ਅੰਮ੍ਰਿਤਸਰ (ਨ ਜ਼ ਸ)-ਝਬਾਲ ਰੋਡ ‘ਤੇ ਧਰਨੇ ਦੌਰਾਨ ਦੋ ਨਿਹੰਗ ਧੜਿਆਂ ਵਿਚਾਲੇ ਹਿੰਸਕ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਕਾਰਵਾਈ ਤੋਂ ਅਸਹਿਮਤ ਹੋ ਕੇ ਧਰਨੇ ‘ਤੇ ਬੈਠੇ ਨਿਹੰਗ ਸਿੰਘਾਂ ਨੇ ਇੱਕ ਹੋਰ ਨਿਹੰਗ ਨੂੰ ਰੇਕੀ (ਜਾਸੂਸੀ) ਕਰਨ ਦੇ ਸ਼ੱਕ ‘ਚ ਘੇਰ ਲਿਆ ਅਤੇ ਉਸ ਦੀ ਡੰਡਿਆਂ ਤੇ ਥੱਪੜਾਂ ਨਾਲ ਕੁੱਟਮਾਰ ਕੀਤੀ। ਵਾਰਦਾਤ ਦੀ ਇਤਲਾਹ ਮਿਲਦਿਆਂ ਹੀ ਮੌਕੇ ‘ਤੇ ਪਹੁੰਚੀ ਥਾਣਾ ਗੇਟ ਹਕੀਮਾ ਦੀ ਲੇਡੀ ਐੱਸ.ਐੱਚ.ਓ. ਮਨਜੀਤ ਕੌਰ ਨਾਲ ਵੀ ਪ੍ਰਦਰਸ਼ਨਕਾਰੀਆਂ ਵੱਲੋਂ ਬਦਸਲੂਕੀ ਅਤੇ ਧੱਕਾਮੁੱਕੀ ਕੀਤੀ ਗਈ। ਪ੍ਰਾਪਤ ਵੇਰਵੇ ਅਨੁਸਾਰ ਝਬਾਲ ਰੋਡ ‘ਤੇ ਜਥੇਦਾਰ ਬਾਬਾ ਦਰਸ਼ਨ ਸਿੰਘ ਦੇ ਸਮਰਥਕ ਨਿਹੰਗ ਸਿੰਘ ਧਰਨੇ ‘ਤੇ ਬੈਠੇ ਸਨ। ਉਨ੍ਹਾਂ ਦਾ ਦੋਸ਼ ਸੀ ਕਿ ਇੱਕ ਦਿਨ ਪਹਿਲਾਂ ਵਿਰੋਧੀ ਮੇਜਰ ਸਿੰਘ ਪੇਟੇਵਾੜ (ਭਿੰਡਵਾੜ) ਧੜੇ ਦੇ ਵਿਅਕਤੀਆਂ ਨੇ ਉਨ੍ਹਾਂ ਦੇ ਘਰ ਅੱਗੇ ਗੋਲੀਆਂ ਚਲਾਈਆਂ ਸਨ, ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਧਰਨੇ ਦੌਰਾਨ ਜਦੋਂ ਇੱਕ ਮੋਟਰਸਾਈਕਲ ਸਵਾਰ ਨਿਹੰਗ ਉੱਥੋਂ ਲੰਘਿਆ ਤਾਂ ਧਰਨਾਕਾਰੀਆਂ ਨੇ ਉਸ ‘ਤੇ ਵਿਰੋਧੀ ਧੜੇ ਲਈ ਰੇਕੀ ਕਰਨ ਦਾ ਸ਼ੱਕ ਜਤਾਉਂਦਿਆਂ ਉਸ ਨੂੰ ਘੇਰ ਲਿਆ। ਬਹਿਸਬਾਜ਼ੀ ਤੋਂ ਬਾਅਦ ਉਸ ਦੀ ਕੁੱਟਮਾਰ ਕੀਤੀ ਗਈ, ਜਿਸ ਵਿੱਚ ਉਸ ਦੇ ਹੱਥ-ਪੈਰ ‘ਤੇ ਸੱਟਾਂ ਲੱਗੀਆਂ ਅਤੇ ਹੰਗਾਮੇ ਦੌਰਾਨ ਉਸ ਦਾ ਦੁਮਾਲਾ ਵੀ ਉੱਤਰ ਗਿਆ। ਐੱਸ.ਐੱਚ.ਓ. ਮਨਜੀਤ ਕੌਰ ਪੁਲਸ ਟੀਮ ਨਾਲ ਮੌਕੇ ‘ਤੇ ਪੁੱਜੇ। ਦੋਸ਼ ਹੈ ਕਿ ਇਸ ਦੌਰਾਨ ਕੁਝ ਲੋਕਾਂ ਨੇ ਲੇਡੀ ਐੱਸ.ਐੱਚ.ਓ. ਨਾਲ ਬਦਸਲੂਕੀ ਕੀਤੀ। ਇਸ ਦੇ ਬਾਵਜੂਦ ਪੁਲਸ ਟੀਮ ਨੇ ਮੁਸਤੈਦੀ ਦਿਖਾਉਂਦਿਆਂ ਜ਼ਖ਼ਮੀ ਨਿਹੰਗ ਨੂੰ ਭੀੜ ‘ਚੋਂ ਸੁਰੱਖਿਅਤ ਕੱਢਿਆ ਅਤੇ ਆਪਣੀ ਗੱਡੀ ‘ਚ ਬਿਠਾ ਕੇ ਥਾਣੇ ਲੈ ਗਈ।





