ਤਰਨ ਤਾਰਨ : ਪੰਜਾਬ ਖੇਤ ਮਜ਼ਦੂਰ ਸਭਾ ਜ਼ਿਲ੍ਹਾ ਤਰਨ ਤਾਰਨ ਦਾ ਭਰਵਾਂ ਡੈਲੀਗੇਟ ਅਜਲਾਸ ਰਾਮਗੜ੍ਹੀਆ ਬੁੰਗਾ ਤਰਨ ਤਾਰਨ ਵਿਖੇ ਧੂਮ-ਧੜੱਕੇ ਨਾਲ ਹੋਇਆ | ਡੈਲੀਗੇਟਾਂ ਨੂੰ ਵਿਸ਼ੇਸ਼ ਤੌਰ ‘ਤੇ ਸੰਬੋਧਨ ਕਰਨ ਲਈ ਪੁੱਜੇ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿ੍ਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਖੇਤ ਮਜ਼ਦੂਰ ਦੇਸ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ, ਜੇ ਹੱਡੀ ਕਮਜ਼ੋਰ ਹੋਵੇ ਤਾਂ ਦੇਸ਼ ਚੱਲੇਗਾ ਕਿਸ ਤਰ੍ਹਾਂ | ਖੇਤੀਬਾੜੀ ਦੇ ਖੇਤਰ ਵਿੱਚ ਮਸ਼ੀਨੀ ਯੁੱਗ ਆਉਣਾ ਬਹੁਤ ਜ਼ਰੂਰੀ ਸੀ ਤੇ ਅੱਗੇ ਵੀ ਆਉਣਾ ਚਾਹੀਦਾ ਹੈ, ਪਰ ਇਸ ਕਾਰਜ ‘ਤੇ ਲੱਗੇ ਕਾਮਿਆਂ ਨੂੰ ਫਾਰਗ ਕਰਕੇ ਨਹੀਂ | ਨਵੀਂ ਮਸ਼ੀਨਰੀ ਆਉਣ ਤੋਂ ਪਹਿਲਾਂ ਕਾਮਿਆਂ ਦੇ ਕੰਮ ਦਾ ਪ੍ਰਬੰਧ ਕਰਨਾ ਅਤਿ ਜ਼ਰੂਰੀ ਹੈ ਤੇ ਸਰਕਾਰ ਦੀ ਜ਼ਿੰਮੇਵਾਰੀ ਹੈ | ਮਾੜੀਮੇਘਾ ਨੇ ਕਿਹਾ ਕਿ ਹੁਣ ਹਾਲਾਤ ਇਹ ਹਨ ਕਿ ਖੇਤ ਮਜ਼ਦੂਰਾਂ ਨੂੰ ਲੰਗੇ ਡੰਗ ਰੋਟੀ ਮਿਲਦੀ ਹੈ | ਜਦੋਂ ਖੇਤੀਬਾੜੀ ਦਾ ਸਾਰਾ ਕੰਮ ਮਸ਼ੀਨਾਂ ਨੇ ਸਾਂਭ ਲਿਆ ਹੈ ਤੇ ਗਰੀਬੀ ਦੇ ਭੰਨੇ ਖੇਤ ਮਜ਼ਦੂਰ ਕਿਥੇ ਕੰਮ ਕਰਨ | ਮਾੜੀਮੇਘਾ ਨੇ ਕਿਹਾ ਕਿ ਪਿਛਲੇ ਦਿਨੀਂ ਮੈਂ ਤੇ ਮੇਰੀ ਪਤਨੀ ਰੁਪਿੰਦਰ ਨੇ ਅਲਗੋਂ ਖੁਰਦ, ਕਲਸੀਆਂ ਕਲਾਂ ਤੇ ਸਾਂਡਪੁਰਾ ਮੀਟਿੰਗਾਂ ਕਰਾਈਆਂ ਤੇ ਖੇਤ ਮਜ਼ਦੂਰਾਂ ਤੇ ਖਾਸ ਕਰਕੇ ਖੇਤ ਮਜ਼ਦੂਰ ਔਰਤਾਂ ਦੇ ਦੁਖੜੇ ਸਨ ਤੇ ਸੁਣ ਕੇ ਰੌਂਗਟੇ ਖੜੇ ਹੋ ਗਏ ਕਿ ਧੰਨ ਇਹ ਔਰਤਾਂ ਹਨ, ਏਨੇ ਥੋੜ੍ਹੇ ਪੈਸਿਆਂ ਵਿੱਚ ਪਰਵਾਰ ਪਾਲਦੀਆਂ ਹਨ | ਪੰਦਰਾਂ-ਪੰਦਰਾਂ ਦਿਨ ਕਿਤੇ ਕੰਮ ਹੀ ਨਹੀਂ ਮਿਲਦਾ | ਅਸੀਂ ਅਲਗੋਂ ਤੋਂ ਕਲਸੀਆਂ ਜਾਣਾ ਸੀ ਤੇ ਜੁਗਾੜ ਰੇੜ੍ਹੀ ‘ਤੇ ਬੈਠ ਗਏ | ਜਥੇਦਾਰ ਨੇ ਰੇੜ੍ਹੀ ਪਿਛਾਂਹ ਨੂੰ ਮੋੜ ਲਈ, ਅਸੀਂ ਪੁੱਛਿਆ ਏਧਰ ਕਿਧਰ? ਆਖਦਾ ਤੇਲ ਪਵਾ ਲਿਆਵਾਂ, ਕਹਿੰਦਾ ਸਵੇਰ ਦਾ ਕੋਈ ਪੈਸਾ ਨਹੀਂ ਵੱਟਿਆ | ਉਸ ਨਾਲ ਅਸੀਂ ਪੈਸੇ ਨਹੀਂ ਸੀ ਟੁੱਕੇ, ਅਸੀਂ ਕਿਹਾ ਸਾਡੇ ਕੋਲੋਂ ਪੈਸੇ ਕਿੰਨੇ ਲੈਣੇ, ਉਸ ਨੇ ਕਿਹਾ, ਮੈਂ ਸੌ ਤੋਂ ਘੱਟ ਨਹੀਂ ਜਾਣਾ, ਅਸੀਂ ਉੱਤਰ ਕੇ ਦੂਜੀ ਜੁਗਾੜ ਰੇੜ੍ਹੀ ‘ਤੇ 20-20 ਰੁਪਏ ਵਿੱਚ ਚਲੇ ਗਏ | ਅਸੀਂ ਇਸ ਰੇੜ੍ਹੀ ਵਾਲੇ ਨੂੰ ਪੁੱਛਿਆ ਕਿ ਤੇਰੀ ਦਿਹਾੜੀ ਕਿੰਨੀ ਬਣ ਜਾਂਦੀ ਹੈ, ਉਸ ਨੇ ਕਿਹਾ 300 ਰੁਪਏ | ਅਸੀਂ ਕਿਹਾ, ਤੇਲ ਕਿੰਨੇ ਦਾ ਬਲਦਾ, ਕਹਿੰਦਾ 150 ਰੁਪਏ ਦਾ | ਅਸੀਂ ਹੈਰਾਨ ਹੋਏ ਕਿ 150 ਰੁਪਏ ਨਾਲ ਘਰ ਕਿਸ ਤਰ੍ਹਾਂ ਚਲਾਉਂਦਾ ਹੋਵੇਗਾ | ਜਦੋਂ ਕਿ ਪਿੰਡਾਂ ਵਿੱਚ 70 ਰੁਪਏ ਕਿਲੋ ਦੁੱਧ ਵਿਕ ਰਿਹਾ ਹੈ | ਮਾੜੀਮੇਘਾ ਨੇ ਕਿਹਾ ਕਿ ਸਰਕਾਰ ਗਰੀਬ ਮਜ਼ਦੂਰਾਂ ਨੂੰ ਕੰਮ ਦੇਣ ਵਾਸਤੇ ਕੰਮ ਦਿਹਾੜੀ ਸਮਾਂ ਕਾਨੂੰਨ ਦੁਆਰਾ ਛੇ ਘੰਟੇ ਕਰੇ, ਜੇ ਫਿਰ ਵੀ ਕੰਮ ਨਹੀਂ ਮਿਲਦਾ ਤਾਂ ਸ਼ਹੀਦ ਭਗਤ ਸਿੰਘ ਦੇ ਕਥਨ ਅਨੁਸਾਰ ਕੰਮ ਦਿਹਾੜੀ ਸਮਾਂ ਘੱਟ ਤੋਂ ਘੱਟ ਘਟਾਇਆ ਜਾ ਸਕਦਾ ਹੈ |
ਕਾਨਫਰੰਸ ਨੂੰ ਭਰਾਤਰੀ ਸੰਦੇਸ਼ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਦਵਿੰਦਰ ਸੋਹਲ, ਪੰਜਾਬ ਇਸਤਰੀ ਸਭਾ ਦੀ ਸੂਬਾਈ ਸਕੱਤਰ ਰੁਪਿੰਦਰ ਕੌਰ ਮਾੜੀਮੇਘਾ, ਪੰਜਾਬ ਕਿਸਾਨ ਸਭਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਸੁਖਦੇਵ ਸਿੰਘ ਚਾਹਲ, ਏਟਕ ਦੇ ਜ਼ਿਲ੍ਹਾ ਆਗੂ ਰਾਜਗੋਬਿੰਦ ਸਿੰਘ, ਏ ਆਈ ਐੱਸ ਐੱਫ ਦੇ ਸੂਬਾ ਪ੍ਰਧਾਨ ਲਵਪ੍ਰੀਤ ਸਿੰਘ ਮਾੜੀਮੇਘਾ, ਸਰਬ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਵਿਸ਼ਾਲ ਵਲਟੋਹਾ ਤੇ ਰਣਜੀਤ ਸਿੰਘ ਉਰਫ ਰਾਣਾ ਨੇ ਦਿੱਤਾ |
ਕਾਨਫਰੰਸ ਵਿੱਚ ਪਹਿਲਾ ਮਤਾ ਪਾਸ ਕੀਤਾ ਗਿਆ ਕਿ ਨਰੇਗਾ ਦਾ ਕੰਮ ਸਾਲ ਵਿੱਚ 200 ਦਿਨ ਤੇ ਦਿਹਾੜੀ ਘੱਟੋ-ਘੱਟ 700 ਰੁਪਏ ਕੀਤੀ ਜਾਵੇ ਤੇ ਨਰੇਗਾ ਕਾਨੂੰਨ ਪਾਰਦਰਸ਼ੀ ਢੰਗ ਨਾਲ ਲਾਗੂ ਹੋਵੇ | ਅਫਸਰਸ਼ਾਹੀ ਨੂੰ ਨਕੇਲ ਪਾਈ ਜਾਵੇ ਕਿ ਉਹ ਭਿ੍ਸ਼ਟਾਚਾਰ ਬੰਦ ਕਰੇ | ਦੂਜਾ ਮਤਾ ਪਾਸ ਕੀਤਾ ਗਿਆ ਕਿ ਬੜੇ ਲੰਮੇ ਸਮੇਂ ਤੋਂ ਖੇਤ ਮਜ਼ਦੂਰਾਂ ਨੂੰ ਜ਼ਮੀਨਾਂ ਦਾ ਮਾਲਕ ਬਣਾਉਣ ਦਾ ਕਾਨੂੰਨ ਬਣਿਆ ਹੈ, ਪਰ ਉਹ ਹੁਣ ਤੱਕ ਲਾਗੂ ਨਹੀਂ ਹੋਇਆ, ਇਹ ਕਾਨੂੰਨ ਸਖਤੀ ਨਾਲ ਲਾਗੂ ਕੀਤਾ ਜਾਵੇ | ਦੂਜਾ ਮਤਾ ਪਾਸ ਕੀਤਾ ਕਿ ਹਰੇਕ ਗਰੀਬ ਨੂੰ ਭਾਵੇਂ ਉਹ ਖੇਤ ਮਜ਼ਦੂਰ ਜਾਂ ਬੇਜ਼ਮੀਨਾ ਕਿਸਾਨ ਹੈ, ਉਸ ਨੂੰ ਪੰਜ-ਪੰਜ ਮਰਲਿਆਂ ਵਿੱਚ ਸ਼ਾਨਦਾਰ ਘਰ ਬਣਾ ਕੇ ਦਿੱਤੇ ਜਾਣ, ਪਰ ਉਸ ਦਾ ਨਾਂਅ ਕਾਲੋਨੀ ਨਾ ਰੱਖਿਆ ਜਾਵੇ, ਇਹ ਅੰਗਰੇਜ਼ਾਂ ਨੇ ਨਾਂਅ ਰੱਖਿਆ ਸੀ, ਜਿਵੇਂ ਕੰਮੀਆਂ ਦੀ ਕਾਲੋਨੀ | ਤੀਜਾ ਮਤਾ ਪਾਸ ਕੀਤਾ ਗਿਆ ਕਿ ਬਜ਼ੁਰਗਾਂ, ਵਿਧਵਾ ਤੇ ਅੰਗਹੀਣ ਵਿਅਕਤੀਆਂ ਦੀਆਂ ਮਹੀਨਾਵਾਰ ਪੈਨਸ਼ਨਾਂ ਵਿੱਚ ਵਾਧਾ ਕੀਤਾ ਜਾਵੇ | ਚੌਥਾ ਮਤਾ ਪਾਸ ਕੀਤਾ ਗਿਆ ਕਿ ਖੇਤ ਮਜ਼ਦੂਰ ਸੀ ਪੀ ਆਈ ਦੀ ਜੜ੍ਹ ਹਨ, ਇਸ ਜੜ੍ਹ ਨੂੰ ਮਜ਼ਬੂਤ ਕਰਨ ਲਈ ਪਿੰਡ-ਪਿੰਡ ਜਥੇਬੰਦੀ ਉਸਾਰੀ ਜਾਵੇਗੀ, ਭਾਵ ਇੱਕ ਸਾਲ ਵਿੱਚ ਤਰਨ ਤਾਰਨ ਜ਼ਿਲ੍ਹੇ ਦੇ ਚੌਥਾ ਹਿੱਸਾ ਪਿੰਡਾਂ ਵਿੱਚ ਖੇਤ ਮਜ਼ਦੂਰ ਸਭਾ ਬਣਾਈ ਜਾਵੇਗੀ | ਚੋਣ ਵਿੱਚ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਤਰਨ ਤਾਰਨ, ਜਨਰਲ ਸਕੱਤਰ ਗੁਰਦਿਆਲ ਸਿੰਘ ਖਡੂਰ ਸਾਹਿਬ, ਮੀਤ ਸਕੱਤਰ ਨਰਿੰਦਰ ਸਿੰਘ ਅਲਗੋਂ, ਮੀਤ ਪ੍ਰਧਾਨ ਮਨਜੀਤ ਸਿੰਘ ਕਸੇਲ, ਮੀਤ ਸਕੱਤਰ ਪਰਮਜੀਤ ਸਿੰਘ ਬਾਬਾ ਆਦਿ | ਕਾਨਫਰੰਸ ਦੀ ਸਮਾਪਤੀ ‘ਤੇ ਮਹਿੰਗਾਈ ਤੇ ਫਿਰਕਾਪ੍ਰਸਤੀ ਵਿਰੁੱਧ ਸ਼ਹਿਰ ਵਿੱਚ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ |





