ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ਤੋਂ ਪੂਰੀ ਤਰ੍ਹਾਂ ਭੈ-ਭੀਤ ਹੈ। ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਭਾਜਪਾ ਦੀ ਅਜਿਹੀ ਕੋਈ ਪ੍ਰਾਪਤੀ ਨਹੀਂ, ਜਿਸ ਦੇ ਦਮ ’ਤੇ ਉਹ ਲੋਕਾਂ ਦੀ ਕਚਹਿਰੀ ਵਿੱਚ ਜਾ ਸਕੇ। ਬੇਰੁਜ਼ਗਾਰੀ ਡਰਾਉਣੀ ਸ਼ਕਲ ਅਖਤਿਆਰ ਕਰ ਚੁੱਕੀ ਹੈ। ਮਹਿੰਗਾਈ ਨੇ ਸਭ ਹੱਦਾਂ-ਬੰਨੇ ਤੋੜ ਦਿੱਤੇ ਹਨ। ਗਰੀਬਾਂ ਲਈ ਦੋ ਡੰਗ ਦੀ ਰੋਟੀ ਦਾ ਜੁਗਾੜ ਕਰਨਾ ਮੁਸ਼ਕਲ ਹੋ ਚੁੱਕਾ ਹੈ। ਮੱਧ ਵਰਗ ਨੇ ਉੱਪਰ ਦੀ ਥਾਂ ਹੁਣ ਹੇਠਾਂ ਝਾਕਣਾ ਸ਼ੁਰੂ ਕਰ ਦਿੱਤਾ ਹੈ, ਜਿੱਥੇ ਕੰਗਾਲੀ ਤੇ ਬਦਹਾਲੀ ਹੀ ਨਜ਼ਰ ਆਉਂਦੀ ਹੈ।
ਅਜਿਹੀ ਸਥਿਤੀ ਵਿੱਚ ਭਾਜਪਾ ਲਈ ਇੱਕੋ ਸਹਾਰਾ ਫਿਰਕੂ ਦੰਗੇ ਭੜਕਾਉਣ ਦਾ ਰਹਿ ਗਿਆ ਹੈ, ਜਿਸ ਦੇ ਆਸਰੇ ਉਹ ਫਿਰਕੂ ਕਤਾਰਬੰਦੀ ਪੈਦਾ ਕਰਕੇ ਚੋਣਾਂ ਦੀ ਨਦੀ ਪਾਰ ਕਰਨਾ ਚਾਹੁੰਦੀ ਹੈ। ਅੱਜ ਹਰ ਹਿੰਦੂ ਤਿਉਹਾਰ ਹਿੰਦੂਤਵੀ ਭੀੜਾਂ ਲਈ ਫਿਰਕੂ ਭਾਂਬੜ ਭੜਕਾਉਣ ਦਾ ਜ਼ਰੀਆ ਬਣਾ ਦਿੱਤਾ ਗਿਆ ਹੈ। ਪਿਛਲੇ ਦਿਨੀਂ ਹਰਿਆਣਾ ਦੇ ਮੇਵਾਤ ਇਲਾਕੇ ਨੂੰ ਜੰਗ ਦਾ ਮੈਦਾਨ ਬਣਾਇਆ ਗਿਆ ਸੀ। ਸਰਕਾਰ ਵੀ ਹਿੰਦੂਤਵੀਆਂ ਦੀ ਸੀ। ਯੋਜਨਾਬੱਧ ਤਰੀਕੇ ਨਾਲ ਦੰਗੇ ਭੜਕਾਏ ਗਏ। ਉਤਲੀਆਂ ਹਦਾਇਤਾਂ ਉੱਤੇ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਰਿਹਾ। ਇਸ ਦੇ ਬਾਵਜੂਦ ਆਮ ਲੋਕਾਂ ਨੇ ਹਿੰਦੂਤਵੀਆਂ ਦੀ ਕੋਝੀ ਚਾਲ ਵਿੱਚ ਫਸਣ ਤੋਂ ਇਨਕਾਰ ਕਰ ਦਿੱਤਾ। ਸਰਕਾਰ ਦੀ ਇਕਤਰਫ਼ਾ ਬੁਲਡੋਜ਼ਰ ਕਾਰਵਾਈ ਨੂੰ ਨਿਆਂਪਾਲਿਕਾ ਨੇ ਬਰੇਕ ਲਾ ਦਿੱਤੇ। ਭਾਜਪਾਈ ਹਾਲੇ ਚੁੱਪ ਨਹੀਂ ਬੈਠੇ, ਉਹ ਮੌਕੇ ਦੀ ਤਾਕ ਵਿੱਚ ਹਨ।
ਨੂਹ ਵਾਂਗ ਹੀ 21 ਅਗਸਤ ਨੂੰ ਬਿਹਾਰ ਦੇ ਪੱਛਮੀ ਤੇ ਪੂਰਬੀ ਚੰਪਾਰਣ ਜ਼ਿਲ੍ਹਿਆਂ ਵਿੱਚ ਫਸਾਦ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਪੱਛਮੀ ਚੰਪਾਰਣ ਦੇ ਬਗਾਹ ਸ਼ਹਿਰ ਵਿੱਚ ਨਾਗ ਪੰਚਮੀ ਦੇ ਮੌਕੇ ਉੱਤੇ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਦੀ ਅਗਵਾਈ ਵਿੱਚ ਪਹਿਲਾਂ ਦੋ ਜਲੂਸ ਤੈਅ ਰਸਤਿਆਂ ਨੂੰ ਛੱਡ ਕੇ ਮੁਸਲਮਾਨਾਂ ਦੀ ਅਬਾਦੀ ਵਾਲੇ ਇਲਾਕਿਆਂ ਵਿੱਚੋਂ ਕੱਢੇ ਗਏ ਤੇ ਫਿਰ ਦੋਹਾਂ ਨੂੰ ਇੱਕ ਕੀਤਾ ਗਿਆ। ਬਜਰੰਗ ਬਲੀ ਦੀ ਮੂਰਤੀ ਤੋੜ ਦੇਣ ਦੀ ਅਫ਼ਵਾਹ ਫੈਲਾਈ ਗਈ। ਬਜਰੰਗੀ ਗੁੰਡੇ ਮੁਸਲਮਾਨਾਂ ਦੇ ਘਰਾਂ ਵਿੱਚ ਵੜ ਕੇ ਗੁੰਡਾਗਰਦੀ ਕਰਦੇ ਰਹੇ। ਇਸ ਦੌਰਾਨ ਉਨ੍ਹਾਂ ਘਰਾਂ ਵਿੱਚ ਵੜ ਕੇ ਫਰਿੱਜਾਂ, ਮੋਟਰਸਾਈਕਲਾਂ, ਸਿਲਾਈ ਮਸ਼ੀਨਾਂ, ਕੁਰਸੀਆਂ ਤੇ ਬਿਜਲੀ ਦੇ ਮੀਟਰਾਂ ਤੱਕ ਨੂੰ ਤਹਿਸ-ਨਹਿਸ ਕਰ ਦਿੱਤਾ। ਇਹੋ ਨਹੀਂ, ਉਹ ਲੋਕਾਂ ਦੇ ਘਰਾਂ ਵਿੱਚੋਂ ਰੁਪਏ, ਮੁਰਗੀਆਂ, ਬੱਕਰੇ ਤੇ ਅਨਾਜ ਤੱਕ ਲੁੱਟ ਕੇ ਲੈ ਗਏ। ਦਰਜਨਾਂ ਘਰਾਂ ਦੇ ਦਰਵਾਜ਼ੇ ਤੋੜ ਦਿੱਤੇ ਗਏ। ਮਸਤਾਨ ਟੋਲਾ ਦੇ ਸੈਂਕੜੇ ਪਰਵਾਰ ਆਪਣੇ ਘਰ ਛੱਡ ਕੇ ਰਿਸ਼ਤੇਦਾਰਾਂ ਕੋਲ ਜਾਣ ਲਈ ਮਜਬੂਰ ਹੋ ਗਏ। ਗੁੰਡਿਆਂ ਨੇ ਪੱਤਰਕਾਰਾਂ ਤੇ ਪੁਲਸ ਵਾਲਿਆਂ ਨੂੰ ਵੀ ਨਾ ਬਖਸ਼ਿਆ। ਪੂਰਬੀ ਚੰਪਾਰਣ ਦੇ ਪਿਪਰਾ ਸ਼ਹਿਰ ਵਿੱਚ ਵੀ ਅਜਿਹੀ ਹੀ ਵਾਰਦਾਤ ਕੀਤੀ ਗਈ
ਭਾਕਪਾ (ਮਾਲੇ) ਦੇ ਵਿਧਾਇਕ ਵਿਰੇਂਦਰ ਗੁਪਤਾ ਨੇ ਅਗਲੇ ਦਿਨ 22 ਅਗਸਤ ਨੂੰ ਇਨਸਾਫ਼ ਮੰਚ ਦੀ ਟੀਮ ਲੈ ਕੇ ਹਿੰਸਾ ਪੀੜਤ ਇਲਾਕੇ ਦਾ ਦੌਰਾ ਕਰਕੇ ਪੂਰੀ ਘਟਨਾ ਦੀ ਪੜਤਾਲ ਕੀਤੀ। ਉਨ੍ਹਾ ਕਿਹਾ ਕਿ ਇਹ ਘਟਨਾ ਭਾਜਪਾ ਵੱਲੋਂ ਲੋਕ ਸਭਾ ਚੋਣਾਂ ਦੀ ਤਿਆਰੀ ਵਿੱਚ ਫਿਰਕੂ ਧਰੁਵੀਕਰਨ ਦੀ ਕੋਸ਼ਿਸ਼ ਦੀ ਇੱਕ ਕੜੀ ਹੈ। ਉਨ੍ਹਾ ਪ੍ਰਸ਼ਾਸਨ ’ਤੇ ਵੀ ਦੋਸ਼ ਲਾਇਆ ਕਿ ਉਸ ਦਾ ਰਵੱਈਆ ਢਿੱਲਮੱਠ ਵਾਲਾ ਸੀ।
ਇਨਸਾਫ਼ ਟੀਮ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਅਸ਼ਾਂਤੀ ਫੈਲਾਉਣ ਵਾਲੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰੇ ਤਾਂ ਜੋ ਅਜਿਹੀ ਹੋਰ ਘਟਨਾ ਨਾ ਵਾਪਰੇ। ਇਸ ਦੇ ਨਾਲ ਹੀ ਉਨ੍ਹਾਂ ਮੁਸਲਮਾਨ ਪਰਵਾਰਾਂ ਦੇ ਹੋਏ ਨੁਕਸਾਨ ਦੀ ਪੂਰਤੀ ਲਈ ਤੁਰੰਤ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਹੈ।



