ਇਸ ਸਮੇਂ ‘ਇੰਡੀਆ’ ਤੇ ਐੱਨ ਡੀ ਏ ਗੱਠਜੋੜਾਂ ਨੇ 2024 ਦੀਆਂ ਲੋਕ ਸਭਾ ਚੋਣਾਂ ਲਈ ਡੰਡ-ਬੈਠਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ‘ਇੰਡੀਆ’ ਮੁੰਬਈ ਵਿੱਚ ਹੋਈ ਆਪਣੀ ਤੀਜੀ ਬੈਠਕ ਤੋਂ ਬਾਅਦ ਇੱਕ ਨਾਂਅ, ਇੱਕ ਨਾਅਰੇ ਤੇ 14 ਮੈਂਬਰੀ ਤਾਲਮੇਲ ਕਮੇਟੀ ਨਾਲ ਪਹਿਲਾ ਪੜਾਅ ਪੂਰਾ ਕਰ ਚੁੱਕਾ ਹੈ। ਉਸ ਲਈ ਸਭ ਤੋਂ ਵੱਡੀ ਚੁਣੌਤੀ ਇੱਕ ਸੀਟ ਇੱਕ ਉਮੀਦਵਾਰ ਦੇ ਫੈਸਲੇ ਦੀ ਹੋਵੇਗੀ। ਸੀਟਾਂ ਦੀ ਵੰਡ ਲਈ 30 ਸਤੰਬਰ ਦੀ ਸਮਾਂ-ਸੀਮਾ ਤੈਅ ਕੀਤੀ ਗਈ ਹੈ। ਆਪਣੇ ਮਤੇ ਵਿੱਚ ਮੀਟਿੰਗ ਨੇ ਸੀਟਾਂ ਦੀ ਤਾਲਮੇਲ ਬਾਰੇ ਸ਼ਬਦ ‘ਜਿੱਥੋਂ ਤੱਕ ਸੰਭਵ ਹੋ ਸਕਿਆ’ ਇਸ ਕਰਕੇ ਪਾਇਆ ਹੈ, ਕਿਉਂਕਿ ਹੋ ਸਕਦਾ ਹੈ ਕਿ ਕੁਝ ਸੀਟਾਂ ’ਤੇ ਭਰਾਤਰੀ ਮੁਕਾਬਲੇ ਵੀ ਹੋਣ। ਖਾਸ ਤੌਰ ’ਤੇ ਪੱਛਮੀ ਬੰਗਾਲ ਵਿੱਚ ਅਜਿਹਾ ਹੋ ਸਕਦੇ ਹੈ ਕਿ ਭਾਜਪਾ ਵਿਰੁੱਧ ਸੀ ਪੀ ਐੱਮ-ਕਾਂਗਰਸ ਗੱਠਜੋੜ ਤੇ ਟੀ ਐੱਮ ਸੀ ਆਪਣੇ-ਆਪਣੇ ਉਮੀਦਵਾਰ ਖੜੇ ਕਰਨ। ਇਸ ਸੰਬੰਧੀ ਮੀਟਿੰਗ ਵਿੱਚ ਕਾਂਗਰਸ ਤੇ ਟੀ ਐੱਮ ਸੀ ਵਿੱਚ ਤਲਖੀ ਦੇਖਣ ਨੂੰ ਮਿਲੀ ਸੀ। ਅਸਲ ਵਿੱਚ ਟੀ ਐੱਮ ਸੀ ਚਾਹੁੰਦੀ ਹੈ ਕਿ ਕਾਂਗਰਸ ਖੱਬੇ-ਪੱਖੀ ਮੋਰਚੇ ਵਿੱਚੋਂ ਬਾਹਰ ਆ ਕੇ ਉਸ ਨਾਲ ਗੱਠਜੋੜ ਕਰੇ, ਪਰ ਕਾਂਗਰਸ ਅਜਿਹਾ ਕਰਨ ਲਈ ਤਿਆਰ ਨਹੀਂ ਹੈ। ਇਸ ਤੋਂ ਇਲਾਵਾ 80 ਸੀਟਾਂ ਵਾਲੇ ਉੱਤਰ ਪ੍ਰਦੇਸ਼ ਵਿੱਚ ਸੀਟਾਂ ਦੀ ਸੁਚਾਰੂ ਵੰਡ ਵੀ ਇੱਕ ਵੱਡਾ ਮਸਲਾ ਹੈ। ‘ਇੰਡੀਆ’ ਲਈ ਸਭ ਤੋਂ ਚੰਗੀ ਗੱਲ ਇਹ ਹੈ ਕਿ 88 ਸੀਟਾਂ ਵਾਲੇ ਬਿਹਾਰ ਤੇ ਮਹਾਰਾਸ਼ਟਰ ਵਿੱਚ ‘ਇੰਡੀਆ’ ਭਾਈਵਾਲਾਂ ਦੇ ਪਹਿਲਾਂ ਤੋਂ ਹੀ ਗੱਠਜੋੜ ਕਾਇਮ ਹਨ। ਸਿਰਫ਼ ਸੀਟਾਂ ਦੀ ਵੰਡ ਦਾ ਹੀ ਮਸਲਾ ਹੈ। ਪੰਜਾਬ ਤੇ ਦਿੱਲੀ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਵਿੱਚ ਵੀ ਸੀਟਾਂ ਦੀ ਵੰਡ ਦਾ ਮਸਲਾ ਕਾਫ਼ੀ ਪੇਚੀਦਾ ਹੈ। ਆਮ ਆਦਮੀ ਪਾਰਟੀ ਇਨ੍ਹਾਂ ਰਾਜਾਂ ਵਿੱਚ ਕਾਂਗਰਸ ਨੂੰ ਵੱਧ ਸੀਟਾਂ ਦੇਣ ਦੇ ਇਵਜ਼ ਵਿੱਚ ਹਰਿਆਣਾ ਤੇ ਰਾਜਸਥਾਨ ਵਿੱਚ ਹਿੱਸਾ ਚਾਹੇਗੀ। ਇੱਕ ਗੱਲ ਤਾਂ ਸਾਫ਼ ਹੈ ਕਿ ‘ਇੰਡੀਆ’ ਗੱਠਜੋੜ ਵਿੱਚ ਸ਼ਾਮਲ ਧਿਰਾਂ ਭਾਜਪਾ ਵਿਰੁੱਧ ਪੂਰੀ ਤਨਦੇਹੀ ਨਾਲ ਲੜ ਰਹੀਆਂ ਹਨ, ਦੂਜੇ ਪਾਸੇ ਐੱਨ ਡੀ ਏ ਵਿੱਚ ਸ਼ਾਮਲ ਧਿਰਾਂ ਸਿਰਫ਼ ਇਹ ਦੇਖ ਰਹੀਆਂ ਹਨ ਕਿ ਉਨ੍ਹਾਂ ਦੇ ਹਿੱਸੇ ਕੀ ਆਉਂਦਾ ਹੈ। ਐੱਨ ਡੀ ਏ ਵਿੱਚ ਸਿਰਫ਼ ਭਾਜਪਾ ਹੈ, ਜੋ ‘ਇੰਡੀਆ’ ਵਿੱਚ ਸ਼ਾਮਲ ਪਾਰਟੀਆਂ ਨੂੰ ਤਾਹਨੇ-ਮਿਹਣੇ ਮਾਰ ਰਹੀ ਹੈ, ਬਾਕੀ ਚੁੱਪਚਾਪ ਤਮਾਸ਼ਾ ਦੇਖ ਰਹੇ ਹਨ।
ਅਸਲ ਵਿੱਚ ਭਾਜਪਾ ਕੋਲ ਕਹਿਣ ਲਈ ਕੁਝ ਹੈ ਵੀ ਨਹੀਂ। ਡੈਮੋਕਰੇਸੀ ਇੰਡੈਕਸ ਵਿੱਚ ਭਾਰਤ 108ਵੇਂ, ਭੁੱਖਮਰੀ ਇੰਡੈਕਸ ਵਿੱਚ 107ਵੇਂ, ਪ੍ਰੈੱਸ ਫਰੀਡਮ ਇੰਡੈਕਸ ਵਿੱਚ 161ਵੇਂ, ਪ੍ਰਤੀ ਵਿਅਕਤੀ ਆਮਦਨ ਵਿੱਚ 128ਵੇਂ ਤੇ �ਿਗ ਅਸਮਾਨਤਾ ਵਿੱਚ 127ਵੇਂ ਨੰਬਰ ਉੱਤੇ ਪੁੱਜ ਚੁੱਕਾ ਹੈ। ਬੇਰੁਜ਼ਗਾਰੀ, ਮਹਿੰਗਾਈ ਤੇ ਭਿ੍ਰਸ਼ਟਾਚਾਰ ਸਿਖਰਾਂ ਛੂਹ ਰਹੇ ਹਨ। ਹਰ ਸਾਲ ਦੋ ਕਰੋੜ ਨੌਕਰੀਆਂ ਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਖੋਖਲੇ ਸਾਬਤ ਹੋ ਚੁੱਕੇ ਹਨ। ਇਨ੍ਹਾਂ ਵਾਅਦਿਆਂ ਦਾ ਮੋਦੀ ਸਰਕਾਰ ਨੂੰ ਜਨਤਾ ਦੀ ਕਚਹਿਰੀ ਵਿੱਚ ਜਵਾਬ ਦੇਣਾ ਪਵੇਗਾ। ਇਸ ਸਮੇਂ ਅਡਾਨੀ-ਮੋਦੀ ਦੇ ਰਿਸ਼ਤਿਆਂ ਓਹਲੇ ਛੁਪੇ ਹੋਏ ਭਿ੍ਰਸ਼ਟਾਚਾਰ ਨੇ ਮੋਦੀ ਦੀ ਨੀਂਦ ਉਡਾਈ ਹੋਈ ਹੈ। ਭਾਜਪਾ ਇਹ ਵੀ ਜਾਣਦੀ ਹੈ ਕਿ ‘ਇੰਡੀਆ’ ਵਿੱਚ ਸ਼ਾਮਲ ਪਾਰਟੀਆਂ 60 ਫ਼ੀਸਦੀ ਵੋਟਰਾਂ ਦੀ ਨੁਮਾਇੰਦਗੀ ਕਰਦੀਆਂ ਹਨ।
ਅਜਿਹੇ ਵਿੱਚ ਭਾਜਪਾ ਕਰੇ ਤਾਂ ਕੀ ਕਰੇ। ਮੇਰਾ ਇੱਕ ਦੋਸਤ ਬੀ ਏ ਪਹਿਲੇ ਸਾਲ ਵਿੱਚੋਂ ਫੇਲ੍ਹ ਹੋ ਗਿਆ। ਉਸ ਦਾ ਫੌਜੀ ਬਾਪ ਸੁਭਾਅ ਦਾ ਅੜਬੰਗ ਸੀ। ਆਪਣੇ ਮੁੰਡੇ ਨੂੰ ਫੌਜੀ ਦੀ ਕੁੱਟ ਤੋਂ ਬਚਾਉਣ ਲਈ ਮਾਂ ਨੇ ਸਾਰੇ ਮੁਹੱਲੇ ਵਿੱਚ ਮਠਿਆਈ ਵੰਡ ਦਿੱਤੀ ਕਿ ਮੁੰਡਾ ਫਸਟ ਆਇਆ ਹੈ। ਮੋਦੀ ਦੀ ‘ਇੱਕ ਰਾਸ਼ਟਰ, ਇੱਕ ਚੋਣ’ ਵੀ ਫੌਜੀ ਦੀ ਪਤਨੀ ਵਰਗਾ ਹੀ ਜਤਨ ਹੈ। ਇਸ ਦੇ ਨਾਲ ਹੀ ਬਿਨਾਂ ਏਜੰਡੇ ਦੇ ਸੰਸਦ ਦਾ ਸੈਸ਼ਨ ਸੱਦ ਲਿਆ ਗਿਆ ਹੈ। ਇਹ ਦੋ ਚੀਜ਼ਾਂ ਮੀਡੀਆ ਨੂੰ ਪਰੋਸ ਦਿੱਤੀਆਂ ਨੇ ਤੇ ਉਹ ਇਨ੍ਹਾਂ ’ਤੇ ਹੀ ਸੱਥਰ ਵਿਛਾਈ ਬੈਠਾ ਹੈ।
ਹਰ ਕੋਈ ਜਾਣਦਾ ਹੈ ਕਿ ਅਜਿਹਾ ਕੁਝ ਵੀ ਹੋਣ ਵਾਲਾ ਨਹੀਂ। ਮੋਦੀ ਨੇ 2014 ਵਿੱਚ ਹੀ ਇੱਕ ਰਾਸ਼ਟਰ ਤੇ ਇੱਕ ਚੋਣ ’ਤੇ ਜ਼ੋਰ ਦਿੱਤਾ ਸੀ, ਫਿਰ ਸਾਢੇ 9 ਸਾਲ ਇਸ ਨੂੰ ਠੰਢੇ ਬਸਤੇ ਵਿੱਚ ਪਾਈ ਰੱਖਿਆ। ਹੁਣ ਇੱਕ ਕਮੇਟੀ ਬਣਾ ਦਿੱਤੀ ਗਈ ਹੈ। ‘ਇੱਕ ਰਾਸ਼ਟਰ, ਇੱਕ ਚੋਣ’ ਲਈ ਸੰਵਿਧਾਨ ਦੇ ਬੁਨਿਆਦੀ ਢਾਂਚੇ ਵਿੱਚ ਸੋਧ ਕਰਨੀ ਪਵੇਗੀ। ਇਸ ਲਈ ਸੰਸਦ ਦੇ ਦੋਹਾਂ ਸਦਨਾਂ ਦਾ ਦੋ ਤਿਹਾਈ ਬਹੁਮਤ ਜ਼ਰੂਰੀ ਹੈ। 2024 ਦੀ ਚੋਣਾਂ ਤੋਂ ਪਹਿਲਾਂ ਅਜਿਹਾ ਸੰਭਵ ਹੀ ਨਹੀਂ। ਪ੍ਰਧਾਨ ਮੰਤਰੀ ਮੋਦੀ ਨੇ ਇੱਕ ਵਾਰ ਕਿਹਾ ਸੀ ਕਿ ਉਨ੍ਹਾ ਦੇ ਦਿਮਾਗ ਵਿੱਚ ਅਜਿਹਾ ਸਾਫਟਵੇਅਰ ਹੈ, ਜਿਹੜਾ ਕਦੇ ਛੋਟਾ ਸੋਚ ਹੀ ਨਹੀਂ ਸਕਦਾ, ਪਰ ਮੋਦੀ ਦਾ ‘ਇੱਕ ਰਾਸ਼ਟਰ, ਇੱਕ ਚੋਣ’ ਦਾ ਦਾਅ ਦੱਸ ਰਿਹਾ ਹੈ ਕਿ ਉਸ ਦੇ ਦਿਮਾਗ਼ ਵਾਲਾ ਸਾਫਟਵੇਅਰ ਹੁਣ ਵੇਲਾ ਵਿਹਾਅ ਚੁੱਕਾ ਹੈ।
-ਚੰਦ ਫਤਿਹਪੁਰੀ