ਮੰਤਰੀਆਂ ਦੀਆਂ ਗੱਡੀਆਂ ਲਈ ਪੈਟਰੋ ਕਾਰਡ/ਫਲੀਟ ਕਾਰਡ ਦੀ ਸਹੂਲਤ ਸ਼ੁਰੂ

0
305

ਚੰਡੀਗੜ੍ਹ (ਗੁਰਜੀਤ ਬਿੱਲਾ)-ਮਾਨ ਸਰਕਾਰ ਵੱਲੋਂ ਕੈਬਨਿਟ ਮੰਤਰੀਆਂ ਨੂੰ ਅਲਾਟ ਕੀਤੀਆਂ ਗੱਡੀਆਂ ਲਈ ਪੈਟਰੋ ਕਾਰਡ/ਫਲੀਟ ਕਾਰਡ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ | ਇਸ ਸੰਬੰਧੀ ਵਿੱਤ ਵਿਭਾਗ ਵੱਲੋਂ ਪੈਟਰੋ ਕਾਰਡ/ਫਲੀਟ ਕਾਰਡ ਦੀ ਸਹੂਲਤ ਸ਼ੁਰੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ | ਸਟੇਟ ਟਰਾਂਸਪੋਰਟ ਕਮਿਸ਼ਨਰ ਦਫਤਰ ਵੱਲੋਂ ਮੰਤਰੀਆਂ ਨਾਲ ਚਲਦੇ ਡਰਾਈਵਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਪੈਟਰੋਲ ਪੰਪ ‘ਤੇ ਪੈਟਰੋ ਕਾਰਡ ਦੀ ਸਹੂਲਤ ਉਪਲੱਬਧ ਹੋਣ ‘ਤੇ ਹੀ ਗੱਡੀ ਵਿੱਚ ਤੇਲ ਪੁਆਉਣਗੇ, ਪੰਪ ਤੋਂ ਮਿਲੀ ਕੰਪਿਊਟਰਾਈਜ਼ ਪਰਚੀ ‘ਤੇ ਗੱਡੀ ਦਾ ਨੰਬਰ ਲਾਜ਼ਮੀ ਪੁਆਉਣ, ਆਪਣੇ ਪੈਟਰੋਲ/ਡੀਜ਼ਲ ਦੇ ਬਿੱਲ ਲਾਗਬੁੱਕ ਭਰਨ ਉਪਰੰਤ ਹਰ ਮਹੀਨੇ ਦੀ 5 ਤਰੀਕ ਤੱਕ ਪੰਪ ਤੋਂ ਮਿਲੀਆਂ ਦੋਵੇਂ ਪਰਚੀਆਂ ਕੰਪਿਊਟਰਾਈਜ਼ਡ ਅਤੇ ਮੈਨੂਅਲ ਸਣੇ ਪੂਰਨ ਤੌਰ ‘ਤੇ ਮੁਕੰਮਲ ਅਤੇ ਤਸਦੀਕ ਕਰਵਾ ਕੇ ਜਮ੍ਹਾਂ ਕਰਵਾਉਣ ਅਤੇ ਸਮਰੀ ਸ਼ੀਟ ਉਤੇ ਰਕਮ ਦੇ ਨਾਲ-ਨਾਲ ਪੈਸੇ ਵੀ ਲਿਖਣ | ਡਰਾਈਵਰਾਂ ਨੂੰ ਕਿਹਾ ਗਿਆ ਹੈ ਕਿ ਕਿਸੇ ਵੀ ਮਹੀਨੇ ਦਾ ਬਿੱਲ ਮਿੱਥੀ ਮਿਤੀ ਤੱਕ ਨਾ ਜਮ੍ਹਾਂ ਹੋਣ ਦੀ ਸੂਰਤ ਵਿੱਚ ਪੈਟਰੋ ਕਾਰਡ ਨੂੰ ਬਲਾਕ ਕਰ ਦਿੱਤਾ ਜਾਵੇਗਾ ਅਤੇ ਪੈਟਰੋ ਕਾਰਡ ਦੇ ਗੁੰਮ ਹੋਣ ਦੀ ਸੂਰਤ ਵਿੱਚ ਡਰਾਈਵਰ ਤੋਂ ਪੈਸੇ ਜਮ੍ਹਾਂ ਕਰਵਾਏ ਜਾਣਗੇ | ਡਰਾਈਵਰਾਂ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਤੈਅ ਹੱਦ ਤੋਂ ਵੱਧ ਤੇਲ ਨਾ ਪੁਆਇਆ ਜਾਵੇ | ਅਜਿਹਾ ਕਰਨ ਦੀ ਸੂਰਤ ਵਿੱਚ ਜ਼ਿੰਮੇਵਾਰੀ ਡਰਾਈਵਰ ਦੀ ਹੋਵੇਗੀ | ਡਰਾਈਵਰਾਂ ਨੂੰ ਕਿਹਾ ਗਿਆ ਹੈ ਕਿ ਉਹ ਸਮਰੀ ਸ਼ੀਟ ਉਤੇ ਸਾਰੀ ਜਾਣਕਾਰੀ ਜਿਵੇਂ ਕਿ ਡਰਾਈਵਰ ਦਾ ਨਾਂਅ, ਮੋਬਾਈਲ ਨੰਬਰ, ਗੱਡੀ ਨੰਬਰ ਅਤੇ ਗੱਡੀ ਦੇ ਅਲਾਟੀ ਮੰਤਰੀ ਦਾ ਨਾਂਅ ਅਤੇ ਮੀਟਰ ਰੀਡਿੰਗ ਸ਼ੁਰੂ ਤੋਂ ਖਤਮ ਤੱਕ ਸਹੀ ਅਤੇ ਸਾਫ-ਸੁਥਰੀ ਭਰੀ ਜਾਵੇ ਅਤੇ ਡਰਾਈਵਰ ਦੇ ਹਸਤਾਖਰ ਅਤੇ ਬਟਾਲੀਅਨ ਨੰਬਰ ਲਿਖਿਆ ਹੋਵੇ | ਇਸੇ ਦੌਰਾਨ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਕੈਬਨਿਟ ਮੰਤਰੀਆਂ ਨੂੰ ਅਪੀਲ ਕੀਤੀ ਹੈ ਕਿ ਗੱਡੀਆਂ ਉਤੇ ਤਾਇਨਾਤ ਸੰਬੰਧਤ ਡਰਾਈਵਰਾਂ ਨੂੰ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨੀ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਜਾਵੇ ਤਾਂ ਜੋ ਪੈਟਰੋ ਕਾਰਡ ਦੀ ਸਹੂਲਤ ਨੂੰ ਨਿਰਵਿਘਨ ਚਲਾਇਆ ਜਾ ਸਕੇ |

LEAVE A REPLY

Please enter your comment!
Please enter your name here