ਲਾਲ ਤੇ ਨੀਲੇ ਦੇ ਸੁਮੇਲ ਦੀ ਲੋੜ ਮਹਿਸੂਸ ਹੋਣ ਲੱਗੀ

0
243

ਹੈਦਰਾਬਾਦ (ਗਿਆਨ ਸੈਦਪੁਰੀ)
ਇੱਥੋਂ ਦੇ ਬੇਗਮਪੇਟ ਪਲਾਜ਼ਾ ਹੋਟਲ ਵਿੱਚ ਡਾਕਟਰ ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕਰਨ ਨਾਲ ਰਾਸ਼ਟਰੀ ਦਲਿਤ ਕਨਵੈਨਸ਼ਨ ਸ਼ੁਰੂ ਹੋਈ। ਸੈਂਟਰ ਫਾਰ ਦਲਿਤ ਸਟੱਡੀਜ਼ ਦੇ ਚੇਅਰਮੈਨ ਮਲੇਪਲਈ ਲਕਸ਼ਮਈਆ ਨੇ ਸਵਾਗਤੀ ਤਕਰੀਰ ’ਚ ਹੈਦਰਾਬਾਦ ਵਿੱਚ ਦਲਿਤ ਕਨਵੈਨਸ਼ਨ ਹੋਣ ਦੀ ਮਹੱਤਤਾ ਦਾ ਵਰਣਨ ਕਰਦਿਆ ਇੱਥੇ ਵੱਖ-ਵੱਖ ਸਮਿਆਂ ’ਚ ਚੱਲੇ ਸੰਘਰਸ਼ਾਂ ਤੋਂ ਜਾਣੂ ਕਰਵਾਇਆ। ਸਵਾਗਤੀ ਕਮੇਟੀ ਦੇ ਮੈਂਬਰ ਸੇਵਾ-ਮੁਕਤ ਆਈ ਏ ਐੱਸ ਅਧਿਕਾਰੀ ਕਾਕੀ ਮਾਧਵ ਰਾਓ ਨੇ ਕਿਹਾ ਕਿ ਡਾਕਟਰ ਅੰਬੇਡਕਰ ਦੇ ਸੰਘਰਸ਼ ਦਾ ਮੁੱਖ ਮੰਤਵ ਸਮਾਜਕ ਬਰਾਬਰਤਾ ਸੀ, ਪਰ ਇਹ ਕਿੱਧਰੇ ਵੀ ਵਿਖਾਈ ਨਹੀਂ ਦੇ ਰਹੀ। ਇਸ ਤੋਂ ਪਹਿਲਾਂ ਕਾਰਲ ਮਾਰਕਸ ਵੀ ਇਸ ਕਾਰਜ ਲਈ ਲੜੇ। ਇਸੇ ਲਈ ਲਾਲ ਅਤੇ ਨੀਲੇ ਦੇ ਸੁਮੇਲ ਦੀ ਲੋੜ ਮਹਿਸੂਸ ਹੋਣ ਲੱਗੀ ਹੈ। ਸੰਸਾਰ ਪੂੰਜੀਵਾਦ ਦੀ ਗੱਲ ਕਰਦਿਆ ਰਾਓ ਨੇ ਕਿਹਾ ਕਿ ਭਾਰਤ ਵਿੱਚ ਪੂੰਜੀਵਾਦ ਨੂੰ ਵਿਸਥਾਰਨ ਦੇ ਜ਼ਿੰਮੇਵਾਰ ਜਾਂ ਦੋਸ਼ੀ ਤਿੰਨ ਅਰਥ ਸ਼ਾਸ਼ਤਰੀ ਹਨ। ਉਹ ਹਨ ਡਾਕਟਰ ਮਨਮੋਹਨ ਸਿੰਘ, ਪੀ ਚਿਦੰਬਰਮ ਅਤੇ ਐੱਸ ਐੱਸ ਆਹਲੂਵਾਲੀਆ। ਕੇਰਲ ਸਰਕਾਰ ਦੇ ਮੰਤਰੀ ਰਾਧਾਕਿਸ਼ਨ ਨੇ ਆਪਣੇ ਭਰਾਤਰੀ ਸੰਦੇਸ਼ ’ਚ ਕਿਹਾ ਕਿ ਕੇਂਦਰ ਸਰਕਾਰ ਵਿਰੁੱਧ ਤਕੜੇ ਹੋ ਕੇ ਲੜਾਈ ਲੜਨ ਦੀ ਲੋੜ ਹੈ। ਉਹਨਾ ਕਿਹਾ ਕਿ ਕੇਰਲ ਸਰਕਾਰ ਹਾਸ਼ੀਏ ’ਤੇ ਧਕੇਲ ਦਿੱਤੇ ਗਏ ਲੋਕਾਂ ਲਈ ਸੰਜੀਦਗੀ ਨਾਲ ਕੰਮ ਕਰ ਰਹੀ ਹੈ। ਉਹਨਾ ਕੇਰਲ ਵਿੱਚ ਦਲਿਤ ਸੰਘਰਸ਼ ਦੇ ਨਾਇਕਾਂ ਦਾ ਉਚੇਚ ਨਾਲ ਜ਼ਿਕਰ ਕੀਤਾ। ਮੰਤਰੀ ਨੇ ਕਿਹਾ ਕਿ ਇਕ ਖਾਸ ਮੰਦਰ ’ਚ ਔਰਤਾਂ ਦੇ ਪ੍ਰਵੇਸ਼ ਦੀ ਮਨਾਹੀ ਵਿਰੁੱਧ ਕੇਰਲ ਨੇ ਲੜਾਈ ਵਿੱਚ ਜਿੱਤ ਪ੍ਰਾਪਤ ਕੀਤੀ। ਉਹਨਾ ਇਸ ਲੜਾਈ ਦੀ ਨਾਇਕਾ ਕਿ੍ਰਸ਼ਨਾ ਪਿਲੇ ਨੂੰ ਇਤਿਹਾਸਕ ਔਰਤ ਕਰਾਰ ਦਿੱਤਾ। ਪਹਿਲੇ ਦਿਨ ਦੀ ਕਨਵੈਨਸ਼ਨ ਦੇ ਪਹਿਲੇ ਸੈਸ਼ਨ ’ਚ ਕੁੰਜੀਵਤ ਭਾਸ਼ਣ ਡਾਕਟਰ ਰਾਜਾ ਸੇਖਰ ਵੰਦਰੂ ਆਈ ਏ ਐੱਸ ਐਡੀਸ਼ਨਲ ਚੀਫ ਸੈਕੇਟਰੀ ਹਰਿਅਣਾ ਨੇ ਦਿੱਤਾ। ਉਹਨਾ ਦਲਿਤ ਏਜੰਡੇ ਦਾ ਵਿਸਥਾਰ ਨਾਲ ਵਰਣਨ ਕੀਤਾ। ਡਾਕਟਰ ਵੰਦਰੂ ਨੇ 1976 ਵਿੱਚ ਹੈਦਰਾਬਾਦ ’ਚ ਹੋਏ ਹਰੀਜਨ ਸੰਮੇਲਨ ਨੂੰ ਯਾਦ ਕਰਵਾਉਂਦਿਆਂ ਕਿਹਾ ਕਿ ਦਲਿਤ ਅੰਦੋਲਨ ਦੇ ਸੰਦਰਭ ’ਚ ਇਹ ਸ਼ਹਿਰ ਇਤਿਹਾਸਕ ਹੈ। ਉਹਨਾ ਕਿਹਾ ਕਿ ਦੇਸ਼ ਇਸ ਸਮੇਂ ਸਮਾਜਕ, ਆਰਥਕ ਅਤੇ ਰਾਜਨੀਤਕ ਤੌਰ ’ਤੇ ਡੂੰਘੇ ਸੰਕਟ ’ਚ ਹੈ। ਜਦੋਂ ਤੋਂ ਭਾਜਪਾ ਸਰਕਾਰ ਆਈ ਹੈ, ਓਦੋਂ ਤੋਂ ਹਾਲਾਤ ਵਧੇਰੇ ਖਰਾਬ ਹੋ ਗਏ ਹਨ। ਭਾਰਤ ਦੀ ਸਮਾਜਕ ਅਵਸਥਾ ’ਚ ਜਾਤੀ ਭੇਦਭਾਵ ਅਤੇ ਛੂਤਛਾਤ ਨੂੰ ਬਰਕਰਾਰ ਰੱਖਣ ਲਈ ਮੋਦੀ ਸਰਕਾਰ ਯੋਜਨਾਬੱਧ ਢੰਗ ਨਾਲ ਕੰਮ ਕਰ ਰਹੀ ਹੈ। ਡਾਕਟਰ ਵੰਦਰੂ ਨੇ ਸੰਵਿਧਾਨ ਵਿੱਚ ਦਰਜ ਛੂਤਛਾਤ ਬਾਰੇ ਆਰਟੀਕਲ ਨੰਬਰ-17 ਦਾ ਵਿਸਥਾਰ ਨਾਲ ਵਰਣਨ ਕਰਨ ਤੋਂ ਇਲਾਵਾ ਸੰਵਿਧਾਨ ਨੂੰ ਖਤਮ ਕਰਨ ਦੀਆਂ ਸਰਕਾਰੀ ਕੋਸ਼ਿਸ਼ਾਂ ਦਾ ਵੀ ਜਿਕਰ ਕੀਤਾ।
ਪਹਿਲੇ ਸੈਸ਼ਨ ਦੀ ਪ੍ਰਧਾਨਗੀ ਮਾਲੇਪਲਈ ਲਕਸ਼ਮਈਆ, ਸੁਭਾਸ਼ਨੀ ਅਲੀ, ਬੀ. ਵੈਂਕਟ, ਵੀ ਐਸ ਨਿਰਮਲ, ਧਿਰੇਂਦਰ ਝਾਅ ਅਤੇ ਗੁਲਜ਼ਾਰ ਸਿੰਘ ਗੋਰੀਆ ਨੇ ਕੀਤੀ। ਪੇਸ਼ ਹੋਏ ਕਨਸੈਪਟ ਨੋਟ ’ਤੇ ਬਾਅਦ ਦੁਪਹਿਰ ਵਿਚਾਰ-ਵਟਾਂਦਰਾ ਸ਼ੁਰੂ ਹੋਇਆ। ਇਸ ਵਿੱਚ ਬਹੁਤ ਸਾਰੇ ਡੈਲੀਗੇਟਾਂ ਨੇ ਹਿੱਸਾ ਲਿਆ।
ਇਸ ਮੌਕੇ ਸੁਭਾਸ਼ਨੀ ਅਲੀ ਨੇ ਕਿਹਾ ਕਿ ਮੋਦੀ ਸਰਕਾਰ ਦਲਿਤਾਂ ਦੇ ਹੇਠਲੇ ਵਰਗਾਂ ਦਰਮਿਆਨ ਪਾੜਾ ਪਾ ਕੇ ਇਕ ਹੋਰ ਗੁਨਾਹ ਕਰਨ ਦੇ ਰਾਹ ਤੁਰੀ ਹੋਈ ਹੈ। ਦਲਿਤ ਅਧਿਕਾਰ ਮੂਵਮੈਂਟ ਦੇ ਜਨਰਲ ਸਕੱਤਰ ਵੀ ਐੱਸ ਨਿਰਮਲ, ਪੰਜਾਬ ਖੇਤ ਮਜ਼ਦੂਰ ਸਭਾ ਦੀ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ, ਆਲ ਇੰਡੀਆ ਸਾਮੁਕਤਾ ਕਿਸਾਨ ਸਭਾ ਦੇ ਜਨਰਲ ਸਕੱਤਰ ਕਰਨੈਲ ਸਿੰਘ, ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਗੁਰਮੇਸ਼ ਸਿੰਘ, ਅਵਤਾਰ ਸਿੰਘ ਰਾਮਗੜ੍ਹੀਆ ਖੇਤ ਮਜ਼ਦੂਰ ਸਭਾ ਰਾਜਸਥਾਨ ਆਦਿ ਨੇ ਵੀ ਕਨਵੈਨਸ਼ਨ ਨੂੰ ਸੰਬੋਧਨ ਕੀਤਾ। ਖਬਰ ਲਿਖੇ ਜਾਣ ਤੱਕ ਕਨਸੈਪਟ ਨੋਟ ’ਤੇ ਵਿਚਾਰ-ਵਟਾਂਦਰਾ ਜਾਰੀ ਸੀ। ਕਨਵੈਨਸ਼ਨ 27 ਅਗਸਤ ਤੱਕ ਜਾਰੀ ਰਹੇਗੀ।

LEAVE A REPLY

Please enter your comment!
Please enter your name here