ਚੰਦਰਯਾਨ-3 ਮਿਸ਼ਨ ਰਾਹੀਂ ਵਿਗਿਆਨੀ ਚੰਨ ਦਾ ਅਧਿਐਨ ਕਰਕੇ ਧਰਤੀ ਦੀ ਉਤਪਤੀ ਨੂੰ ਸਮਝਣਾ ਚਾਹੁੰਦੇ ਹਨ। ਵਿਗਿਆਨੀ ਚੰਨ ਦੀ ਸਤਹਾ ’ਤੇ ਸਿਰਫ਼ ਪਾਣੀ ਦੀ ਖੋਜ ਕਰਨਾ ਨਹੀਂ ਚਾਹੁੰਦੇ, ਬਲਕਿ ਉਹ ਇੱਥੇ ਮੌਜੂਦ ਹੋਰ ਰਸਾਇਣਾਂ ਦੀ ਮੌਜੂਦਗੀ ਦਾ ਵੀ ਪਤਾ ਲਗਾਉਣਾ ਚਾਹੁੰਦੇ ਹਨ। ਚੰਨ ’ਤੇ ਕੀ ਭਵਿੱਖ ’ਚ ਇਨਸਾਨ ਰਹਿ ਸਕਣਗੇ, ਇਹ ਚੰਨ ’ਤੇ ਮਿਲਣ ਵਾਲੇ ਖਣਿਜ ਅਤੇ ਹੋਰ ਗੈਸਾਂ ਦੀ ਮੌਜੂਦਗੀ ਨਾਲ ਹੀ ਸੰਭਵ ਹੋ ਸਕੇਗਾ। ਚੰਦਰਯਾਨ-3 ਦਾ ਮੁੱਖ ਕੰਮ ਦੱਖਣੀ ਧਰੁਵ ’ਤੇ ਪਾਣੀ ਦੀ ਤਲਾਸ਼ ਕਰਨਾ ਹੈ। ਨਾਲ ਹੀ ਚੰਦਰਯਾਨ-3 ਚੰਨ ’ਤੇ ਇਨਸਾਨ ਦੇ ਰਹਿਣ ਲਾਇਕ ਵਾਤਾਵਰਣ ਦਾ ਪਤਾ ਵੀ ਲਗਾਏਗਾ। ਇਸ ਦੇ ਨਾਲ ਹੀ ਹੋਰ ਜ਼ਰੂਰੀ ਖਣਿਜਾਂ ਦੀ ਖੋਜ ਵੀ ਕਰੇਗਾ। ਇਨ੍ਹਾਂ ’ਚ ਹੀਲੀਅਮ-3 ਵਰਗੇ ਤੱਤ ਵੀ ਸ਼ਾਮਲ ਹੋਣਗੇ। ਇਸ ਦੇ ਨਾਲ ਹੀ ਅਗਲੇ 2-3 ਸਾਲ ’ਚ ਚੰਨ ’ਤੇ ਪਹੁੰਚਣ ਵਾਲੇ ਦੇਸ਼ਾਂ ਦੀ ਦੌੜ ਤੇਜ਼ ਹੋ ਜਾਵੇਗੀ, ਸਿਰਫ਼ ਅਗਲੇ 2 ਸਾਲਾਂ ’ਚ ਹੀ ਦੁਨੀਆ ਭਰ ਤੋਂ 9-10 ਮਿਸ਼ਨ ਲਾਂਚ ਕੀਤੇ ਜਾਣ ਵਾਲੇ ਹਨ।