ਵਿਆਹ ਦੇ ਸੱਦਾ-ਪੱਤਰ ਨੇ ਫਸਾਏ

0
11

ਪਾਲਘਰ : ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਵਿੱਚ ਇਕ ਵਿਆਹ ਦੇ ਸੱਦਾ ਪੱਤਰ ਨੇ ਲੁੱਟ ਦੇ ਮਾਮਲੇ ਨੂੰ ਸੁਲਝਾਉਣ ਵਿੱਚ ਪੁਲਸ ਦੀ ਮਦਦ ਕੀਤੀ ਹੈ ਅਤੇ ਪੀੜਤ ਦੇ ਭਰਾ ਨੂੰ ਇਸ ਅਪਰਾਧ ਵਿੱਚ ਸ਼ਾਮਲ ਪਾਇਆ ਗਿਆ ਹੈ। ਇਹ ਘਟਨਾ 28 ਮਾਰਚ ਨੂੰ ਵਾਵਰ ਪਿੰਡ ਨੇੜੇ ਵਾਪਰੀ। ਐੱਸ ਪੀ ਬਾਲਾਸਾਹਿਬ ਪਾਟਿਲ ਨੇ ਦੱਸਿਆ ਕਿ ਪੀੜਤ ਬੋਰੂ ਖਾਂਡੂ ਬਿਨਾਰ (30) ਪਿਕਅੱਪ ਵੈਨ ਵਿੱਚ ਯਾਤਰਾ ਕਰ ਰਿਹਾ ਸੀ, ਜਦੋਂ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੀ ਮੋਟਰਸਾਈਕਲ ਖਰਾਬ ਹੋਣ ਦੇ ਬਹਾਨੇ ਉਸ ਨੂੰ ਰੋਕਿਆ, ਜਿਸ ਉਪਰੰਤ ਉਨ੍ਹਾਂ ਖਾਂਡੂ ਅਤੇ ਵੈਨ ਡਰਾਈਵਰ ਦੀਆਂ ਅੱਖਾਂ ਵਿੱਚ ਮਿਰਚ ਪਾਊਡਰ ਪਾਇਆ ਅਤੇ 6,85,500 ਰੁਪਏ ਲੁੱਟ ਲਏ। ਉਨ੍ਹਾਂ ਨੇ ਭੱਜਣ ਤੋਂ ਪਹਿਲਾਂ ਗੰਭੀਰ ਨਤੀਜਿਆਂ ਦੀ ਧਮਕੀ ਵੀ ਦਿੱਤੀ। ਅਪਰਾਧ ਵਾਲੀ ਥਾਂ ’ਤੇ ਜਾਂਚ ਦੌਰਾਨ ਪੁਲਸ ਨੂੰ ਵਿਆਹ ਦਾ ਸੱਦਾ-ਪੱਤਰ ਮਿਲਿਆ, ਜਿਸ ਵਿੱਚ ਮਿਰਚ ਪਾਊਡਰ ਪਾਇਆ ਹੋਇਆ ਸੀ। ਪੁਲਸ ਨੇ ਜਾਂਚ ’ਚ ਪਤਾ ਲਾਇਆ ਕਿ ਉਹ ਬੰਦਾ ਲੁੱਟ ਵਿੱਚ ਸ਼ਾਮਲ ਸੀ, ਜਿਸ ਦਾ ਨਾਂਅ ਸੱਦਾ ਪੱਤਰ ’ਤੇ ਲਿਖਿਆ ਸੀ। ਬਾਅਦ ਵਿੱਚ ਤਿੰਨ ਹੋਰ ਮੁਲਜ਼ਮਾਂ ਨੂੰ ਵੀ ਫੜ ਲਿਆ ਗਿਆ। ਇਨ੍ਹਾਂ ਚੌਹਾਂ ’ਚ ਖਾਂਡੂ ਦਾ ਭਰਾ ਦੱਤੂ ਖਾਂਡੂ ਬਿਨਾਰ (34) ਵੀ ਹੈ, ਜਿਸ ਨੇ ਲੁੱਟ ਦੀ ਯੋਜਨਾ ਬਣਾਈ ਸੀ।
ਕਰਨਲ ਤੇ ਬੇਟੇ ਦੀ ਕੁੱਟਮਾਰ ਦੀ ਜਾਂਚ ਚੰਡੀਗੜ੍ਹ ਪੁਲਸ ਹਵਾਲੇ
ਚੰਡੀਗੜ੍ਹ : ਕਰਨਲ ਪੁਸ਼ਪਿੰਦਰ ਸਿੰਘ ਬਾਠ ਤੇ ਉਨ੍ਹਾ ਦੇ ਪੁੱਤਰ ਅੰਗਦ ਬਾਠ ਦੀ ਕੁੱਟਮਾਰ ਦੇ ਮਾਮਲੇ ਦੀ ਜਾਂਚ ਹੁਣ ਪੰਜਾਬ ਪੁਲਸ ਦੀ ਥਾਂ ਚੰਡੀਗੜ੍ਹ ਪੁਲਸ ਵੱਲੋਂ ਕੀਤੀ ਜਾਵੇਗੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਹਰਪ੍ਰੀਤ ਸਿੰਘ ਬਰਾੜ ਨੇ ਕਿਹਾ ਕਿ ਕੇਸ ਦੀ ਜਾਂਚ ਚੰਡੀਗੜ੍ਹ ਪੁਲਸ ਕਰੇਗੀ। ਸੁਣਵਾਈ ਦੌਰਾਨ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਸੀ ਕਿ ਕੀ ਕੇਸ ਦੀ ਜਾਂਚ ਚੰਡੀਗੜ੍ਹ ਦੇ ਡੀ ਜੀ ਪੀ, ਸੀ ਬੀ ਆਈ ਜਾਂ ਵਿਸ਼ੇਸ਼ ਜਾਂਚ ਟੀਮ ਨੂੰ ਦਿੱਤੀ ਜਾਵੇ। ਪਟੀਸ਼ਨਰ ਨੇ ਮਾਮਲੇ ਦੀ ਸੀ ਬੀ ਆਈ ਜਾਂ ਨਿਰਪੱਖ ਜਾਂਚ ਦੀ ਮੰਗ ਕੀਤੀ ਸੀ। ਅਦਾਲਤ ਨੇ ਚਾਰ ਮਹੀਨਿਆਂ ’ਚ ਜਾਂਚ ਪੂਰੀ ਕਰਨ ਲਈ ਕਿਹਾ ਹੈ। ਚੰਡੀਗੜ੍ਹ ਪੁਲਸ ਤਿੰਨ ਦਿਨਾਂ ਵਿਚ ‘ਸਿਟ’ ਕਾਇਮ ਕਰੇਗੀ। ਦੱਸ ਦੇਈਏ ਕਿ ਕਰਨਲ ਬਾਠ ਨੇ ਆਪਣੀ ਪਟੀਸ਼ਨ ਵਿੱਚ ਕੇਸ ਦੀ ਜਾਂਚ ਸੀ ਬੀ ਆਈ ਜਿਹੀ ਕਿਸੇ ਸੁਤੰਤਰ ਏਜੰਸੀ ਨੂੰ ਸੌਂਪਣ ਦੀ ਮੰਗ ਕੀਤੀ ਸੀ। ਪਹਿਲਾਂ ਇਹ ਕੇਸ ਜਸਟਿਸ ਸੰਦੀਪ ਮੋਦਗਿਲ ਅੱਗੇ ਸੂਚੀਬੱਧ ਸੀ। ਕੇਸ ਉੱਤੇ 25 ਮਾਰਚ ਤੇ ਮਗਰੋਂ 28 ਮਾਰਚ ਨੂੰ ਸੁਣਵਾਈ ਹੋਈ ਸੀ।