ਮੁਨਾਫ਼ੇ ਦੀ ਹੋੜ ਵਿੱਚ ਅੰਨ੍ਹੇਵਾਹ ਮਸ਼ੀਨੀਕਰਨ ਮਨੁੱਖੀ ਹੋਂਦ ਲਈ ਖ਼ਤਰੇ ਦਾ ਕਾਰਨ ਬਣ ਰਿਹਾ ਹੈ। ਇੱਕ ਖੋਜ ਮੁਤਾਬਕ ਵਧਦੇ ਹਵਾ ਪ੍ਰਦੂਸ਼ਨ ਕਾਰਨ ਭਾਰਤ ਵਿੱਚ ਮਨੁੱਖਾਂ ਦੀ ਉਮਰ 5 ਸਾਲ ਤੋਂ ਵਧੇਰੇ ਘਟ ਸਕਦੀ ਹੈ। ਇਸ ਵੇਲੇ ਪੂਰੇ ਦੱਖਣੀ ਏਸ਼ੀਆ ਅੰਦਰ ਹੀ ਅਜਿਹੇ ਹਾਲਾਤ ਬਣ ਚੁੱਕੇ ਹਨ। ਸੰਘਣੀ ਅਬਾਦੀ ਵਾਲੇ ਭਾਰਤ, ਪਾਕਿਸਤਾਨ, ਬੰਗਲਾਦੇਸ਼ ਤੇ ਨੇਪਾਲ ਦੀ ਹਾਲਤ ਬਹੁਤ ਹੀ ਗੰਭੀਰ ਹੋ ਚੁੱਕੀ ਹੈ।
ਸ਼ਿਕਾਗੋ ਯੂਨੀਵਰਸਿਟੀ ਦੇ ਊਰਜਾ ਨੀਤੀ ਅਦਾਰੇ ਨੇ ਆਪਣੇ ਹਾਲੀਆ ਹਵਾ ਗੁਣਵੱਤਾ ਜੀਵਨ ਸੂਚਕ ਅੰਕ ਵਿੱਚ ਕਿਹਾ ਹੈ ਕਿ ਸੰਸਾਰ ਪੱਧਰ ਉੱਤੇ ਪ੍ਰਦੂਸ਼ਨ ਕਾਰਨ ਹੋਣ ਵਾਲੀ ਉਮਰ ਵਿੱਚ ਕਟੌਤੀ ਦਾ ਅੱਧੇ ਤੋਂ ਵੱਧ ਨੁਕਸਾਨ ਸਭ ਤੋਂ ਪ੍ਰਦੂਸ਼ਤ ਦੇਸ਼ਾਂ ਭਾਰਤ, ਬੰਗਲਾਦੇਸ਼, ਪਾਕਿਸਤਾਨ ਤੇ ਨੇਪਾਲ ਵਿੱਚ ਹੋਵੇਗਾ।
ਰਿਪੋਰਟ ਅਨੁਸਾਰ ਹਵਾ ਪ੍ਰਦੂਸ਼ਨ ਕਾਰਨ ਇੱਕ ਭਾਰਤੀ ਦੀ ਔਸਤ ਉਮਰ ਵਿੱਚ 5.3 ਸਾਲ ਦੀ ਕਮੀ ਹੋ ਜਾਵੇਗੀ। ਦੁਨੀਆ ਵਿੱਚ ਸਭ ਤੋਂ ਪ੍ਰਦੂਸ਼ਤ ਗਿਣੇ ਜਾਣ ਵਾਲੇ ਦਿੱਲੀ ਵਿੱਚ ਰਹਿਣ ਵਾਲਿਆਂ ਦੀ ਉਮਰ 11.9 ਸਾਲ ਘੱਟ ਹੋ ਜਾਵੇਗੀ। ਇਸ ਤੋਂ ਇਲਾਵਾ ਗੁੜਗਾਓਂ ਵਿੱਚ 11.2 ਸਾਲ, ਫਰੀਦਾਬਾਦ ਵਿੱਚ 10.8 ਸਾਲ, ਉੱਤਰ ਪ੍ਰਦੇਸ਼ ਦੇ ਜੌਨਪੁਰ ਵਿੱਚ 10.1 ਸਾਲ, ਲਖਨਊ ਤੇ ਕਾਨਪੁਰ ਵਿੱਚ 9.7 ਸਾਲ, ਬਿਹਾਰ ਦੇ ਮੁਜ਼ੱਫਰਪੁਰ ਵਿੱਚ 9.2 ਸਾਲ, ਯੂ ਪੀ ਦੇ ਪ੍ਰਯਾਗਰਾਜ ’ਚ 8.8 ਸਾਲ ਤੇ ਬਿਹਾਰ ਦੇ ਪਟਨਾ ਵਿੱਚ 8.7 ਸਾਲ ਉਮਰ ਘਟ ਜਾਵੇਗੀ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇ ਸਾਰੇ 1.3 ਅਰਬ ਤੋਂ ਵੱਧ ਲੋਕ ਉਨ੍ਹਾਂ ਇਲਾਕਿਆਂ ਵਿੱਚ ਰਹਿੰਦੇ ਹਨ, ਜਿੱਥੇ ਔਸਤ ਪ੍ਰਦੂਸ਼ਨ ਵਿਸ਼ਵ ਸਿਹਤ ਸੰਸਥਾ ਦੇ ਪੈਮਾਨੇ ਤੋਂ ਵੱਧ ਹੈ। ਇਨ੍ਹਾਂ ਵਿੱਚੋਂ 67.4 ਫ਼ੀਸਦੀ ਲੋਕ ਉਨ੍ਹਾਂ ਇਲਾਕਿਆਂ ਵਿੱਚ ਰਹਿੰਦੇ ਹਨ, ਜਿੱਥੇ ਪ੍ਰਦੂਸ਼ਨ ਸਾਡੇ ਆਪਣੇ ਦੇਸ਼ ਦੇ ਪੈਮਾਨੇ ਤੋਂ ਵੱਧ ਹੈ।
ਜੇਕਰ ਦੁਨੀਆ ਦੇ 10 ਸਭ ਤੋਂ ਵੱਧ ਪ੍ਰਦੂਸ਼ਤ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਵਿੱਚੋਂ 6 ਭਾਰਤ ਦੇ ਹਨ। ਇਸੇ ਤਰ੍ਹਾਂ 20 ਸਭ ਤੋਂ ਵੱਧ ਪ੍ਰਦੂਸ਼ਤ ਸ਼ਹਿਰਾਂ ਵਿੱਚੋਂ 14 ਭਾਰਤ ਦੇ, 50 ਸਭ ਤੋਂ ਵੱਧ ਪ੍ਰਦੂਸ਼ਤ ਸ਼ਹਿਰਾਂ ਵਿੱਚੋਂ 39 ਭਾਰਤ ਦੇ ਤੇ 100 ਸਭ ਤੋਂ ਵੱਧ ਪ੍ਰਦੂਸ਼ਤ ਸ਼ਹਿਰਾਂ ਵਿੱਚੋਂ 61 ਭਾਰਤ ਦੇ ਹਨ।
ਹਵਾ ਪ੍ਰਦੂਸ਼ਨ ਦੋ ਤਰ੍ਹਾਂ ਦਾ ਹੁੰਦਾ ਹੈ। ਇੱਕ ਕਾਰਖਾਨਿਆਂ, ਪਰਾਲੀ ਸਾੜਨ, ਪਟਾਕੇ ਚਲਾਉਣ ਤੇ ਟਰੱਕਾਂ ਤੇ ਹੋਰ ਵਾਹਨਾਂ ਦੇ ਧੂੰਏਂ ਰਾਹੀਂ ਫੈਲਦਾ ਹੈ। ਦੂਜਾ, ਉਸਾਰੀਆਂ ਤੇ ਸੜਕਾਂ ਉੱਤੇ ਉੱਡਣ ਵਾਲੀ ਧੂੜ ਦੇ ਕਣਾਂ ਰਾਹੀਂ ਹਵਾ ਨੂੰ ਪ੍ਰਦੂਸ਼ਤ ਕਰਦਾ ਹੈ। ਪਰਾਲੀ ਸਾੜਨ ਤੇ ਪਟਾਕੇ ਚਲਾਉਣ ਦਾ ਮਸਲਾ ਤਾਂ ਸਾਲ ਵਿੱਚ ਇੱਕ-ਦੋ ਵਾਰ ਹੀ ਆਉਂਦਾ ਹੈ, ਪਰ ਵਾਹਨਾਂ, ਕਾਰਖਾਨਿਆਂ ਦਾ ਧੂੰਆਂ ਤੇ ਨਿਰਮਾਣ ਕੰਮਾਂ ਰਾਹੀਂ ਉਡਦੀ ਧੂੜ ਰੋਜ਼ ਦਾ ਕੰਮ ਹੈ। ਸਰਕਾਰਾਂ ਪਰਾਲੀ ਸਾੜਨ ਆਦਿ ਉੱਤੇ ਤਾਂ ਪੂਰਾ ਜ਼ੋਰ ਲਾਈ ਰੱਖਦੀਆਂ ਹਨ, ਪਰ ਪ੍ਰਦੂਸ਼ਨ ਦੀ ਰੋਜ਼ਾਨਾ ਸਮੱਸਿਆ ਤੋਂ ਅੱਖਾਂ ਮੀਟੀ ਰੱਖਦੀਆਂ ਹਨ।
ਖਰਾਬ ਹਵਾ ਦਾ ਸਿਹਤ ਉੱਤੇ ਬਹੁਤ ਬੁਰਾ ਅਸਰ ਪੈਂਦਾ ਹੈ। ਇਸ ਨੂੰ ਸਮਝਣ ਲਈ ‘ਦੀ ਲੈਸੈਂਟ’ ਵੱਲੋਂ ਜਾਰੀ ਰਿਪੋਰਟ ਨੂੰ ਦੇਖਣਾ ਚਾਹੀਦਾ ਹੈ। ਪਿਛਲੇ ਸਾਲ ‘ਦੀ ਲੈਸੈਂਟ ਕਮਿਸ਼ਨ ਆਨ ਪਾਪੂਲੇਸ਼ਨ ਐਂਡ ਹੈੱਲਥ’ ਨੇ ਆਪਣੀ ਰਿਪੋਰਟ ਵਿੱਚ ਕਿਹਾ ਸੀ ਕਿ 2019 ਵਿੱਚ ਸਭ ਕਿਸਮ ਦੇ ਪ੍ਰਦੂਸ਼ਨ ਕਾਰਨ ਭਾਰਤ ਵਿੱਚ 23 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ। ਇਹ ਦੁਨੀਆ ਭਰ ਵਿੱਚ ਇਸ ਕਾਰਨ ਹੋਈਆਂ 90 ਲੱਖ ਮੌਤਾਂ ਦਾ ਚੌਥਾ ਹਿੱਸਾ ਬਣਦਾ ਹੈ। ਭਾਰਤ ਵਿੱਚ ਹੋਈਆਂ ਸਭ ਕਿਸਮ ਦੇ ਪ੍ਰਦੂਸ਼ਨ ਕਾਰਨ 23 ਲੱਖ ਮੌਤਾਂ ਵਿੱਚੋਂ 16.7 ਲੱਖ ਤੋਂ ਵੱਧ ਸਿਰਫ਼ ਹਵਾ ਪ੍ਰਦੂਸ਼ਨ ਕਾਰਨ ਹੋਈਆਂ ਸਨ।
ਰੌਂਗਟੇ ਖੜੇ੍ਹ ਕਰ ਦੇਣ ਵਾਲੀਆਂ ਇਨ੍ਹਾਂ ਰਿਪੋਰਟਾਂ ਤੋਂ ਬਾਅਦ ਹਰ ਨਾਗਰਿਕ ਦਾ ਫ਼ਰਜ਼ ਬਣਦਾ ਹੈ ਕਿ ਉਹ ਹਵਾ ਪ੍ਰਦੂਸ਼ਨ ਨੂੰ ਘੱਟ ਕਰਨ ਲਈ ਆਪਣਾ ਯੋਗਦਾਨ ਪਾਵੇ ਤੇ ਲੋਕਾਂ ਨੂੰ ਜਾਗਰੂਕ ਕਰਕੇ ਸਰਕਾਰ ਉੱਤੇ ਵੀ ਦਬਾਅ ਬਣਾਏ।