ਮਾਨਸਾ, (ਆਤਮਾ ਸਿੰਘ ਪਮਾਰ)-‘ਹੜ੍ਹ ਪੀੜਤ ਲੋਕਾਂ ਨੂੰ ਰਾਹਤ ਦੇਣ ਲਈ 50 ਹਜ਼ਾਰ ਰੁਪਏ ਪ੍ਰਤੀ ਏਕੜ, ਇੱਕ ਲੱਖ ਰੁਪਏ ਮਰੇ ਪਸ਼ੂ ਲਈ, ਪੰਜ ਲੱਖ ਰੁਪਏ ਮਕਾਨ ਬਣਾਉਣ ਲਈ ਦਿੱਤੇ ਜਾਣ ਤੇ ਹੜ੍ਹ ਪੀੜਤ ਏਰੀਏ ਵਿੱਚ ਮਨਰੇਗਾ ਸਕੀਮ ਨੂੰ ਵਿਸ਼ੇਸ਼ ਰੂਪ ’ਚ ਲਾਗੂ ਕੀਤਾ ਜਾਵੇ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਥਾਨਕ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਮਨਜੀਤ ਕੌਰ ਗਾਮੀਵਾਲਾ ਦੀ ਪ੍ਰਧਾਨਗੀ ਹੇਠ ਹੋਈ ਸੀ ਪੀ ਆਈ ਜ਼ਿਲ੍ਹਾ ਕੌਸਲ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਨੇ ਕੀਤਾ। ਉਨ੍ਹਾ ਕਿਹਾ ਕਿ ਬੀਤੇ ਦਿਨੀਂ ਸੰਗਰੂਰ ਵਿੱਚ ਆਪਣੀਆ ਮੰਗਾਂ ਲਈ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ’ਤੇ ਪੰਜਾਬ ਪੁਲਸ ਵੱਲੋਂ ਕੀਤੇ ਤਸ਼ੱਦਦ ਨਾਲ ਜਮਹੂਰੀਅਤ ਦਾ ਘਾਣ ਹੋਇਆ ਹੈ।
ਉਹਨਾ ਕਿਹਾ ਕਿ ਪੰਜਾਬ ਵਿੱਚ ਵਧ ਰਹੇ ਨਸ਼ਿਆਂ ਦੇ ਰੁਝਾਨ ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਪੰਜਾਬ ਦੀ ਮਾਨ ਸਰਕਾਰ ਤੇ ਪੰਜਾਬ ਪੁਲਸ ਸੰਜੀਦਾ ਨਜ਼ਰ ਨਹੀਂ ਆ ਰਹੀ ਤੇ ਸਮਾਜ ਵਿਰੋਧੀ ਅਨਸਰਾਂ ਦੇ ਹੌਸਲੇ ਬੁਲੰਦ ਹਨ। ਆਮ ਲੋਕਾ ਵਿੱਚ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕਿ੍ਰਸ਼ਨ ਚੌਹਾਨ ਤੇ ਸੀਨੀਅਰ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਰੁਜ਼ਗਾਰ ਪ੍ਰਾਪਤੀ ਤੇ ਨਸ਼ਿਆਂ ਦੇ ਖਾਤਮੇ ਲਈ ਵਿਸ਼ੇਸ਼ ਜਨਤਕ ਮੁਹਿੰਮ ਚਲਾਈ ਜਾਵੇਗੀ ਤੇ ਪਿੰਡ-ਪਿੰਡ ਜਨਤਕ ਮੀਟਿੰਗਾਂ ਤੇ ਜਲਸੇ ਕੀਤੇ ਜਾਣਗੇ। ਇਸ ਮੌਕੇ ਹੋਰਨਾਂ ਤੋ ਇਲਾਵਾ ਸੀਤਾ ਰਾਮ ਗੋਬਿੰਦਪੁਰਾ, ਦਲਜੀਤ ਮਾਨਸ਼ਾਹੀਆ, ਮਲਕੀਤ ਮੰਦਰਾਂ, ਰੂਪ ਸਿੰਘ ਢਿੱਲੋਂ, ਵੇਦ ਪ੍ਰਕਾਸ਼ ਬੁਢਲਾਡਾ, ਜੁਗਰਾਜ ਹੀਰਕੇ, ਕਰਨੈਲ ਭੀਖੀ, ਗੁਰਪਿਆਰ ਫੱਤਾ, ਸੁਖਰਾਜ ਜੋਗਾ, ਹਰਪਾਲ ਸਿੰਘ ਬੱਪੀਆਣਾ, ਕਪੂਰ ਸਿੰਘ, ਹਰਮੀਤ ਬੋੜਾਵਾਲ ਤੇ ਗੁਰਦਿਆਲ ਦਲੇਲ ਸਿੰਘ ਵਾਲਾ ਆਦਿ ਵੀ ਹਾਜ਼ਰ ਸਨ।





