ਪਿਛਲੇ ਦਰਵਾਜ਼ਿਓ

0
3

ਰਾਜਸਥਾਨ ਦੀਆਂ ਪੰਚਾਇਤੀ ਰਾਜ ਚੋਣਾਂ ਵਿੱਚ ਔਰਤਾਂ ਇੱਕ ਪ੍ਰਮੁੱਖ ਸ਼ਕਤੀ ਵਜੋਂ ਉੱਭਰੀਆਂ ਹਨ, ਜਿਨ੍ਹਾਂ ਨੇ 37 ਜ਼ਿਲ੍ਹਾ ਪ੍ਰੀਸ਼ਦਾਂ ਵਿੱਚੋਂ 26 ਵਿੱਚ ਜ਼ਿਲ੍ਹਾ ਪ੍ਰਮੁੱਖ ਦੇ ਅਹੁਦੇ ਹਾਸਲ ਕੀਤੇ ਹਨ | ਔਰਤਾਂ ਦੇ ਇਸ ਗਿਣਾਤਮਕ ਦਬਦਬੇ ਤੋਂ ਪਰੇ੍ਹ, ਨਤੀਜਿਆਂ ਨੇ ਇੱਕ ਮਹੱਤਵਪੂਰਨ ਰੁਝਾਨ ਦਾ ਖੁਲਾਸਾ ਕੀਤਾ ਹੈ-ਪ੍ਰਮੁੱਖ ਸਿਆਸੀ ਪਰਵਾਰ ਪੇਂਡੂ ਰਾਜਸਥਾਨ ਵਿੱਚ ਆਪਣਾ ਪ੍ਰਭਾਵ ਮਜ਼ਬੂਤ ਕਰਨ ਲਈ ਆਪਣੀਆਂ ਨੂੰਹਾਂ ਅਤੇ ਪਤਨੀਆਂ ਨੂੰ ਉਤਾਰ ਰਹੇ ਹਨ |
ਜਦੋਂ ਕਿ ਰਾਜਸਥਾਨ ਵਿੱਚ ਸਿਆਸੀ ਜਾਨਸ਼ੀਨ ਰਵਾਇਤੀ ਤੌਰ ‘ਤੇ ਪੁੱਤਰ ਰਹੇ ਹਨ | ਇਸ ਵਾਰ ਭਾਜਪਾ ਤੇ ਕਾਂਗਰਸ ਦੋਵਾਂ ਦੇ ਕਈ ਸੀਨੀਅਰ ਨੇਤਾ ਆਪਣੀਆਂ ਪਤਨੀਆਂ ਅਤੇ ਨੂੰਹਾਂ ਨੂੰ ਪੰਚਾਇਤੀ ਰਾਜ ਪ੍ਰਣਾਲੀ ਵਿੱਚ ਉੱਚ ਜ਼ਿਲ੍ਹਾ ਅਹੁਦਿਆਂ ‘ਤੇ ਬਿਠਾਉਣ ਵਿੱਚ ਕਾਮਯਾਬ ਰਹੇ ਹਨ | ਸਭ ਤੋਂ ਮਹੱਤਵਪੂਰਨ ਸਿਆਸੀ ਮੁਕਾਬਲਾ ਚੁਰੂ ਵਿੱਚ ਹੋਇਆ, ਜਿੱਥੇ ਸੀਨੀਅਰ ਭਾਜਪਾ ਨੇਤਾ ਤੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਰਾਜੇਂਦਰ ਰਾਠੌਰ ਆਪਣੇ ਪੁੱਤਰ ਪਰਾਕਰਮ ਸਿੰਘ ਅਤੇ ਨੂੰਹ ਕਨਿਕਾ ਸਿੰਘ ਦੋਵਾਂ ਨੂੰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਚੁਣਵਾਉਣ ਵਿੱਚ ਕਾਮਯਾਬ ਰਹੇ, ਪਰ ਜਦੋਂ ਪ੍ਰਧਾਨਗੀ ਦੀ ਗੱਲ ਆਈ, ਤਾਂ ਰਾਠੌਰ ਨੇ ਨੂੰਹ ਦਾ ਸਾਥ ਦਿੱਤਾ | ਚੁਰੂ ਜ਼ਿਲ੍ਹਾ ਪ੍ਰੀਸ਼ਦ ਦੀਆਂ 39 ਵਿੱਚੋਂ 21 ਸੀਟਾਂ ਨਾਲ ਕਾਂਗਰਸ ਨੂੰ ਸਪੱਸ਼ਟ ਬਹੁਮਤ ਮਿਲਣ ਦੇ ਬਾਵਜੂਦ, ਭਾਜਪਾ ਦੀਆਂ 17 ਸੀਟਾਂ ਨਾਲ ਰਾਠੌਰ ਮੁਕਾਬਲੇ ਨੂੰ ਆਪਣੀ ਪਾਰਟੀ ਦੇ ਹੱਕ ਵਿੱਚ ਕਰਨ ਵਿੱਚ ਕਾਮਯਾਬ ਰਹੇ | ਕਨਿਕਾ ਨੂੰ ਕਾਂਗਰਸ ਉਮੀਦਵਾਰ ਪ੍ਰਕਾਸ਼ ਦੇਵੀ ਦੀਆਂ 17 ਵੋਟਾਂ ਦੇ ਮੁਕਾਬਲੇ 22 ਵੋਟਾਂ ਮਿਲੀਆਂ, ਜੋ ਵਿਰੋਧੀ ਧਿਰ ਦੇ ਮੈਂਬਰਾਂ ਦੁਆਰਾ ਕਰਾਸ-ਵੋਟਿੰਗ ਦਾ ਸੰਕੇਤ ਦਿੰਦੀਆਂ ਹਨ | ਫਲੋਦੀ ਵਿੱਚ ਸੀਨੀਅਰ ਕਾਂਗਰਸੀ ਆਗੂ ਕੁੰਭ ਸਿੰਘ ਪਟਾਵਤ ਦੀ ਨੂੰਹ ਯਸ਼ਵੰਤ ਕੰਵਰ ਨੇ ਵੀ ਜ਼ਿਲ੍ਹਾ ਪ੍ਰਧਾਨ ਦਾ ਅਹੁਦਾ ਹਾਸਲ ਕੀਤਾ ਹੈ | ਨੂੰਹਾਂ ਤੋਂ ਇਲਾਵਾ ਕਈ ਪ੍ਰਮੁੱਖ ਨੇਤਾ ਆਪਣੀਆਂ ਪਤਨੀਆਂ ਨੂੰ ਇਸ ਅਹੁਦੇ ‘ਤੇ ਬਿਰਾਜਮਾਨ ਕਰਾਉਣ ਵਿੱਚ ਸਫਲ ਹੋਏ | ਸਵਾਈ ਮਾਧੋਪੁਰ ਵਿੱਚ, ਸਾਬਕਾ ਮੰਤਰੀ ਤੇ ਕਾਂਗਰਸ ਨੇਤਾ ਅਸ਼ੋਕ ਬੈਰਵਾ ਦੀ ਪਤਨੀ ਆਸ਼ਾ ਦੇਵੀ ਨੂੰ ਬਿਨਾਂ ਮੁਕਾਬਲਾ ਚੁਣਿਆ ਗਿਆ | ਇਸੇ ਤਰ੍ਹਾਂ ਕਾਂਗਰਸ ਵਿਧਾਇਕ ਦੀਨਦਿਆਲ ਬੈਰਵਾ ਦੀ ਪਤਨੀ ਬੀਨਾ ਬੈਰਵਾ ਨੂੰ ਦੌਸਾ ਵਿੱਚ ਬਿਨਾਂ ਮੁਕਾਬਲਾ ਚੁਣਿਆ ਗਿਆ, ਜਦੋਂ ਕਿ ਕਾਂਗਰਸੀ ਨੇਤਾ ਤੇ ਸਾਬਕਾ ਡੇਅਰੀ ਚੇਅਰਮੈਨ ਬਦਰੀਲਾਲ ਜਾਟ ਦੀ ਪਤਨੀ ਰਤਨੀ ਦੇਵੀ ਜਾਟ ਨੇ ਚਿਤੌੜਗੜ੍ਹ ਵਿੱਚ ਜ਼ਿਲ੍ਹਾ ਪ੍ਰਮੁੱਖ ਦਾ ਅਹੁਦਾ ਹਾਸਲ ਕੀਤਾ |
ਪ੍ਰਭਾਵਸ਼ਾਲੀ ਪਰਵਾਰਾਂ ਦੇ ਅੰਦਰ ਇਨ੍ਹਾਂ ਅਹੁਦਿਆਂ ਨੂੰ ਬਰਕਰਾਰ ਰੱਖਣ ਪਿੱਛੇ ਸਿਆਸੀ ਗਿਣਤੀਆਂ-ਮਿਣਤੀਆਂ ਵੀ ਓਨੀਆਂ ਹੀ ਮਹੱਤਵਪੂਰਨ ਹਨ | ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਪੱਧਰੀ ਪੰਚਾਇਤੀ ਰਾਜ ਸੰਸਥਾ ਦੀ ਅਗਵਾਈ ਕਰਦੇ ਹਨ, ਜੋ ਕਰੋੜਾਂ ਰੁਪਏ ਦੇ ਖਰਚਿਆਂ ਵਾਲੇ ਪੇਂਡੂ ਵਿਕਾਸ ਪ੍ਰੋਗਰਾਮਾਂ ਦੀ ਨਿਗਰਾਨੀ ਕਰਦੀ ਹੈ ਅਤੇ ਜ਼ਿਲ੍ਹੇ ਭਰ ਵਿੱਚ ਵਿਕਾਸ ਸੰਬੰਧੀ ਤਰਜੀਹਾਂ ਨਿਰਧਾਰਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ | ਸੀਨੀਅਰ ਸਿਆਸਤਦਾਨਾਂ ਲਈ, ਪਰਵਾਰਕ ਮੈਂਬਰਾਂ ਰਾਹੀਂ ਜ਼ਿਲ੍ਹਾ ਪ੍ਰੀਸ਼ਦ ‘ਤੇ ਪ੍ਰਭਾਵ ਬਣਾਈ ਰੱਖਣ ਨਾਲ ਉਨ੍ਹਾਂ ਨੂੰ ਆਪਣੇ ਜ਼ਮੀਨੀ ਨੈੱਟਵਰਕ ਨੂੰ ਬਣਾਈ ਰੱਖਣ ਅਤੇ ਗ੍ਰਾਮ ਪੰਚਾਇਤਾਂ ਤੇ ਪੰਚਾਇਤ ਸੰਮਤੀਆਂ ਦੇ ਚੁਣੇ ਹੋਏ ਪ੍ਰਤੀਨਿਧੀਆਂ ਨਾਲ ਆਪਣੇ ਸੰਬੰਧ ਮਜ਼ਬੂਤ ਕਰਨ ਵਿੱਚ ਮਦਦ ਮਿਲਦੀ ਹੈ |
ਜਿੱਥੇ 26 ਔਰਤਾਂ ਦੀ ਚੋਣ ਰਾਜਸਥਾਨ ਦੇ ਪੇਂਡੂ ਸ਼ਾਸਨ ਵਿੱਚ ਔਰਤ ਪ੍ਰਤੀਨਿਧਤਾ ਦੇ ਮਹੱਤਵਪੂਰਨ ਵਿਸਥਾਰ ਨੂੰ ਦਰਸਾਉਂਦੀ ਹੈ, ਉੱਥੇ ਹੀ ਸਿਆਸੀ ਮਹਾਰਥੀਆਂ ਦੀਆਂ ਪਤਨੀਆਂ ਅਤੇ ਨੂੰਹਾਂ ਦਾ ਉਭਾਰ ਇਹ ਵੀ ਦਰਸਾਉਂਦਾ ਹੈ ਕਿ ਕਿਵੇਂ ਸਥਾਪਤ ਸਿਆਸੀ ਪਰਵਾਰ ਸੱਤਾ ਨੂੰ ਬਰਕਰਾਰ ਰੱਖਣ ਅਤੇ ਆਪਣੀ ਸਿਆਸੀ ਵਿਰਾਸਤ ਨੂੰ ਸੁਰੱਖਿਅਤ ਰੱਖਣ ਲਈ ਆਪਣੀਆਂ ਰਣਨੀਤੀਆਂ ਨੂੰ ਢਾਲ ਰਹੇ ਹਨ |