾਪਸ ਲਿਆਂਦਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਇੱਕ ਲੜਕੀ ਮਸਕਟ ਵਿੱਚੋਂ ਤੇ ਤਿੰਨ ਲੜਕੀਆਂ ਨੂੰ ਇਰਾਕ ਵਿੱਚੋਂ ਵਾਪਸ ਲਿਆਂਦਾ ਗਿਆ ਹੈ। ਇਹਨਾਂ ਵਿੱਚ ਤਿੰਨ ਲੜਕੀਆਂ ਜ਼ਿਲ੍ਹਾ ਜਲੰਧਰ ਨਾਲ, ਜਦਕਿ ਇੱਕ ਲੜਕੀ ਜ਼ਿਲ੍ਹਾ ਕਪੂਰਥਲਾ ਨਾਲ ਸੰਬੰਧਤ ਹੈ।
ਸੀਚੇਵਾਲ ਨੇ ਦੱਸਿਆ ਕਿ ਟਰੈਵਲ ਏਜੰਟ ਤੇ ਖਾਸ ਕਰਕੇ ਪੀੜਤਾਂ ਦੇ ਰਿਸ਼ਤੇਦਾਰ ਹੀ ਉਹਨਾਂ ਨੂੰ ਫਸਾ ਰਹੇ ਹਨ। ਉਹਨਾ ਕਿਹਾ ਕਿ ਏਜੰਟਾਂ ਵੱਲੋਂ ਗਰੀਬ ਵਰਗ ਦੀਆਂ ਲੜਕੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਕਿਉਂਕਿ ਵਿਦੇਸ਼ਾਂ ਵਿੱਚ ਆਪਣੇ ਕੇਸਾਂ ਦੀ ਪੈਰਵਾਈ ਕਰਨ ਲਈ ਪੈਸੇ ਦੀ ਵੀ ਲੋੜ ਹੁੰਦੀ ਹੈ ਤੇ ਪਹੁੰਚ ਦੀ ਵੀ। ਰਾਜ ਸਭਾ ਮੈਂਬਰ ਨੇ ਇਰਾਕ ਅਤੇ ਮਸਕਟ ਵਿੱਚ ਭਾਰਤੀ ਅੰਬੈਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਤੇਜ਼ੀ ਨਾਲ ਇਹਨਾਂ ਲੜਕੀਆਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਨੂੰ ਵਾਪਸ ਭੇਜਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ, ਜਿਸ ਸਦਕਾ ਇਰਾਕ ਵਿੱਚੋਂ ਕਰੀਬ 20 ਦਿਨਾਂ ਅੰਦਰ ਤੇ ਮਸਕਟ ਓਮਾਨ ਵਿੱਚੋਂ 5 ਦਿਨਾਂ ਅੰਦਰ ਲੜਕੀਆਂ ਵਾਪਸ ਆਈਆਂ ਹਨ।
ਤਿੰਨਾਂ ਲੜਕੀਆਂ ਨੇ ਦੱਸਿਆ ਕਿ ਉਹ ਮਈ, ਜੂਨ ਤੇ ਜੁਲਾਈ ਮਹੀਨੇ ਵਿੱਚ ਇਰਾਕ ਗਈਆਂ ਸਨ। ਵਾਪਸ ਆਈਆਂ ਇਹਨਾਂ ਲੜਕੀਆਂ ਨੇ ਰੌਂਗਟੇ ਖੜ੍ਹੇ ਕਰਨ ਵਾਲੇ ਆਪਣੇ ਦੁਖੜੇ ਦੱਸਦਿਆਂ ਕਿਹਾ ਕਿ ਇਰਾਕ ਪਹੁੰਚਦੇ ਸਾਰ ਹੀ ਉਹਨਾਂ ਦੇ ਸਭ ਤੋਂ ਪਹਿਲਾਂ ਪਾਸਪੋਰਟ ਖੋਹ ਲਏ ਗਏ। ਕਈ-ਕਈ ਦਿਨ ਉਹਨਾਂ ਨੂੰ ਖਾਣਾ ਨਹੀ ਦਿੱਤਾ ਜਾਂਦਾ ਸੀ ਤੇ ਉਹਨਾਂ ਨਾਲ ਕੁੱਟਮਾਰ ਕੀਤੀ ਜਾਂਦੀ ਸੀ। ਲੜਕੀਆਂ ਨੇ ਕਿਹਾ ਕਿ ਆਪਣੇ ਘਰਾਂ ਵਿੱਚੋਂ ਤਾਂ ਉਹ ਆਪਣੇ ਘਰਾਂ ਦੀ ਗਰੀਬੀ ਚੁੱਕਣ ਦੇ ਸੁਪਨੇ ਦੇਖ ਕੇ ਗਈਆਂ ਸਨ, ਪਰ ਉੱਥੇ ਪਹੁੰਚਦਿਆਂ ਹੀ ਉਹਨਾਂ ਦੇ ਸੁਪਨੇ ਚਕਨਾਚੂਰ ਹੋ ਗਏ, ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਟਰੈਵਲ ਏਜੰਟਾਂ ਨੇ ਉਹਨਾਂ ਨੂੰ ਉਧਰ ਵੇਚ ਦਿੱਤਾ ਹੈ। ਲੜਕੀਆਂ ਨੇ ਦੱਸਿਆ ਕਿ ਜਿੱਥੇ ਉਹਨਾਂ ਦੀ ਕੁੱਟਮਾਰ ਕੀਤੀ ਜਾਂਦੀ ਸੀ, ਉੱਥੇ ਉਹਨਾਂ ਨੂੰ ਗਲਤ ਧੰਦਿਆਂ ਵੱਲ ਤੋਰਨ ਲਈ ਵੀ ਮਜਬੂਰ ਕੀਤਾ ਜਾਂਦਾ ਸੀ।
ਮਸਕਟ ਤੋਂ ਵਾਪਸ ਆਈ ਲੜਕੀ ਨੇ ਆਪਣੇ ਦੁੱਖ ਦੱਸਦਿਆਂ ਕਿਹਾ ਕਿ ਉਸ ਨੂੰ ਵੀ ਉੱਥੋਂ ਦੇ ਟਰੈਵਲ ਏਜੰਟ ਵੱਲੋਂ ਉੱਥੇ ਫਸਾ ਦਿੱਤਾ ਗਿਆ ਸੀ। ਜਿੱਥੇ ਪਹੁੰਚਦਿਆਂ ਹੀ ਉਸ ਦੀ ਤਬੀਅਤ ਖਰਾਬ ਹੋ ਗਈ, ਪਰ ਫਿਰ ਵੀ ਏਜੰਟ ਵੱਲੋਂ ਉਸ ਕੋਲੋਂ ਘਰਾਂ ਵਿੱਚ ਧੱਕੇ ਨਾਲ ਕੰਮ ਕਰਵਾਇਆ ਜਾ ਰਿਹਾ ਸੀ ਤੇ ਉਸ ਦਾ ਕੋਈ ਵੀ ਇਲਾਜ ਨਹੀ ਸੀ ਕਰਵਾਇਆ ਜਾ ਰਿਹਾ। ਵਾਪਸ ਆਈਆਂ ਇਹਨਾਂ ਲੜਕੀਆਂ ਨੇ ਦੱਸਿਆਂ ਕਿ ਏਜੰਟਾਂ ਵੱਲੋਂ ਉਹਨਾਂ ਨੂੰ ਛੱਡਣ ਲਈ ਪਰਵਾਰਾਂ ਕੋਲੋਂ ਲੱਖਾਂ ਵਿੱਚ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ। ਇਹਨਾਂ ਚਾਰਾਂ ਲੜਕੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਉਹ ਟਰੈਵਲ ਏਜੰਟਾਂ ਵਿਰੁੱਧ ਸਖਤ ਕਾਰਵਾਈ ਕਰਵਾਉਣ, ਤਾਂ ਜੋ ਭਵਿੱਖ ਵਿੱਚ ਇਹ ਟਰੈਵਲ ਏਜੰਟ ਹੋਰ ਪੰਜਾਬ ਦੀਆਂ ਧੀਆਂ ਦਾ ਸ਼ੋਸ਼ਣ ਨਾ ਕਰ ਸਕਣ। ਇਹਨਾਂ ਲੜਕੀਆਂ ਦੀ ਵਾਪਸੀ ਦੀ ਮਦਦ ਵਿੱਚ ਅਹਿਮ ਯੋਗਦਾਨ ਨਿਭਾ ਰਹੇ ਮੇਜਰ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਦੋ ਲੜਕੀਆਂ ਵੀ ਇਸੇ ਤਰ੍ਹਾਂ ਅਰਬ ਦੇਸ਼ ਵਿੱਚੋਂ ਵਾਪਸ ਆਈਆਂ ਸਨ। ਉਹਨਾ ਦੱਸਿਆ ਕਿ ਏਜੰਟਾਂ ਵੱਲੋਂ ਉਹਨਾ ਕੋਲੋਂ ਵੀ ਲੜਕੀਆਂ ਵਾਪਸ ਲਿਆਉਣ ਲਈ ਦਸ ਲੱਖ ਰੁਪਏ ਦੇ ਕਰੀਬ ਪੈਸਿਆਂ ਦੀ ਮੰਗ ਕੀਤੀ ਗਈ ਸੀ, ਪਰ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਉਹਨਾ ਦੀਆਂ ਲੜਕੀਆਂ ਇੱਕ ਵੀ ਪੈਸਾ ਦਿੱਤੇ ਬਿਨਾਂ ਵਾਪਸ ਆਈਆਂ ਸਨ। ਉਹਨਾ ਦੱਸਿਆ ਕਿ ਉਸ ਤੋਂ ਬਾਅਦ ਉਸ ਨੇ ਲਗਾਤਾਰ ਉਹਨਾਂ ਲੜਕੀਆਂ ਦੀ ਭਾਲ ਸ਼ੁਰੂ ਕੀਤੀ ਹੋਈ ਹੈ, ਜਿਹੜੀਆਂ ਅਰਬ ਦੇਸ਼ਾਂ ਵਿੱਚ ਫਸੀਆਂ ਹੋਈਆਂ ਹਨ। ਪੀੜਤ ਲੜਕੀਆਂ ਦੇ ਪਰਵਾਰਾਂ ਦਾ ਉਹ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕਰਵਾੳਂਦੇ ਹਨ ਤਾਂ ਕਿ ਉਹ ਜਲਦ ਤੋਂ ਜਲਦ ਵਾਪਸ ਆ ਸਕਣ। ਹੁਣ ਤੱਕ ਉਹਨਾਂ ਵੱਲੋਂ 4 ਦੇ ਕਰੀਬ ਲੜਕੀਆਂ ਦੀ ਮਦਦ ਕੀਤੀ ਗਈ ਹੈ।

LEAVE A REPLY

Please enter your comment!
Please enter your name here