ਸਿੱਖਿਆ ਵਿਭਾਗ ’ਚ ਵੱਡੇ ਪੱਧਰ ’ਤੇ ਭਰਤੀ ਕੀਤੀ ਜਾਵੇਗੀ : ਭਗਵੰਤ ਮਾਨ

0
276

ਮੋਗਾ (ਅਮਰਜੀਤ ਸਿੰਘ ਬੱਬਰੀ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਭਰ ਦੇ ਸਰਕਾਰੀ ਸਕੂਲਾਂ ’ਚ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਮਨੁੱਖੀ ਸਰੋਤਾਂ ਦੇ ਵਿਸਥਾਰ ਤਹਿਤ ਸਿੱਖਿਆ ਵਿਭਾਗ ’ਚ ਵੱਡੇ ਪੱਧਰ ’ਤੇ ਭਰਤੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ। ਅਧਿਆਪਕ ਦਿਵਸ ਮੌਕੇ ਇੱਥੇ ਸੂਬਾ ਪੱਧਰੀ ਸਮਾਗਮ ਦੌਰਾਨ 80 ਅਧਿਆਪਕਾਂ ਦਾ ਸਨਮਾਨ ਕਰਨ ਤੋਂ ਪਹਿਲਾਂ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਿੱਖਿਆ ਵਿਭਾਗ ’ਚ ਵੱਡੀ ਗਿਣਤੀ ਆਸਾਮੀਆਂ ਖ਼ਾਲੀ ਪਈਆਂ ਹਨ, ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਪ੍ਰਭਾਵਤ ਹੋ ਰਹੀ ਹੈ। ਉਨ੍ਹਾ ਕਿਹਾ ਕਿ ਪੰਜਾਬ ਨੂੰ ਸਿੱਖਿਆ ਦੇ ਖ਼ੇਤਰ ’ਚ ਮੋਹਰੀ ਸੂਬਾ ਬਣਾਉਣ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਤਹਿਤ ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ’ਚ ਵੱਡੇ ਪੱਧਰ ’ਤੇ ਭਰਤੀ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਹੈ। ਮਾਨ ਨੇ ਕਿਹਾ ਕਿ ਕੈਂਪਸ ਮੈਨੇਜਰਾਂ, ਸਫ਼ਾਈ ਕਰਮਚਾਰੀਆਂ, ਚੌਕੀਦਾਰਾਂ ਤੇ ਸੁਰੱਖਿਆ ਗਾਰਡਾਂ ਸਣੇ ਆਉਣ ਵਾਲੇ ਦਿਨਾਂ ’ਚ ਵੱਡੀ ਗਿਣਤੀ ’ਚ ਆਸਾਮੀਆਂ ਭਰੀਆਂ ਜਾਣਗੀਆਂ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ’ਚ ਜਲਦੀ ਹੀ ਸਕੂਲ ਆਫ਼ ਐਮੀਨੈਂਸ ਦੀ ਸ਼ੁਰੂਆਤ ਕਰ ਕੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਦੇ ਨਵੇਂ ਯੁੱਗ ਦਾ ਮੁੱਢ ਬੰਨ੍ਹਿਆ ਜਾਵੇਗਾ। ਉਨ੍ਹਾ ਕਿਹਾ ਕਿ ਇਨ੍ਹਾਂ ਸਕੂਲਾਂ ਦੀ ਸਥਾਪਨਾ ਲਈ 68 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ ਅਤੇ ਪਹਿਲਾ ਸਕੂਲ ਆਫ਼ ਐਮੀਨੈਂਸ 13 ਸਤੰਬਰ ਨੂੰ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ। ਉਹਨਾ ਕਿਹਾ ਕਿ ਸੂਬੇ ’ਚ ਸਕੂਲਾਂ ਦੀ ਕਾਇਆ-ਕਲਪ ਕਰਨ ਲਈ ਪੰਜਾਬ ਭਰ ਦੇ ਸਕੂਲਾਂ ਦੇ 10 ਹਜ਼ਾਰ ਕਲਾਸਰੂਮਾਂ ਨੂੰ ਨਵੀਂ ਦਿੱਖ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ’ਚ ਸਿੱਖਿਆ ਪ੍ਰਣਾਲੀ ਨੂੰ ਵਿਆਪਕ ਪੱਧਰ ’ਤੇ ਸੁਧਾਰਨ ਉਤੇ ਸਭ ਤੋਂ ਵੱਧ ਧਿਆਨ ਦੇ ਰਹੀ ਹੈ। ਪੰਜਾਬ ਦੇ ਇਤਿਹਾਸ ’ਚ ਪਹਿਲੀ ਦਫ਼ਾ ਸੂਬੇ ਭਰ ਦੇ ਸਰਕਾਰੀ ਸਕੂਲਾਂ ’ਚ ਮਾਪੇ-ਅਧਿਆਪਕ ਮਿਲਣੀ ਕਰਵਾਈ ਗਈ। ਇਸ ਵਿਆਪਕ ਮਾਪੇ-ਅਧਿਆਪਕ ਮਿਲਣੀ ’ਚ 19 ਲੱਖ ਤੋਂ ਵੱਧ ਮਾਪਿਆਂ ਨੇ ਭਾਗ ਲਿਆ। ਅਧਿਆਪਕਾਂ ਨਾਲ ਭਾਵੁਕ ਸਾਂਝ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹਰੇਕ ਅਧਿਆਪਕ ਦੀ ਸਮੱਸਿਆ ਹੱਲ ਕੀਤੀ ਜਾਵੇਗੀ, ਜਿਸ ਲਈ ਸੂਬਾ ਸਰਕਾਰ ਪਹਿਲਾਂ ਹੀ ਹਰ ਸੰਭਵ ਉਪਰਾਲੇ ਕਰ ਰਹੀ ਹੈ। ਅਧਿਆਪਕਾਂ ਨੂੰ ਦਰਪੇਸ਼ ਸਾਰੇ ਮਸਲੇ ਹੱਲ ਕਰਨ ਦਾ ਵਾਅਦਾ ਕਰਦਿਆਂ ਉਹਨਾ ਕਿਹਾ ਕਿ ਅਧਿਆਪਕ ਦਾ ਪੁੱਤ ਹੋਣ ਦੇ ਨਾਤੇ ਉਹ ਅਧਿਆਪਕਾਂ ਦੀਆਂ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਉਨ੍ਹਾ ਕਿਹਾ ਕਿ ਸੂਬੇ ਦਾ ਖਜ਼ਾਨਾ ਲੋਕਾਂ ਲਈ ਹੈ ਅਤੇ ਇਕ-ਇਕ ਪੈਸਾ ਲੋਕਾਂ ਦੀ ਭਲਾਈ ਲਈ ਖਰਚਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਵਾਸਤੇ ਆਹਲਾ ਦਰਜੇ ਦੇ ਅੱਠ ਸਿਖਲਾਈ ਕੇਂਦਰ ਖੋਲ੍ਹ ਰਹੀ ਹੈ। ਇਹ ਕੇਂਦਰ ਨੌਜਵਾਨਾਂ ਨੂੰ ਯੂ ਪੀ ਐੱਸ ਸੀ ਦੀ ਪ੍ਰੀਖਿਆ ਪਾਸ ਕਰਨ ਲਈ ਸਿਖਲਾਈ ਦੇਣਗੇ ਅਤੇ ਉਹ ਸੂਬੇ ਅਤੇ ਦੇਸ਼ ਵਿਚ ਵੱਕਾਰੀ ਅਹੁਦਿਆਂ ਉਤੇ ਸੇਵਾ ਨਿਭਾਉਣਗੇ। ਪਟਵਾਰੀਆਂ ਵੱਲੋਂ ਆਪਣੇ ਕੰਮ ਲਈ ਅੱਗੇ ਬੰਦੇ ਰੱਖਣ ਦੇ ਮੰਦਭਾਗੇ ਰੁਝਾਨ ਨੂੰ ਖਤਮ ਕਰਨ ਲਈ ਮੁੱਖ ਮੰਤਰੀ ਨੇ ਕਿਹਾ ਕਿ ਪਟਵਾਰੀਆਂ ਲਈ ਬਾਇਓਮੈਟਿ੍ਰਕ ਹਾਜ਼ਰੀ ਲਾਜ਼ਮੀ ਹੋਵੇਗੀ। ਇਸ ਕਦਮ ਨਾਲ ਪਟਵਾਰੀਆਂ ਵੱਲੋਂ ਆਪਣੇ ਡਿਊਟੀ ਪ੍ਰਭਾਵੀ ਢੰਗ ਨਾਲ ਨਿਭਾਏ ਜਾਣ ਨੂੰ ਯਕੀਨੀ ਬਣਾਇਆ ਜਾ ਸਕੇਗਾ, ਜਿਸ ਨਾਲ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ। ਮੁੱਖ ਮੰਤਰੀ ਨੇ ਅਧਿਆਪਕ ਦਿਵਸ ਮੌਕੇ 80 ਅਧਿਆਪਕਾਂ ਨੂੰ ਸੂਬਾ ਪੱਧਰੀ ਐਵਾਰਡ ਨਾਲ ਸਨਮਾਨਤ ਕੀਤਾ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੁੱਖ ਮੰਤਰੀ ਅਤੇ ਹੋਰ ਸ਼ਖਸੀਅਤਾਂ ਦਾ ਸਵਾਗਤ ਕੀਤਾ।

LEAVE A REPLY

Please enter your comment!
Please enter your name here