ਜੈਪੁਰ : ਆਮ ਆਦਮੀ ਪਾਰਟੀ ਨੇ ਰਾਜਸਥਾਨ ’ਚ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਜੈਪੁਰ ’ਚ ਟਾਊਨ ਹਾਲ ’ਚ ਪ੍ਰੋਗਰਾਮ ਦੌਰਾਨ ਗਰੰਟੀ ਕਾਰਡ ਲਾਂਚ ਕੀਤਾ। ਇਸ ਦੇ ਨਾਲ ਹੀ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਗਹਿਲੋਤ ਸਰਕਾਰ ਦੇ ਨਾਲ ਹੀ ਪ੍ਰਧਾਨ ਮੰਤਰੀ ’ਤੇ ਨਿਸ਼ਾਨਾ ਲਾਇਆ।
ਕੇਜਰੀਵਾਲ ਨੇ ਕਿਹਾ ਕਿ ਰਾਜਸਥਾਨ ’ਚ ਅਸੀਂ ਛੇ ਗਰੰਟੀਆਂ ਦੇ ਕੇ ਜਾ ਰਹੇ ਹਾਂ। ਅਸੀਂ ਫ੍ਰੀ ਬਿਜਲੀ ਦੇਵਾਂਗੇ। ਤੁਹਾਡੇ ਬੱਚਿਆਂ ਦੀ ਜ਼ਿੰਮੇਵਾਰੀ ਹੁਣ ਮੇਰੀ ਹੋਵੇਗੀ। ਪ੍ਰਾਈਵੇਟ ਸਕੂਲਾਂ ਦੀ ਲੁੱਟ ਬੰਦ ਕਰਾਂਗੇ। ਦਿੱਲੀ ਵਰਗੇ ਸ਼ਾਨਦਾਰ ਸਰਕਾਰੀ ਸਕੂਲ ਬਣਾਵਾਂਗੇ। ਜਿੰਨੇ ਵੀ ਅਸਥਾਈ ਅਧਿਆਪਕ ਹਨ, ਉਨ੍ਹਾਂ ਨੂੰ ਪੱਕਾ ਕਰਾਂਗੇ। ਅਧਿਆਪਕਾਂ ਤੋਂ ਪੜ੍ਹਾਈ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕਰਾਵਾਂਗੇ, ਸਿਹਤ ਦੀ ਵੀ ਗਰੰਟੀ ਹੈ। ਤੁਹਾਡੇ ਪਰਵਾਰ ਨੂੰ ਚੰਗਾ ਇਲਾਜ ਕਰਵਾਉਣ ਦੀ ਗਰੰਟੀ ਵੀ ਸਾਡੀ ਹੋਵੇਗੀ। ਕੇਜਰੀਵਾਲ ਨੇ ਕਿਹਾਅਸੀਂ ਰਾਜਸਥਾਨ ਨੂੰ ਕੁਰੱਪਸ਼ਨ ਮੁਕਤ ਬਣਾਵਾਂਗੇ। ਸਰਕਾਰ ਕੋਲ ਪੈਸੇ ਦੀ ਕਮੀ ਨਹੀਂ, ਬਸ ਕੁਰੱਪਸ਼ਨ ਨੂੰ ਰੋਕਣ ਦੀ ਜ਼ਰੂਰਤ ਹੈ। ਹਰ ਪਿੰਡ ਅਤੇ ਸ਼ਹਿਰ ’ਚ ਮੁਹੱਲਾ ਕਲੀਨਿਕ ਖੋਲ੍ਹਾਂਗੇ। ਸ਼ਹੀਦ ਹੋਣ ਵਾਲੇ ਸੈਨਿਕਾਂ ਦੇ ਪਰਵਾਰਾਂ ਨੂੰ ਇੱਕ ਕਰੋੜ ਤੇ ਰੁਜ਼ਗਾਰ ਦੀ ਗਰੰਟੀ ਦੇਵਾਂਗੇ।
ਉਨ੍ਹਾ ‘ਇੱਕ ਦੇਸ਼, ਇੱਕ ਚੋਣ’ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਸਾਲ ’ਚ ਘੱਟੋ-ਘੱਟ ਚਾਰ ਵਾਰ ਚੋਣਾਂ ਹੋਣੀਆਂ ਚਾਹੀਦੀਆਂ। ‘ਇੱਕ ਦੇਸ਼, 20 ਚੋਣਾਂ’ ਦਾ ਨਾਆਰਾ ਦਿੰਦੇ ਹੋਏ ਕੇਜਰੀਵਾਲ ਨੇ ਕਿਹਾ ਜੇ ਹਰ ਤਿੰਨ ਮਹੀਨੇ ’ਚ ਚੋਣਾਂ ਹੋਣਗੀਆਂ ਤਾਂ ਨੇਤਾ ਜਨਤਾ ਦੇ ਸਾਹਮਣੇ ਆਉਣਗੇ। ਉਨ੍ਹਾ ਕਿਹਾ ਕਿ 9 ਸਾਲ ਪ੍ਰਧਾਨ ਮੰਤਰੀ ਰਹਿਣ ਤੋਂ ਬਾਅਦ ਮੋਦੀ ਇਸ ਤਰ੍ਹਾਂ ਕਹਿ ਰਹੇ ਹਨ ਤਾਂ ਇਸ ਦਾ ਮਤਲਬ ਹੈ ਕਿ ਉਨ੍ਹਾ ਕੋਈ ਕੰਮ ਨਹੀਂ ਕੀਤਾ। ਕੇਜਰੀਵਾਲ ਨੇ ਕਿਹਾ ਕਿ ਜੇ ‘ਇੱਕ ਦੇਸ਼, ਇਕ ਚੋਣ’ ਹੋ ਗਿਆ ਤਾਂ ਸਿਲੰਡਰ 5 ਹਜ਼ਾਰ ਅਤੇ ਟਮਾਟਰ 1500 ਰੁਪਏ ਕਿੱਲੋ ਹੋ ਜਾਣਗੇ।
ਕੇਜਰੀਵਾਲ ਨੇ ਪ੍ਰਧਾਨ ਮੰਤਰੀ ਅਤੇ ਅਡਾਨੀ ’ਤੇ ਨਿਸ਼ਾਨਾ ਲਾਉਂਦਿਆਂ ਕਿਹਾਪ੍ਰਧਾਨ ਮੰਤਰੀ ਨੇ ਅੱਜਕੱਲ੍ਹ ਇੱਕ ਹੋਰ ਨਾਅਰਾ ਦਿੱਤਾ ਹੈ ‘ਇੱਕ ਦੇਸ਼, ਇੱਕ ਦੋਸਤ’। ਮੋਦੀ ਜੀ ਦੇ ਇੱਕੋ-ਇੱਕ ਦੋਸਤ ਬਾਰੇ ਤੁਸੀਂ ਸਾਰੇ ਜਾਣਦੇ ਹੋ। ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਦੇਸ਼ ਦੇ ਸਾਰੇ ਏਅਰਪੋਰਟ ਇੱਕ ਹੀ ਦੋਸਤ ਨੂੰ ਦੇਣੇ ਚਾਹੀਦੇ ਹਨ। ਦੇਸ਼ ਦੀਆਂ ਸਾਰੀਆਂ ਬਿਜਲੀ ਕੰਪਨੀਆਂ ਇਕ ਹੀ ਦੋਸਤ ਨੂੰ ਦੇਣੀਆਂ ਚਾਹੀਦੀਆਂ ਹਨ। ਅਗਲੀ ਵਾਰ ਇਸ ਤਰ੍ਹਾਂ ਦਾ ਪ੍ਰਧਾਨ ਮੰਤਰੀ ਚੁਣਨਾ, ਜੋ 140 ਕਰੋੜ ਲੋਕਾਂ ਲਈ ਕੰਮ ਕਰੇ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, ਅਸੀਂ ਰਾਜਸਥਾਨ ਨੂੰ ਦਿੱਲੀ, ਪੰਜਾਬ ਦੀ ਤਰਜ਼ ’ਤੇ ਭਿ੍ਰਸ਼ਟਾਚਾਰ ਮੁਕਤ ਕਰਾਂਗੇ। ਅਸਥਾਈ ਕਰਮਚਾਰੀਆਂ ਨੂੰ ਅਸੀਂ ਪਰਮਾਨੈਂਟ ਕਰਾਂਗੇ। ਪੰਜਾਬ ’ਚ ਸੱਤਾ ’ਚ ਆਏ ਤਾਂ ਵੱਡੀ ਗਿਣਤੀ ’ਚ ਅਸਥਾਈ ਕਰਮਚਾਰੀ ਸਨ। ਕਹਿੰਦੇ ਸਨ ਕੱਚੇ ਕਰਮਚਾਰੀ ਹਨ, ਅਸੀਂ ਕਿਹਾ, ਹੁਣ ਤਾਂ ਕੱਚੇ ਘਰਾਂ ਦਾ ਜ਼ਮਾਨਾ ਗਿਆ, ਨੌਕਰੀ ਕਿਸ ਤਰ੍ਹਾਂ ਕੱਚੀ ਰਹਿ ਸਕਦੀ ਹੈ। ਅਸੀਂ ਮੁਲਾਜ਼ਮਾਂ ਨੂੰ ਪੱਕੇ ਕਰ ਰਹੇ ਹਾਂ, ਅਸੀਂ ਰਾਜਸਥਾਨ ’ਚ ਵੀ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ। ਮਾਨ ਨੇ ਕਿਹਾ ਕਿ ਅਸੀਂ ਜੁਮਲੇ ਵਾਲੇ ਨਹੀਂ, ਅਸੀਂ ਉਹੀ ਗਰੰਟੀਆਂ ਦਿੰਦੇ ਹਾਂ, ਜੋ ਪੂਰੀਆਂ ਕਰ ਸਕਦੇ ਹਾਂ। ਨੀਅਤ ਸਾਫ਼ ਹੈ ਤਾਂ ਸਭ ਪੂਰਾ ਹੋ ਸਕਦਾ ਹੈ। ਅਸੀਂ ਪੰਜਾਬ ’ਚ ਬਿਜਲੀ ਫਰੀ ਕਰਨ ਦਾ ਵਾਅਦਾ ਕੀਤਾ ਸੀ। ਸਾਡੇ ਤੋਂ ਪੁੱਛਿਆ ਕਿ ਫਰੀ ਬਿਜਲੀ ਕਿਸ ਤਰ੍ਹਾਂ ਦੇਵੋਗੇ? ਸਾਨੂੰ ਪਤਾ ਸੀ ਕਿ ਜੋ ਸਾਡੇ ’ਤੇ ਸਵਾਲ ਚੁੱਕਦੇ ਹਨ, ਪੈਸਾ ਤਾਂ ਉਥੋਂ ਹੀ ਆਉਣਾ ਹੈ। ਅਸੀਂ ਭਿ੍ਰਸ਼ਟਾਚਾਰੀਆਂ ਨੂੰ ਫੜਨਾ ਸ਼ੁਰੂ ਕਰ ਦਿੱਤਾ ਤਾਂ ਨੋਟ ਗਿਣਨ ਦੀਆਂ ਮਸ਼ੀਨਾਂ ਮੰਗਵਾਉਣੀਆਂ ਪਈਆਂ, ਪੈਸਾ ਤਾਂ ਉਥੇ ਹੀ ਰੁਕਿਆ ਹੋਇਆ ਸੀ। ਉਨ੍ਹਾ ਕਿਹਾ ਕਿ ਆਮ ਆਦਮੀ ਪਾਰਟੀ ਨੇ ਦਿੱਲੀ ’ਚ ਜੋ ਕਰਕੇ ਦਿਖਾਇਆ, ਉਹੀ ਮਾਡਲ ਪੰਜਾਬ ’ਚ ਅਪਣਾਇਆ। ਮੁਹੱਲਾ ਕਲੀਨਿਕ ਸ਼ਾਨਦਾਰ ਚੱਲ ਰਹੇ ਹਨ। ਸਕੂਲਾਂ ਦੀ ਦਸ਼ਾ ਸੁਧਾਰ ਦਿੱਤੀ ਹੈ। ਦਿੱਲੀ ਦੇ ਸਰਕਾਰੀ ਸਕੂਲਾਂ ’ਚ ਜੱਜਾਂ ਤੱਕ ਦੇ ਬੱਚੇ ਪੜ੍ਹਦੇ ਹਨ। ਅਸੀਂ ਸ਼ਹੀਦਾਂ ਦੇ ਪਰਵਾਰਾਂ ਨੂੰ ਇੱਕ ਕਰੋੜ ਰੁਪਏ ਦੇ ਰਹੇ ਹਾਂ।
ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ’ਤੇ ਵਿਅੰਗ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਹੋਸਟਲ ਫੀਸ ’ਤੇ 12 ਫੀਸਦੀ ਜੀ ਐੱਸ ਟੀ ਲਾਉਣਾ ਚਾਹੁੰਦੀ ਹੈ। ਮੋਦੀ ਜੀ ਕਦੀ ਵੀ ਇਹ ਨਾਅਰਾ ਦੇ ਸਕਦੇ ਹਨ, ‘ਨਾ ਖੁਦ ਪੜ੍ਹਨਾ, ਨਾ ਕਿਸੇ ਨੂੰ ਪੜ੍ਹਨ ਦੇਣਾ।’ ਮੈਂ ਪਾਰਲੀਮੈਂਟ ’ਚ ਕਿਹਾ ਸੀ, ਮੋਦੀ ਮੇਰੇ ਸਾਹਮਣੇ ਬੈਠੇ ਸਨ। ਮੈਂ ਕਿਹਾ ਸੀ, ‘15 ਲੱਖ ਦੀ ਰਕਮ ਲਿਖਦਾ ਹਾਂ ਤਾਂ ਕਲਮ ਰੁਕ ਜਾਂਦੀ ਹੈ, ਕਾਲੇ ਧਨ ਬਾਰੇ ਸੋਚਦਾ ਹਾਂ ਤਾਂ ਸਿਆਹੀ ਸੁੱਕ ਜਾਂਦੀ ਹੈ।’ ਉਹਨਾ ਦੀ ਹਰ ਗੱਲ ਹੀ ਜੁਮਲਾ ਨਿਕਲੀ।