ਨਵੀਂ ਦਿੱਲੀ : ਦਿੱਲੀ ਦੀ ਇੱਕ ਅਦਾਲਤ ਨੇ ਸ਼ੁੱਕਰਵਾਰ ਨੂੰ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਨਵਾਂ ਬੈਂਕ ਅਕਾਊਂਟ ਖੋਲ੍ਹਣ ਦੀ ਇਜਾਜ਼ਤ ਦਿੱਤੀ, ਕਿਉਂਕਿ ਉਨ੍ਹਾ ਦੇ ਪੁਰਾਣੇ ਅਕਾਊਂਟ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਅਟੈਚ ਕਰ ਦਿੱਤਾ ਹੈ। ਸ਼ਰਾਬ ਘੋਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ ਇਸ ਕਾਰਵਾਈ ਦੀ ਵਜ੍ਹਾ ਕਾਰਨ ਜੇਲ੍ਹ ’ਚ ਬੰਦ ਸਿਸੋਦੀਆ ਆਪਣੀ ਤਨਖਾਹ ਵੀ ਪਰਵਾਰ ਲਈ ਖਰਚ ਨਹੀਂ ਸਨ ਕਰ ਪਾ ਰਹੇ। ਸਿਸੋਦੀਆ ਦੀ ਵਿਧਾਇਕ ਦੇ ਰੂਪ ’ਚ ਮਿਲਣ ਵਾਲੀ ਤਨਖਾਹ ਵੀ ਇਸ ਅਕਾਊਂਟ ’ਚ ਆਉਂਦੀ ਹੈ। ਕੋਰਟ ’ਚ ਪੇਸ਼ ਹੋਏ ਸਿਸੋਦੀਆ ਨੇ ਕੋਰਟ ਤੋਂ ਨਵਾਂ ਅਕਾਊਂਟ ਖੁੱਲ੍ਹਵਾਉਣ ਦੀ ਇਜਾਜ਼ਤ ਮੰਗੀ ਸੀ।
ਕੋਰਟ ਨੇ ਇਹ ਵੀ ਕਿਹਾ ਕਿ ਨਵੇਂ ਅਕਾਊਂਟ ਦਾ ਬਿਊਰਾ ਈ ਡੀ ਨੂੰ ਵੀ ਉਪਲਬਧ ਕਰਾਇਆ ਜਾਵੇ। ਇਸ ’ਤੇ ਸਿਸੋਦੀਆ ਨੇ ਕਿਹਾ, ‘ਉਹ ਸਭ ਕੁਝ ਜਾਣਦੇ ਹਨ, ਇਹ ਵੀ ਕਿ ਮੈਂ ਕਿੰਨੀਆਂ ਰੋਟੀਆਂ ਖਾਂਦਾ ਹਾਂ।’ ਕੋਰਟ ਨੇ ਕੇਂਦਰੀ ਜਾਂਚ ਏਜੰਸੀ ਨੂੰ ਕਿਹਾ ਕਿ ਉਹ ਇਸ ਕੇਸ ’ਚ ਮੁਲਜ਼ਮਾਂ ਨੂੰ ਚਾਰਜਸ਼ੀਟ ਦੀ ਕਾਪੀ ਅਤੇ ਸੰੰਬੰਧਤ ਦਸਤਾਵੇਜ਼ ਉਪਲਬਧ ਕਰਾਉਣ। ਈ ਡੀ ਨੇ ਮੁਲਜ਼ਮ ਅਮਨਦੀਪ ਢੱਲ ਨੂੰ ਉਸ ਦੀ ਮੰਗ ਮੁਤਾਬਕ ਪੁੱਛਗਿੱਛ ਦੌਰਾਨ ਸੀ ਸੀ ਟੀ ਵੀ ਫੁਟੇਜ ਵੀ ਉਪਲਬਧ ਕਰਾਈ। ਕੋਰਟ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 22 ਸਤੰਬਰ ਪਾਈ ਹੈ।



