ਸੰਗਰੂਰ : ਲੌਂਗੋਵਾਲ ’ਚ ਕਿਸਾਨ ਦੀ ਮੌਤ ਮਾਮਲੇ ’ਚ ਬੁੱਧਵਾਰ ਇਥੇ ਕਿਸਾਨ ਜਥੇਬੰਦੀਆਂ ਤੇ ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਵਿਚਾਲੇ 3 ਘੰਟਿਆਂ ਤੱਕ ਚੱਲੀ ਮੀਟਿੰਗ ’ਚ ਸਹਿਮਤੀ ਬਣੀ ਕਿ ਮਰਹੂਮ ਕਿਸਾਨ ਪ੍ਰੀਤਮ ਸਿੰੰਘ ਦੇ ਪਰਵਾਰ ਨੂੰ 10 ਲੱਖ ਰੁਪਏ ਮੁਆਵਜ਼ਾ, ਪਰਵਾਰ ਦੇ ਇਕ ਜੀਅ ਨੂੰ ਯੋਗਤਾ ਮੁਤਾਬਕ ਸਰਕਾਰੀ ਨੌਕਰੀ ਤੇ ਉਸ ਦੇ ਪਰਵਾਰ ਦਾ ਸਾਰਾ ਕਰਜ਼ਾ ਮੁਆਫ ਕੀਤਾ ਜਾਵੇਗਾ। ਮੀਟਿੰਗ ’ਚ ਇਹ ਫੈਸਲਾ ਵੀ ਹੋਇਆ ਕਿ ਲੌਂਗੋਵਾਲ ’ਚ ਪੁਲਸ ਲਾਠੀਚਾਰਜ ਦੌਰਾਨ ਗੰਭੀਰ ਜ਼ਖਮੀਆਂ ਨੂੰ ਦੋ-ਦੋ ਲੱਖ ਤੇ ਘੱਟ ਜ਼ਖਮੀਆਂ ਨੂੰ ਇਕ-ਇਕ ਲੱਖ ਰੁਪਈਆ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਜਿਹੜੀਆਂ ਕਿਸਾਨ ਜਥੇਬੰਦੀਆਂ ਦੀਆਂ ਗੱਡੀਆਂ ਭੰਨੀਆਂ ਗਈਆਂ ਹਨ, ਉਨ੍ਹਾਂ ਦੀ ਸਰਕਾਰ ਮੁਰੰਮਤ ਕਰਵਾਏਗੀ। ਇਸ ਦੇ ਨਾਲ ਪੰਜਾਬ ਭਰ ’ਚ ਕਿਸਾਨਾਂ ’ਤੇ ਦਰਜ ਪਰਚੇ ਰੱਦ ਹੋਣਗੇ ਤੇ ਕਿਸਾਨਾਂ ਦੀ ਬਿਨਾਂ ਸ਼ਰਤ ਰਿਹਾਈ ਹੋਵੇਗੀ। ਜਥੇਬੰਦੀਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਸਾਰੇ ਕਿਸਾਨਾਂ ਦੀ ਰਿਹਾਈ ਨਹੀਂ ਹੁੰਦੀ, ਮਰਹੂਮ ਪ੍ਰੀਤਮ ਸਿੰਘ ਦਾ ਸਸਕਾਰ ਨਹੀਂ ਕੀਤਾ ਜਾਵੇਗਾ।