ਚੰਡੀਗੜ੍ਹ : ਚੰਡੀਗੜ੍ਹ ਪੁਲਸ ਨੇ ਜਿਨਸੀ ਸ਼ੋਸ਼ਣ ਦੇ ਮਾਮਲੇ ’ਚ ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਖਿਲਾਫ ਆਪਣੀ ਅੰਤਮ ਰਿਪੋਰਟ ਅਦਾਲਤ ’ਚ ਪੇਸ਼ ਕਰ ਦਿੱਤੀ ਹੈ। ਕੇਸ ਦਰਜ ਹੋਣ ਤੋਂ ਕਰੀਬ ਅੱਠ ਮਹੀਨੇ ਬਾਅਦ ਚਾਰਜਸ਼ੀਟ ਦਾਖ਼ਲ ਕੀਤੀ ਗਈ। ਪੁਲਸ ਨੇ ਇੱਥੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ’ਚ ਰਿਪੋਰਟ ਪੇਸ਼ ਕੀਤੀ। ਚੰਡੀਗੜ੍ਹ ਪੁਲਸ ਨੇ ਸੰਦੀਪ ਸਿੰਘ ਨੂੰ ਆਈ ਪੀ ਸੀ ਦੀ ਧਾਰਾ 342, 354, 354ਏ, 354ਬੀ, 506 ਅਤੇ 509 ਤਹਿਤ ਕੇਸ ’ਚ ਮੁਲਜ਼ਮ ਬਣਾਇਆ ਹੈ। ਹੁਣ ਚਲਾਨ ’ਚ ਸ਼ਾਮਲ ਦੋਸ਼ਾਂ ’ਤੇ ਬਹਿਸ ਸ਼ੁਰੂ ਹੋਵੇਗੀ। ਅਦਾਲਤ ਦੀ ਅਗਲੀ ਪੇਸ਼ੀ ’ਤੇ ਸੰਦੀਪ ਸਿੰਘ ਦਾ ਪੇਸ਼ ਹੋਣਾ ਜ਼ਰੂਰੀ ਹੈ। ਮਹਿਲਾ ਕੋਚ, ਜਿਸ ਨੇ ਮੰਤਰੀ ’ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਹਨ, ਦੀ ਵਕੀਲ ਦੀਪਾਂਸ਼ੂ ਬਾਂਸਲ ਨੇ ਐੱਕਸ ’ਤੇ ਲਿਖਿਆਹਾਲਾਂਕਿ ਸ਼ਿਕਾਇਤ ਦੇ ਅੱਠ ਮਹੀਨੇ ਬਾਅਦ ਚਾਰਜਸ਼ੀਟ ਦਾਖਲ ਕੀਤੀ ਗਈ ਹੈ, ਪਰ ਹਾਲੇ ਵੀ ਇਸ ’ਚ ਬਲਾਤਕਾਰ ਦੀ ਕੋਸ਼ਿਸ਼ ਦੇ ਦੋਸ਼ਾਂ ਦਾ ਜ਼ਿਕਰ ਨਹੀਂ। ਮਹਿਲਾ ਕੋਚ ਨੂੰ 11 ਅਗਸਤ ਨੂੰ ਹਰਿਆਣਾ ਦੇ ਖੇਡ ਵਿਭਾਗ ਨੇ ਅਨੁਸ਼ਾਸਨੀ ਕਾਰਵਾਈ ਤਹਿਤ ਮੁਅੱਤਲ ਕਰ ਦਿੱਤਾ ਸੀ। ਚੰਡੀਗੜ੍ਹ ਪੁਲਸ ਨੇ ਇਸ ਚਾਰਜਸ਼ੀਟ ’ਚ ਸ਼ਿਕਾਇਤਕਰਤਾ ਮਹਿਲਾ ਕੋਚ ਅਤੇ ਸੰਦੀਪ ਸਿੰਘ ਦੇ ਵਿਚਾਲੇ ਸੋਸ਼ਲ ਮੀਡੀਆ ’ਤੇ ਹੋਈ ਚੈਟ ਨੂੰ ਵੀ ਅਹਿਮ ਰੂਪ ’ਚ ਸ਼ਾਮਲ ਕੀਤਾ ਹੈ।




