ਚੰਡੀਗੜ੍ਹ : ਲੌਂਗੋਵਾਲ ਵਿਖੇ ਕਿਸਾਨਾਂ ‘ਤੇ ਪੰਜਾਬ ਪੁਲਸ ਵੱਲੋਂ ਕੀਤੇ ਗਏ ਲਾਠੀਚਾਰਜ ਦੀ ਪੰਜਾਬ ਸੀ ਪੀ ਆਈ ਨੇ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਪੰਜਾਬ ਸਰਕਾਰ ‘ਤੇ ਦੋਸ਼ ਲਾਇਆ ਹੈ ਕਿ ਉਹ ਹੜ੍ਹਾਂ ਦੁਆਰਾ ਮਚਾਈ ਗਈ ਤਬਾਹੀ ਪ੍ਰਤੀ ਗੈਰ-ਜ਼ਿੰਮੇਵਾਰੀ ਵਾਲਾ ਵਤੀਰਾ ਅਪਣਾ ਰਹੀ ਹੈ |
ਪੰਜਾਬ ਸੀ ਪੀ ਆਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਕਿਹਾ ਕਿ ਕਿਸਾਨਾਂ ਦਾ ਪੁਰਅਮਨ ਪ੍ਰਦਰਸ਼ਨ ਕਰਨ ਅਤੇ ਪੰਜਾਬ ਅਤੇ ਕੇਂਦਰ ਸਰਕਾਰ ਵਿਰੱੁਧ ਰੋਸ ਪ੍ਰਗਟ ਕਰਨ ਦਾ ਪੂਰਾ ਸੰਵਿਧਾਨਕ ਹੱਕ ਹੈ | ਚੰਡੀਗੜ੍ਹ ਵਿਖੇ ਧਰਨਾ ਅਤੇ ਰੈਲੀ ਅਯੋਜਿਤ ਕਰਕੇ ਉਹ ਸਰਕਾਰ ਤੱਕ ਮੁਆਵਜ਼ੇ ਦੀ ਮੰਗ ਕਰ ਸਕਦੇ ਹਨ, ਇਸ ਲਈ ਉਹਨਾਂ ਨੂੰ ਅਜਿਹਾ ਕਰਨ ਤੋਂ ਰੋਕਣਾ, ਗਿ੍ਫਤਾਰੀਆਂ ਕਰਨ ਅਤੇ ਲਾਠੀਚਾਰਜ ਕਰਕੇ ਖਦੇੜਨ ਲਈ ਪੰਜਾਬ ਸਰਕਾਰ ਦੀ ਇਕ ਧੱਕੜਸ਼ਾਹ ਗੈਰ-ਕਾਨੂੰਨੀ ਅਤੇ ਗੈਰ-ਸੰਵਿਧਾਨਕ ਕਾਰਵਾਈ ਅਤੀ ਨਿੰਦਣਯੋਗ ਹੈ |
ਸਾਥੀ ਬਰਾੜ ਨੇ ਆਖਿਆ ਕਿ ਪੰਜਾਬ ਦੇ ਅਨੇਕਾਂ ਪਿੰਡਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ, 70 ਦੇ ਕਰੀਬ ਜਾਨਾਂ ਗਈਆਂ, ਘਰ ਢਹਿ ਗਏ, ਪਸ਼ੂਆਂ ਦੀਆਂ ਜਾਨਾਂ ਗਈਆਂ, ਪਰ ਪੰਜਾਬ ਸਰਕਾਰ ਪੰਚਾਇਤਾਂ ਅਤੇ ਨਗਰ ਨਿਗਮਾਂ ਦੀਆਂ ਚੋਣਾਂ ਦੇ ਐਲਾਨ ਕਰਕੇ ਭੰਗੜੇ ਅਤੇ ਗਿੱਧੇ ਪਵਾ ਰਹੀ ਹੈ |
ਸਾਥੀ ਬਰਾੜ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਝੂਠੀ ਪ੍ਰਚਾਰ ਮੁਹਿੰਮ ਛੱਡ ਕੇ ਮਿ੍ਤਕ ਵਿਅਕਤੀਆਂ ਦੇ ਪਰਵਾਰਾਂ ਦੇ ਗੁਜ਼ਾਰੇ ਲਈ ਫੌਰਨ ਹੀ ਲੋੜੀਂਦੀ ਮਾਇਕ ਅਤੇ ਆਰਥਿਕ ਸਹਾਇਤਾ ਪ੍ਰਦਾਨ ਕਰਕੇ, ਫਸਲਾਂ, ਘਰਾਂ ਅਤੇ ਪਸ਼ੂਆਂ ਦੇ ਨੁਕਸਾਨ ਦੀ ਵੀ ਉਚਿਤ ਭਰਪਾਈ ਕਰੇ | ਸਾਥੀ ਬਰਾੜ ਨੇ ਮੋਦੀ ਸਰਕਾਰ ਦੀ ਨਿੰਦਾ ਕਰਦਿਆਂ ਆਖਿਆ ਹੈ ਕਿ ਉਹ ਵੀ ਏਨੀ ਵੱਡੀ ਬਰਬਾਦੀ ਦੇ ਬਾਵਜੂਦ ਚੁੱਪ ਵੱਟੀ ਬੈਠੀ ਹੈ ਅਤੇ ਕੋਈ ਸਹਾਇਤਾ ਨਹੀਂ ਕਰ ਰਹੀ ਹੈ |




