ਜੰਮੂ : ਉਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ’ਚ ਸ਼ਨੀਵਾਰ ਨੂੰ ਪੁਲਸ ਨੇ ਅੱਤਵਾਦੀ ਮਡਿਊਲ ਦਾ ਪਰਦਾ ਫਾਸ਼ ਕੀਤਾ। ਪੁਲਸ, ਫੌਜ ਦੀ ਅਸਾਮ ਰਾਇਫਲ 26 ਅਤੇ ਸੀ ਆਰ ਪੀ ਐੱਫ ਦੀ ਸੰਯੁਕਤ ਟੀਮ ਨੇ ਮਿ੍ਰਤਕ ਅੱਤਵਾਦੀ ਦੀ ਪਤਨੀ ਅਤੇ ਇੱਕ ਹੋਰ ਨਾਮੀ ਅੱਤਵਾਦੀ ਨੂੰ ਗਿ੍ਰਫ਼ਤਾਰ ਕੀਤਾ ਹੈ। ਦੋਵਾਂ ਕੋੋਲੋਂ ਹਥਿਆਰ ਅਤੇ ਗੋਲਾ-ਬਰੂਦ ਵੀ ਬਰਾਮਦ ਹੋਇਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਥਾਣਾ ਪੇਠਕੂਟ ਖੇਤਰ ’ਚ ਸੰਯੁਕਤ ਪਾਰਟੀ ਵੱਲੋਂ ਨਾਕਾ ਲਾਇਆ ਗਿਆ ਸੀ। ਇਸ ਦੌਰਾਨ ਇਸ ਨੂੰ ਕਾਬੂ ਕੀਤਾ ਗਿਆ। ਇਹਨਾਂ ਦੇ ਕਬਜ਼ੇ ’ਚੋਂ ਇੱਕ ਪਿਸਤੌਲ, ਇੱਕ ਮੈਗਜ਼ੀਨ, ਅੱਠ ਰੌਂਦ ਅਤੇ ਹੋਰ ਗੈਰ-ਕਾਨੂੰਨੀ ਸਮਗਰੀ ਬਰਾਮਦ ਕੀਤੀ ਗਈ। ਇਸ ਦੀ ਪਛਾਣ ਸ਼ਫਾਇਤ ਜੁਬੈਰ ਰਿਸ਼ੀ ਦੇ ਰੂਪ ’ਚ ਕੀਤੀ ਗਈ ਅਤੇ ਉਹ ਨੇਸਬਲ ਸੁੰਬਲ ਦਾ ਰਹਿਣ ਵਾਲਾ ਹੈ। ਪੁੱਛਗਿੱਛ ’ਚ ਮੁਲਜ਼ਮ ਨੇ ਦੱਸਿਆ ਕਿ ਉਹ ਪਜਲਪੋਰਾ ਇਲਾਕੇ ’ਚ ਮਾਰੇ ਗਏ ਅੱਤਵਾਦੀ ਅਤੇ ਏਰੀਆ ਕਮਾਂਡਰ ਯੂਸਫ਼ ਚੌਪਾਨ ਦੀ ਪਤਨੀ ਮੁਨੀਰਾ ਬੇਗਮ ਤੋਂ ਹਥਿਆਰਾਂ ਦਾ ਜ਼ਖ਼ੀਰਾ ਲੈਣ ਜਾ ਰਿਹਾ ਸੀ। ਉਸ ਨੇ ਇਹ ਵੀ ਦੱਸਿਆ ਕਿ ਉਹ ਪਾਕਿਸਤਾਨ ਸਥਿਤ ਮੁਸ਼ਤਾਕ ਅਹਿਮਦ ਮੀਰ ਦੇ ਸੰਪਰਕ ’ਚ ਸੀ। ਸ਼ਫਾਇਤ 2009 ’ਚ ਸੰੁਬਲ ’ਚ ਫੌਜ ਦੇ ਇੱਕ ਵਾਹਨ ਨੂੰ ਸਾੜਨ ’ਚ ਵੀ ਸ਼ਾਮਲ ਰਿਹਾ ਅਤੇ ਉਕਤ ਮਾਮਲੇ ’ਚ ਜ਼ਮਾਨਤ ’ਤੇ ਸੀ।
ਪੁਲਸ ਨੇ ਮੁਨੀਰ ਬੇਗਮ ਨੂੰ ਵੀ ਗਿ੍ਰਫ਼ਤਾਰ ਕਰ ਲਿਆ। ਉਸ ਦੇ ਖੁਲਾਸੇ ’ਤੇ ਜੰਗਲ ਵਿਚੋਂ ਏ ਕੇ 47 ਰਾਇਫਲ, ਤਿੰਨ ਮੈਗਜ਼ੀਨ, 90 ਰੌਂਦ ਅਤੇ ਇੱਕ ਪੈੱਨ ਪਿਸਤੌਲ ਸਮੇਤ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਹੈ।




