ਗਵਰਨਰ ਅੱਗ ਨਾਲ ਖੇਡਣ ਦੀ ਕੋਸ਼ਿਸ਼ ਨਾ ਕਰੇ : ਸੀ ਪੀ ਆਈ

0
167

ਚੰਡੀਗੜ੍ਹ : ਪੰਜਾਬ ਸੀ ਪੀ ਆਈ ਨੇ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪ੍ਰੋਹਿਤ ਦੇ ਪੰਜਾਬ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੇ ਬਿਆਨ ਦੀ ਸਖਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਆਖਿਆ ਕਿ ਗਵਰਨਰ ਦਾ ਬਿਆਨ ਕੇਂਦਰ ਸਰਕਾਰ ਦੇ ਆਰ ਐੱਸ ਐੱਸ ਦੇ ਏਜੰਡੇ ਨੂੰ ਲਾਗੂ ਕਰਨ ਲਈ ਕਿਸੇ ਗਹਿਰੀ ਸਾਜ਼ਿਸ਼ ਦਾ ਨਤੀਜਾ ਹੈ। ਪੰਜਾਬ ਸੀ ਪੀ ਆਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਸ਼ਨੀਵਾਰ ਆਖਿਆ ਕਿ ਪੰਜਾਬ ਦੇ ਲੋਕਾਂ ਨੇ ਆਪਣੇ ਸੰਵਿਧਾਨਿਕ ਹੱਕਾਂ ਦੀ ਵਰਤੋਂ ਕਰਕੇ ਪੂਰੇ ਪੰਜ ਸਾਲਾਂ ਲਈ ਪੰਜਾਬ ਸਰਕਾਰ ਨੂੰ ਚੁਣਿਆ ਹੈ ਤੇ ਗਵਰਨਰ ਨੂੰ ਕੋਈ ਅਧਿਕਾਰ ਨਹੀਂ ਕਿ ਬਿਨਾਂ ਕਿਸੇ ਗੰਭੀਰ ਕਾਰਨਾਂ ਦੇ ਅਜਿਹੇ ਧਮਕੀ ਭਰੇ ਬਿਆਨ ਰਾਹੀਂ ਪੰਜਾਬ ’ਚ ਮਨੀਪੁਰ ਜਾਂ ਹਰਿਆਣਾ ਵਰਗੇ ਹਾਲਾਤ ਪੈਦਾ ਕਰਨ ਦਾ ਆਧਾਰ ਕਾਇਮ ਕਰੇ। ਸਾਥੀ ਬਰਾੜ ਨੇ ਕੇਂਦਰ ਦੀ ਮੋਦੀ ਸਰਕਾਰ ’ਤੇ ਦੋਸ਼ ਲਾਇਆ ਹੈ ਕਿ ਉਹ ਸਾਰੇ ਭਾਰਤ ’ਚ ਹੀ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਰਬਾਦ ਕਰਨ ਦੀਆਂ ਫਿਰਕੂ ਭੜਕਾਹਟਾਂ ਪੈਦਾ ਕਰ ਰਹੀ ਹੈ। ਕੇਂਦਰ ਪਹਿਲਾਂ ਹੀ ਕਈ ਗੈਰ-ਭਾਜਪਾ ਸਰਕਾਰਾਂ ਤੋੜ ਕੇ ਆਪਣੀਆਂ ਪਿੱਠੂ ਸਰਕਾਰਾਂ ਮਹਾਰਾਸ਼ਟਰ, ਮੱਧ-ਪ੍ਰਦੇਸ਼, ਪਹਿਲਾਂ ਕਰਨਾਟਕ ਤੇ ਗੋਆ ਆਦਿ ਅਨੇਕਾਂ ਥਾਵਾਂ ’ਤੇ ਕਾਇਮ ਕਰ ਚੁੱਕਾ ਹੈ। ਉਹਨਾ ਆਖਿਆ ਕਿ ਭਾਵੇਂ ਪੰਜਾਬ ਸਰਕਾਰ ਅਨੇਕਾਂ ਮੁਹਾਜ਼ਾਂ ’ਤੇ ਲੋਕ-ਪੱਖੀ ਕੰਮ ਕਰਨ ਵਿੱਚ ਅਸਫਲ ਰਹੀ ਹੈ ਤੇ ਸਾਡੇ ਇਸ ਨਾਲ ਗੰਭੀਰ ਮੱਤਭੇਦ ਹਨ, ਪਰ ਕੇਂਦਰ ਸਰਕਾਰ ਨੂੰ ਗਵਰਨਰ ਰਾਹੀਂ ਇੱਕ ਫੈਡਰਲ ਢਾਂਚੇ ’ਤੇ ਹਮਲੇ ਕਰਕੇ ਗਵਰਨਰੀ ਰਾਜ ਸਥਾਪਤ ਕਰਨ ਨੂੰ ਪੰਜਾਬ ਦੇ ਲੋਕ ਕਿਸੇ ਤਰ੍ਹਾਂ ਵੀ ਬਰਦਾਸ਼ਤ ਨਹੀਂ ਕਰਨਗੇ। ਉਹਨਾ ਦੋਸ਼ ਲਾਇਆ ਕਿ ਕੇਂਦਰ ਸਰਕਾਰ ਪਹਿਲਾਂ ਤੋਂ ਹੀ ਕਿਸਾਨ ਅੰਦੋਲਨ ਤੋਂ ਲੈ ਕੇ ਲਗਾਤਾਰ ਅਨੇਕਾਂ ਏਜੰਸੀਆਂ ਰਾਹੀਂ ਪੰਜਾਬ ’ਚ ਮਨੀਪੁਰ ਤੇ ਹਰਿਆਣਾ ਵਰਗੀਆਂ ਹਿੰਸਾਤਮਕ ਕਾਰਵਾਈਆਂ ਰਾਹੀਂ ਫਿਰਕੂ ਦੰਗੇ ਭੜਕਾਉਣ ਦੀਆਂ ਕਾਰਵਾਈਆਂ ਕਰ ਰਹੀ ਹੈ, ਜਿਨ੍ਹਾਂ ਨੂੰ ਪੰਜਾਬੀਆਂ ਨੇ ਆਪਣੀ ਮਜ਼ਬੂਤ ਏਕਤਾ ਅਤੇ ਭਾਈਚਾਰਕ ਸਾਂਝ ਦੀ ਸ਼ਕਤੀ ਨਾਲ ਚਕਨਾਚੂਰ ਕਰ ਦਿੱਤਾ ਹੈ। ਉਹਨਾ ਕਿਹਾ ਕਿ ਪੰਜਾਬੀਆਂ ਨੂੰ ਆਪਣੀ ਏਕਤਾ ਅਤੇ ਸ਼ਾਂਤੀ ਬਣਾ ਕੇ ਪੰਜਾਬ ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ ਵਿਰੁੱਧ ਲੜਦਿਆਂ ਹੋਇਆਂ ਮੋਦੀ-ਆਰ ਐੱਸ ਐੱਸ ਦੇ ਮਨਸੂਬਿਆਂ ਨੂੰ ਲੋਕਾਂ ਸਾਹਮਣੇ ਨੰਗਿਆਂ ਕਰਨਾ ਚਾਹੀਦਾ ਹੈ।

LEAVE A REPLY

Please enter your comment!
Please enter your name here