ਕੋਟ ਫਤੂਹੀ : ਕਾਮਰੇਡ ਬੀਬੀ ਸੰਤੋਸ਼ ਚਾਵਲਾ ਤੇ ਉਨ੍ਹਾਂ ਦੇ ਪਤੀ ਪੂਰਨ ਚੰਦ ਚਾਵਲਾ ਦੀ ਸਾਲਾਨਾ ਬਰਸੀ ’ਤੇ ਸ਼ਰਧਾਂਜਲੀ ਅਰਪਿਤ ਕਰਨ ਲਈ ਜੁੜੇ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਵੱਡਿਆਂ ਦਾ ਤਜਰਬਾ ਸਾਨੂੰ ਭਵਿੱਖ ’ਚ ਅੱਗੇ ਵਧਣ ਲਈ ਰਾਹ ਦਸੇਰਾ ਹੁੰਦਾ ਹੈ। ਇਸ ਲਈ ਵਡੇਰਿਆਂ, ਭਾਵ ਮਾਪਿਆਂ ਦੀ ਸਮਾਜ ਤੇ ਪਰਵਾਰ ਨੂੰ ਖੁਸ਼ਹਾਲ ਬਣਾਉਣ ਦੀ ਘਾਲਣਾ ਨੂੰ ਜਿਹੜਾ ਮਨੁੱਖ ਭੁੱਲ ਜਾਂਦਾ ਹੈ, ਉਹ ਕਦੀ ਵੀ ਲੰਬਾ ਸਮਾਂ ਸੁੱਖ ਭਰਿਆ ਜੀਵਨ ਨਹੀਂ ਗੁਜ਼ਾਰ ਸਕਦਾ। ਕਮਿਊਨਿਸਟ ਪਰਵਾਰ ਤੇ ਆਮ ਮਨੁੱਖ ਤੋਂ ਕਿਤੇ ਅੱਗੇ ਹੁੰਦਾ ਹੈ। ਉਹ ਆਪਣੇ ਇਕੱਲੇ ਪਰਵਾਰ ਦੀ ਖੁਸ਼ੀ ਨਹੀਂ ਭਾਲਦਾ, ਉਹ ਆਂਢ ਗੁਆਂਢ ਨੂੰ ਵੀ ਖੁਸ਼ ਵੇਖਣਾ ਚਾਹੁੰਦਾ ਹੈ। ਕਾਮਰੇਡਾਂ ਦੀ ਇਹ ਸੋਚ ਵੀ ਬਿਲਕੁਲ ਸਹੀ ਹੈ ਕਿ ਜੇ ਆਂਢ ਗੁਆਂਢ ਸੁਖੀ ਨਹੀਂ, ਉਹ ਰੋਟੀ ਰੋਜ਼ੀ ਨੂੰ ਤਰਸਦੇ ਹਨ ਤੇ ਫਿਰ ਖਾਂਦੇ ਪੀਂਦੇ ਗੁਆਂਢੀ ਨਾਲ ਕਲੇਸ਼ ਰਹਿਣਾ ਹੀ ਰਹਿਣਾ ਹੈ ਤੇ ਇਸ ਕਲੇਸ਼ ਦਾ ਅਸਰ ਸੁਖੀ ਪਰਵਾਰ ’ਤੇ ਵੀ ਜ਼ਰੂਰੀ ਪਵੇਗਾ। ਜੇ ਉਹ ਆਂਢ ਗੁਆਂਢ ਚੋਰੀ, ਠੱਗੀ, ਬੇਈਮਾਨੀ ਨਾਲ ਘਰ ਚਲਾਉਂਦਾ ਹੈ ਤੇ ਫਿਰ ਰੋਟੀ ਖਾਂਦੇ ਪਰਵਾਰ ਵਿੱਚ ਵੀ ਉਹ ਜ਼ਰੂਰ ਚੋਰੀ ਕਰੇਗਾ ਕਿਉਂਕਿ ਆਂਢ ਗੁਆਂਢ ਤੋਂ ਲੁਕਾਉਣਾ ਭਾਵ ਰਾਖੀ ਕਰਨੀ ਔਖੀ ਹੁੰਦੀ ਹੈ। ਮਾੜੀਮੇਘਾ ਨੇ ਕਿਹਾ ਕਿ ਇਹ ਪਰਵਾਰ ਸਮਾਜ ਦੀ ਖੁਸ਼ਹਾਲੀ ਵਾਸਤੇ ਜੂਝਦਾ ਰਿਹਾ ਤੇ ਹੁਣ ਰਾਜੇਸ਼ ਨੇ ਦੇਸ਼ ਸੇਵਾ ਦਾ ਕੰਮ ਸਾਂਭਿਆ ਹੈ। ਬੀਬੀ ਔਰਤਾਂ ਨੂੰ ਸੁਚੇਤ ਕਰਨ ਦਾ ਕੰਮ ਕਰਦੀ ਤੇ ਉਨ੍ਹਾਂ ਨੂੰ ਬੁਰਾਈਆਂ ਵਿਰੁੱਧ ਜਾਗਰੂਕ ਤੇ ਜਥੇਬੰਦ ਕਰਦੀ ਸੀ। ਔਰਤਾਂ ਨੂੰ ਗਿਆਨ ਭਾਵ ਸਮਝਾਉਣਾ ਬੜਾ ਵੱਡਾ ਕੰਮ ਹੈ ਤੇ ਜਿਹੜਾ ਬੀਬੀ ਨੇ ਕੀਤਾ। ਸਾਡੇ ਬਾਪ ਸਮਾਨ ਕਾਮਰੇਡ ਪੂਰਨ ਚੰਦ ਨੇ ਵੇਲਣੇ ਤੋਂ ਰੌ ਕੱਢ ਕੇ ਗਲਾਸ ਗਲਾਸ ਵੇਚ ਕੇ ਪਰਵਾਰ ਨੂੰ ਇਥੋਂ ਤੱਕ ਲਿਆਂਦਾ ਹੈ। ਅਜਿਹਾ ਕੰਮ ਹਾਰੀ ਸਾਰੀ ਨਹੀਂ ਕਰ ਸਕਦਾ, ਸਿਰਫ ਹਠੀ ਮਨੁੱਖ ਹੀ ਕਰ ਸਕਦਾ ਹੈ। ਕੁਦਰਤ ਵੀ ਇਹੋ ਜਿਹੇ ਕਿਰਤੀ ਇਨਸਾਨ ਦਾ ਸਾਥ ਦਿੰਦੀ ਹੈ। ਸਰਬ ਭਾਰਤ ਨੌਜਵਾਨ ਸਭਾ ਦੇ ਕੌਮੀ ਪ੍ਰਧਾਨ ਸੁਖਜਿੰਦਰ ਮਹੇਸਰੀ ਨੇ ਕਿਹਾ ਕਿ ਸਮਾਜ ਨੂੰ ਖੁਸ਼ਹਾਲ ਤਾਂ ਹੀ ਬਣਾਇਆ ਜਾ ਸਕਦਾ ਹੈ ਜੇ ਜੁਆਨੀ ਨੂੰ 18 ਸਾਲ ਦੀ ਉਮਰ ਤੋਂ ਬਾਅਦ ਪੱਕਾ ਭਾਵ ਸਰਕਾਰ ਵੱਲੋਂ ਸਰਕਾਰੀ ਰੁਜ਼ਗਾਰ ਦਿੱਤਾ ਜਾਵੇ। ਜੇ ਹਰੇਕ ਮਨੁੱਖ ਕੰਮ ਕਰਦਾ ਹੋਵੇਗਾ ਤੇ ਫਿਰ ਬੇਈਮਾਨੀ, ਠੱਗੀ, ਕੁਰੱਪਸ਼ਨ, ਚੋਰੀ, ਡਾਕਾ, ਧੱਕੇਸ਼ਾਹੀ ਆਪਣੇ ਆਪ ਖਤਮ ਹੋ ਜਾਵੇਗੀ। ਜਨਤਾ ਅਮਨ ਚੈਨ ਨਾਲ ਕੰਮ ਕਰੇਗੀ। ਸਮਾਜ ਤਰੱਕੀ ਦੀਆਂ ਮੰਜ਼ਲਾਂ ’ਤੇ ਪਹੁੰਚ ਜਾਵੇਗਾ। ਵਿਚਾਰ ਹੋਇਆ ਕਿ ਭਗਤ ਸਿੰਘ ਦੇ ਜਨਮ ਦਿਨ ਦੇ ਸਮਾਗਮ ਤੋਂ ਪਹਿਲਾਂ ਅੱਤਵਾਦ ਦੌਰਾਨ ਸ਼ਹੀਦ ਹੋਏ ਮਹਾਨ ਕਮਿਊਨਿਸਟ ਦਰਸ਼ਨ ਸਿੰਘ ਕਨੇਡੀਅਨ ਦੀ ਬਰਸੀ ’ਤੇ 25 ਸਤੰਬਰ ਨੂੰ ਉਨ੍ਹਾਂ ਦੇ ਪਿੰਡ ਵਿਚਾਰ ਚਰਚਾ ਹੋਵੇਗੀ। ਇਸ ਤੋਂ ਬਾਅਦ ਉਕਤ ਵਿਚਾਰਾਂ ਦੀ ਪੂਰਤੀ ਲਈ ਸਰਬ ਭਾਰਤ ਨੌਜਵਾਨ ਸਭਾ ਤੇ ਏ ਆਈ ਐਸ ਐਫ ਦੀਆਂ ਪੰਜਾਬ ਇਕਾਈਆਂ ਵੱਲੋਂ ਪਰਮਗੁਣੀ ਭਗਤ ਸਿੰਘ ਦੇ ਜਨਮ ਦਿਹਾੜੇ ’ਤੇ 28 ਸਤੰਬਰ ਨੂੰ ਦੇਸ਼ ਭਗਤ ਯਾਦਗਾਰ ਕੰਪਲੈਕਸ ਜਲੰਧਰ ਵਿਖੇ ਧੂਮ ਧੜੱਕੇ ਨਾਲ ਸੂਬਾਈ ਪੱਧਰ ਦਾ ਸਮਾਗਮ ਕੀਤਾ ਜਾ ਰਿਹਾ ਹੈ। ਇਸ ਸਮਾਗਮ ਦੀ ਕਾਮਯਾਬੀ ਲਈ ਹੁੰਮਹੁਮਾ ਕੇ ਪੁੱਜੋ। ਅੱਜ ਦੇ ਪ੍ਰੋਗਰਾਮ ਨੂੰ ਸੀ ਪੀ ਆਈ ਤਹਿਸੀਲ ਗੜ੍ਹਸ਼ੰਕਰ ਦੇ ਸਕੱਤਰ ਸਾਧੂ ਸਿੰਘ ਮਾਹਲਪੁਰ, ਰਾਜੇਸ਼ ਚਾਵਲਾ, ਭੀਮ ਸੈਨ, ਹਰਬੰਸ ਸਿੰਘ ਪਥਰਾਲਾ, ਨਰਿੰਦਰ ਸਿੰਘ, ਸ਼ਿਵਾ ਯਾਦਵ, ਕੁਲਦੀਪ ਸਿੰਘ ਮਹਿਲਪੁਰ, ਨਰਿੰਦਰ ਮੁੱਗੋਪੱਟੀ, ਰਜੀਵ ਕੁਮਾਰ ਚਾਵਲਾ ਨੇ ਵੀ ਸੰਬੋਧਨ ਕੀਤਾ।





