ਮੁੰਬਈ : ਊਧਵ ਠਾਕਰੇ ਵਿਰੁੱਧ ਬਗਾਵਤ ਕਰਨ ਤੋਂ ਬਾਅਦ ਏਕਨਾਥ ਸ਼ਿੰਦੇ ਨੇ ਕਿਹਾ ਸੀ ਕਿ ਭਾਜਪਾ ਨਾਲ ਗੱਠਜੋੜ ਤੋੜ ਕੇ ਕਾਂਗਰਸ ਤੇ ਐੱਨ ਸੀ ਪੀ ਨਾਲ ਗੱਠਜੋੜ ਕਰਕੇ ਸਰਕਾਰ ਬਣਾਉਣ ਨਾਲ ਸ਼ਿਵ ਸੈਨਾ ਨੂੰ ਭਾਰੀ ਨੁਕਸਾਨ ਹੋਇਆ ਅਤੇ ਭਾਜਪਾ-ਸ਼ਿਵ ਸੈਨਾ ਗੱਠਜੋੜ ਮਹਾਰਾਸ਼ਟਰ ਨੂੰ ਮਹਾਨ ਉਚਾਈਆਂ ਤੱਕ ਲੈ ਜਾਵੇਗਾ |
ਅੰਕੜੇ ਕੁਝ ਹੋਰ ਕਹਾਣੀ ਕਹਿੰਦੇ ਹਨ | ਪਿਛਲੇ 33 ਸਾਲ ਵਿਚ ਭਾਜਪਾ 42 ਤੋਂ 106 ਸੀਟਾਂ ‘ਤੇ ਪੁੱਜ ਗਈ, ਜਦਕਿ ਸ਼ਿਵ ਸੈਨਾ 73 ਤੋਂ ਘਟ ਕੇ 56 ‘ਤੇ ਆ ਗਈ | ਯਾਨੀ ਭਾਜਪਾ ਮਹਾਰਾਸ਼ਟਰ ਵਿਚ 152 ਫੀਸਦੀ ਵਧੀ, ਜਦਕਿ ਸ਼ਿਵ ਸੈਨਾ 24 ਫੀਸਦੀ ਸਿਮਟੀ | ਹਿੰਦੂਤਵ ਦੀ ਲਹਿਰ ਦਰਮਿਆਨ ਭਾਜਪਾ ਤੇ ਸ਼ਿਵ ਸੈਨਾ ਦਾ 33 ਸਾਲ ਪਹਿਲਾਂ 1989 ਵਿਚ ਗੱਠਜੋੜ ਹੋਇਆ ਸੀ | ਹਾਲਾਂਕਿ ਇਸ ਦੀ ਸ਼ੁਰੂਆਤ 1984 ਵਿਚ ਹੀ ਹੋ ਗਈ ਸੀ | ਉਦੋਂ ਸ਼ਿਵ ਸੈਨਾ ਦੇ ਮਨੋਹਰ ਜੋਸ਼ੀ ਸਣੇ ਦੋ ਆਗੂਆਂ ਨੇ ਭਾਜਪਾ ਦੇ ਨਿਸ਼ਾਨ ‘ਤੇ ਲੋੋਕ ਸਭਾ ਦੀ ਚੋਣ ਲੜੀ ਸੀ, ਪਰ ਹਾਰ ਗਏ ਸੀ | ਸ਼ਿਵ ਸੈਨਾ-ਭਾਜਪਾ ਗੱਠਜੋੜ ਪਿੱਛੇ ਦਿਮਾਗ ਪ੍ਰਮੋਦ ਮਹਾਜਨ ਦਾ ਸੀ | ਬਾਲਾ ਸਾਹਿਬ ਠਾਕਰੇ ਦੇ ਸਮੇਂ ਮਹਾਰਾਸ਼ਟਰ ਦੀ ਸਿਆਸਤ ਵਿਚ ਸ਼ਿਵ ਸੈਨਾ ਹਮੇਸ਼ਾ ਵੱਡੇ ਭਰਾ ਦੀ ਭੂਮਿਕਾ ਵਿਚ ਰਹੀ | ਦੋਹਾਂ ਵਿਚਾਲੇ ਤੈਅ ਹੋਇਆ ਸੀ ਕਿ ਲੋਕ ਸਭਾ ਚੋਣਾਂ ਵਿਚ ਭਾਜਪਾ ਵੱਧ ਸੀਟਾਂ ਲੜੇਗੀ ਤੇ ਵਿਧਾਨ ਸਭਾ ਚੋਣਾਂ ਵਿਚ ਸ਼ਿਵ ਸੈਨਾ | 1990 ਵਿਚ ਸ਼ਿਵ ਸੈਨਾ ਨੇ 288 ਵਿਚੋਂ 183 ਸੀਟਾਂ ਲੜੀਆਂ ਤੇ ਭਾਜਪਾ ਨੇ 104 ਉਮੀਦਵਾਰ ਖੜ੍ਹੇ ਕੀਤੇ | ਸ਼ਿਵ ਸੈਨਾ ਨੇ 52 ਤੇ ਭਾਜਪਾ ਨੇ 42 ਸੀਟਾਂ ਜਿੱਤੀਆਂ | 1995 ਵਿਚ ਸ਼ਿਵ ਸੈਨਾ ਨੇ 73 ਤੇ ਭਾਜਪਾ ਨੇ 65 ਸੀਟਾਂ ਜਿੱਤੀਆਂ | ਸ਼ਿਵ ਸੈਨਾ ਦੇ ਮਨੋਹਰ ਜੋਸ਼ੀ ਮੁੱਖ ਮੰਤਰੀ ਤੇ ਭਾਜਪਾ ਦੇ ਗੋਪੀ ਨਾਥ ਮੁੰਡੇ ਉਪ ਮੁੱਖ ਮੰਤਰੀ ਬਣੇ | 1999 ਵਿਚ ਸ਼ਿਵ ਸੈਨਾ ਨੇ 69 ਤੇ ਭਾਜਪਾ ਨੇ 56 ਸੀਟਾਂ ਜਿੱਤੀਆਂ | ਸ਼ਿਵ ਸੈਨਾ ਜੋੜ-ਤੋੜ ਕਰਕੇ ਸਰਕਾਰ ਬਣਾਉਣਾ ਚਾਹੁੰਦੀ ਸੀ, ਪਰ ਭਾਜਪਾ ਨੇ ਸਾਥ ਨਹੀਂ ਦਿੱਤਾ | 2004 ਵਿਚ ਸ਼ਿਵ ਸੈਨਾ ਨੇ 62 ਤੇ ਭਾਜਪਾ ਨੇ 54 ਸੀਟਾਂ ਜਿੱਤੀਆਂ | ਆਪੋਜ਼ੀਸ਼ਨ ਦਾ ਆਗੂ ਸ਼ਿਵ ਸੈਨਾ ਦਾ ਬਣਿਆ | ਜਦੋਂ 2005 ਵਿਚ ਨਾਰਾਇਣ ਰਾਣੇ ਕਰੀਬ ਇਕ ਦਰਜਨ ਵਿਧਾਇਕਾਂ ਨਾਲ ਸ਼ਿਵ ਸੈਨਾ ਛੱਡ ਕੇ ਕਾਂਗਰਸ ਵਿਚ ਚਲੇ ਗਏ ਤਾਂ ਭਾਜਪਾ ਨੇ ਆਪੋਜ਼ੀਸ਼ਨ ਦੇ ਆਗੂ ਦੇ ਅਹੁਦੇ ‘ਤੇ ਦਾਅਵਾ ਠੋਕ ਦਿੱਤਾ, ਪਰ ਸ਼ਿਵ ਸੈਨਾ ਨਹੀਂ ਮੰਨੀ | 2009 ਦੀਆਂ ਚੋਣਾਂ ਵਿਚ ਭਾਜਪਾ ਨੇ 46 ਤੇ ਸ਼ਿਵ ਸੈਨਾ ਨੇ 45 ਸੀਟਾਂ ਜਿੱਤੀਆਂ | ਆਪੋਜ਼ੀਸ਼ਨ ਦਾ ਆਗੂ ਭਾਜਪਾ ਦਾ ਬਣਿਆ | 2014 ਵਿਚ ਭਾਜਪਾ ਨੇ ਵੱਧ ਸੀਟਾਂ ਮੰਗੀਆਂ | ਸਹਿਮਤੀ ਨਹੀਂ ਬਣੀ ਤਾਂ 25 ਸਾਲ ਪੁਰਾਣਾ ਗੱਠਜੋੜ ਟੁੱਟ ਗਿਆ | ਭਾਜਪਾ 122 ਸੀਟਾਂ ਜਿੱਤ ਗਈ ਤੇ ਸ਼ਿਵ ਸੈਨਾ ਸਾਰੀਆਂ ਸੀਟਾਂ ਲੜ ਕੇ ਵੀ 63 ਸੀਟਾਂ ਜਿੱਤ ਸਕੀ |
ਭਾਜਪਾ ਦੇ ਦੇਵੇਂਦਰ ਫੜਨਵੀਸ ਮੁੱਖ ਮੰਤਰੀ ਬਣੇ | ਕੁਝ ਦਿਨ ਆਪੋਜ਼ੀਸ਼ਨ ਵਿਚ ਬੈਠਣ ਦੇ ਬਾਅਦ ਸ਼ਿਵ ਸੈਨਾ ਫਿਰ ਸਰਕਾਰ ਵਿਚ ਸ਼ਾਮਲ ਹੋ ਗਈ, ਪਰ ਵੱਡੇ ਭਰਾ ਤੋਂ ਛੋਟੇ ਭਰਾ ਦੇ ਰੂਪ ਵਿਚ | 2019 ਵਿਚ ਭਾਜਪਾ ਨੇ 106 ਤੇ ਸ਼ਿਵ ਸੈਨਾ ਨੇ 56 ਸੀਟਾਂ ਜਿੱਤੀਆਂ | ਸ਼ਿਵ ਸੈਨਾ ਨੇ ਢਾਈ-ਢਾਈ ਸਾਲ ਰਾਜ ਕਰਨ ਦੀ ਗੱਲ ਕਹੀ | ਭਾਜਪਾ ਨਹੀਂ ਮੰਨੀ ਤਾਂ ਗੱਠਜੋੜ ਟੁੱਟ ਗਿਆ | ਫਿਰ ਸ਼ਿਵ ਸੈਨਾ ਨੇ ਕਾਂਗਰਸ ਤੇ ਐੱਨ ਸੀ ਪੀ ਨਾਲ ਮਿਲ ਕੇ ਸਰਕਾਰ ਬਣਾ ਲਈ |