ਚੰਡੀਗੜ੍ਹ : ਹੜ੍ਹਾਂ ਕਰਕੇ ਹੋਏ ਨੁਕਸਾਨ ਦੇ ਮੁਆਵਜ਼ੇ ਸਮੇਤ ਹੋਰਨਾਂ ਮੰਗਾਂ ਨੂੰ ਲੈ ਕੇ 16 ਕਿਸਾਨ ਜਥੇਬੰਦੀਆਂ ਵੱਲੋਂ ਮੰਗਲਵਾਰ ਚੰਡੀਗੜ੍ਹ ਵਿਚ ਰੋਸ ਪ੍ਰਦਰਸ਼ਨ ਨੂੰ ਲੈ ਕੇ ਦਿੱਤੇ ਸੱਦੇ ਦੇ ਮੱਦੇਨਜ਼ਰ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੀਆਂ ਅੰਤਰਰਾਜੀ ਸਰਹੱਦਾਂ ‘ਤੇ ਸੁਰੱਖਿਆ ਵਧਾ ਦਿੱਤੀ ਗਈ | ਚੰਡੀਗੜ੍ਹ ‘ਚ ਸਾਰੇ ਦਾਖਲਾ ਤੇ ਬਾਹਰ ਨਿਕਲਣ ਵਾਲੇ ਰਸਤਿਆਂ ‘ਤੇ ਵੱਡੀ ਗਿਣਤੀ ‘ਚ ਪੁਲਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ, ਤਾਂ ਕਿ ਕਿਸਾਨਾਂ ਨੂੰ ਸ਼ਹਿਰ ‘ਚ ਦਾਖਲ ਹੋਣ ਤੋਂ ਰੋਕਿਆ ਜਾ ਸਕੇ | ਇਸੇ ਤਰ੍ਹਾਂ ਅੰਬਾਲਾ ਵਿਚ ਸ਼ੰਭੂ ਵਿਖੇ ਹਰਿਆਣਾ-ਪੰਜਾਬ ਸਰਹੱਦ ‘ਤੇ ਵੱਡੀ ਤਾਦਾਦ ਵਿਚ ਪੁਲਸ ਮੁਲਾਜ਼ਮ ਮੌਜੂਦ ਸਨ | ਪੰਜਾਬ ਦੇ ਰਾਜਪੁਰਾ ‘ਚ ਦੰਗਾ ਰੋਕੂ ਵਹੀਕਲਾਂ ਤੇ ਸੀ ਸੀ ਟੀ ਵੀ ਵਹੀਕਲ ਦੀ ਤਾਇਨਾਤੀ ਦੇ ਨਾਲ ਬੈਰੀਕੇਡਿੰਗ ਕੀਤੀ ਗਈ ਹੈ | ਅੰਤਰਰਾਜੀ ਸਰਹੱਦਾਂ ‘ਤੇ ਕੀਤੀ ਬੈਰੀਕੇਡਿੰਗ ਕਰਕੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ |
ਕਿਸਾਨਾਂ ਵੱਲੋਂ ਪੰਜਾਬ ਸਣੇ ਉੱਤਰੀ ਖੇਤਰ ‘ਚ ਹੜ੍ਹਾਂ ਕਰਕੇ ਹੋਏ ਖਰਾਬੇ ਲਈ ਕੇਂਦਰ ਸਰਕਾਰ ਤੋਂ 50,000 ਕਰੋੜ ਰੁਪਏ ਦੇ ਪੈਕੇਜ ਦੀ ਮੰਗ ਕੀਤੀ ਗਈ ਹੈ | ਇਹੀ ਨਹੀਂ ਕਿਸਾਨਾਂ ਨੇ ਫਸਲਾਂ ਦੇ ਨੁਕਸਾਨ ਦੇ ਮੁਆਵਜ਼ੇ ਵਜੋਂ 50,000 ਪ੍ਰਤੀ ਏਕੜ, ਨੁਕਸਾਨੇ ਘਰ ਲਈ ਪੰਜ ਲੱਖ ਤੇ ਹੜ੍ਹਾਂ ਕਰਕੇ ਮਾਰੇ ਲੋਕਾਂ ਦੇ ਵਾਰਸਾਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦਿੱਤੇ ਜਾਣ ਦੀ ਵੀ ਮੰਗ ਕੀਤੀ ਹੈ | ਚੇਤੇ ਰਹੇ ਕਿ ਸੋਮਵਾਰ ਸੰਗਰੂਰ ਜ਼ਿਲ੍ਹੇ ਦੇ ਕੁਝ ਕਿਸਾਨ ਆਗੂਆਂ ਨੂੰ ਹਿਰਾਸਤ ‘ਚ ਲਏ ਜਾਣ ਖਿਲਾਫ ਧਰਨਾ ਦੇ ਰਹੇ ਕਿਸਾਨਾਂ ਤੇ ਪੁਲਸ ਵਿਚਾਲੇ ਹੋਈ ਝੜਪ ਦੌਰਾਨ ਟਰੈਕਟਰ ਟਰਾਲੀ ਹੇਠ ਆਉਣ ਕਰਕੇ ਇਕ ਕਿਸਾਨ ਦੀ ਮੌਤ ਹੋ ਗਈ ਸੀ, ਜਦੋਂਕਿ ਪੰਜ ਪੁਲਸ ਮੁਲਾਜ਼ਮ ਜ਼ਖਮੀ ਹੋ ਗਏ ਸਨ |
ਕਿਸਾਨ ਆਗੂਆਂ ਦੀ ਗਿ੍ਫਤਾਰੀ ਦੇ ਵਿਰੋਧ ਵਿਚ ਅੰਮਿ੍ਤਸਰ ਤੇ ਤਰਨ ਤਾਰਨ ਦੇ ਟੋਲ ਪਲਾਜ਼ਿਆਂ ‘ਤੇ ਕਿਸਾਨਾਂ ਦੇ ਧਰਨੇ ਜਾਰੀ ਸਨ |



