ਧੂਰੀ (ਮਨੋਹਰ ਸਿੰਘ ਸੱਗੂ,
ਮੋਹਿਤ ਗਰਗ, ਬਿੰਨੀ ਗਰਗ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਲ੍ਹਾ ਸੰਗਰੂਰ ਦੇ ਪਿੰਡ ਬਾਲੀਆਂ ਵਿਖੇ ਲੋਕ ਮਿਲਣੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਹਿਲੀ ਅਕਤੂਬਰ ਨੂੰ ਔਰਤਾਂ ਦੇ ਮੋਬਾਇਲਾਂ ‘ਤੇ ਸਨਮਾਨ ਰਾਸ਼ੀ ਮਿਲਣ ਦਾ ਸੁਨੇਹਾ ਫਿਰ ਸੁਣਾਈ ਦੇਵੇਗਾ। ਉਨ੍ਹਾ ਕਿਹਾ ਕਿ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ਦਲਿਤ ਔਰਤਾਂ ਨੂੰ ਵਾਅਦਾ ਕੀਤੇ 1000 ਰੁਪਏ ਦੀ ਬਜਾਏ 1500 ਰੁਪਏ ਪ੍ਰਤੀ ਮਹੀਨਾ ਦਿੱਤੇ ਜਾ ਰਹੇ ਹਨ।ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਹੁਣ ਤੱਕ ਕਰੀਬ 71 ਹਜ਼ਾਰ ਸਰਕਾਰੀ ਨੌਕਰੀਆਂ ਮੈਰਿਟ ਦੇ ਆਧਾਰ ‘ਤੇ ਦਿੱਤੀਆਂ ਹਨ।ਘਰੇਲੂ ਖਪਤਕਾਰਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਅਤੇ ਕਿਸਾਨਾਂ ਨੂੰ ਨਹਿਰੀ ਸਿੰਚਾਈ ਮੁਹੱਈਆ ਕਰਵਾਉਣ ਲਈ ਵੱਡੇ ਪੱਧਰ ‘ਤੇ ਕੰਮ ਕੀਤਾ ਗਿਆ ਹੈ।ਉਨ੍ਹਾ ਦਾਅਵਾ ਕੀਤਾ ਕਿ ਕਰੀਬ 14 ਹਜ਼ਾਰ ਕਿਲੋਮੀਟਰ ਪਾਈਪ ਲਾਈਨਾਂ ਵਿਛਾਈਆਂ ਗਈਆਂ ਹਨ ਅਤੇ ਕਈ ਖੇਤਰਾਂ ਵਿੱਚ ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਸੁਧਾਰ ਹੋਇਆ ਹੈ।ਮਾਨ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਹੋਇਆ ਹੈ ਅਤੇ 2026 ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਦੇ 882 ਵਿਦਿਆਰਥੀਆਂ ਨੇ ਨੀਟ ਦੀ ਪ੍ਰੀਖਿਆ ਪਾਸ ਕੀਤੀ। ਉਨ੍ਹਾ ਕਿਹਾ ਕਿ ਸਰਕਾਰ ਸਿੱਖਿਆ, ਰੁਜ਼ਗਾਰ, ਸਿਹਤ, ਸਿੰਚਾਈ, ਬਿਜਲੀ, ਸੜਕਾਂ ਅਤੇ ਖੇਡਾਂ ਦੇ ਖੇਤਰਾਂ ‘ਤੇ ਧਿਆਨ ਕੇਂਦਰਤ ਕਰ ਰਹੀ ਹੈ।ਮੁੱਖ ਮੰਤਰੀ ਵੱਲੋਂ ਆਪਣੇ ਹਲਕੇ ਧੂਰੀ ਵਿਖੇ ਘਰ-ਘਰ ਜਾ ਕੇ ਚੋਣ ਮੁਹਿੰਮ ਦਾ ਆਗਾਜ਼ ਕੀਤਾ ਗਿਆ।
ਇਸ ਦੌਰਾਨ ਇਲਾਕੇ ਦੇ ਵੋਟਰਾਂ ਵਿੱਚ ਭਾਰੀ ਉਤਸ਼ਾਹ ਅਤੇ ਖ਼ੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ। ਮੁੱਖ ਮੰਤਰੀ ਨੇ ਆਮ ਨਾਗਰਿਕਾਂ ਦੇ ਘਰਾਂ ਤੱਕ ਪਹੁੰਚ ਕਰਕੇ ਨਾ ਸਿਰਫ਼ ਉਨ੍ਹਾਂ ਦੀ ਖ਼ੈਰ-ਸੁੱਖ ਪੁੱਛੀ, ਸਗੋਂ ਉਨ੍ਹਾਂ ਵੱਲੋਂ ਪਰੋਸੀ ਗਈ ਚਾਹ ਵੀ ਬੜੇ ਪਿਆਰ ਨਾਲ ਪੀਤੀ। ਇਸ ਮੌਕੇ ਬਜ਼ੁਰਗ ਮਾਵਾਂ ਵੱਲੋਂ ਮੁੱਖ ਮੰਤਰੀ ਨੂੰ ਦਿੱਤੇ ਗਏ ਅਸੀਸਾਂ ਭਰੇ ਸ਼ਗਨ ਅਤੇ ਪਿਆਰ ਨੂੰ ਉਨ੍ਹਾਂ ਬੇਹੱਦ ਅਦਬ ਨਾਲ ਆਪਣੇ ਮੱਥੇ ਨਾਲ ਲਗਾਇਆ, ਜਿਸ ਨੇ ਆਮ ਲੋਕਾਂ ਅਤੇ ਸਰਕਾਰ ਦੇ ਆਪਸੀ ਰਿਸ਼ਤੇ ਦੀ ਮਜ਼ਬੂਤੀ ਨੂੰ ਹੋਰ ਡੂੰਘਾ ਕਰ ਦਿੱਤਾ।
ਜਨਤਾ ਨੂੰ ਸੰਬੋਧਨ ਕਰਦਿਆਂ ਅਤੇ ਆਪਣੀ ਸਰਕਾਰ ਦਾ ਰਿਪੋਰਟ ਕਾਰਡ ਪੇਸ਼ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਸੂਬੇ ਵਿੱਚ ਮਿਸਾਲੀ ਤਰੱਕੀ ਹੋਈ ਹੈ।
ਸਰਕਾਰ ਨੇ ਸੂਬੇ ਦੇ 90 ਫੀਸਦੀ ਘਰਾਂ ਦੇ ਬਿਜਲੀ ਬਿੱਲ ਬਿਲਕੁਲ ਜ਼ੀਰੋ ਕਰ ਦਿੱਤੇ ਹਨ ਅਤੇ ਕਿਸਾਨਾਂ ਨੂੰ ਦਿਨ ਦੇ ਸਮੇਂ ਨਿਰਵਿਘਨ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ, ਪ੍ਰਾਈਵੇਟ ਥਰਮਲ ਪਲਾਂਟ ਨੂੰ ਖਰੀਦ ਕੇ ਇਤਿਹਾਸ ਸਿਰਜਿਆ ਗਿਆ ਹੈ ਅਤੇ ਖੇਤਾਂ ਤੱਕ ਨਹਿਰੀ ਪਾਣੀ ਦੀ ਪਹੁੰਚ ਨੂੰ 22% ਤੋਂ ਵਧਾ ਕੇ 88% ਤੱਕ ਪਹੁੰਚਾ ਦਿੱਤਾ ਗਿਆ ਹੈ, ਜਿਸ ਨਾਲ ਖੇਤੀਬਾੜੀ ਖੇਤਰ ਨੂੰ ਵੱਡਾ ਹੁਲਾਰਾ ਮਿਲਿਆ ਹੈ। ਰਵਾਇਤੀ ਸਿਆਸੀ ਪਾਰਟੀਆਂ ਨੂੰ ਕਰੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਦੇਰ ਤੱਕ ਪੰਜਾਬ ਨੂੰ ਲੁੱਟਣ ਵਾਲਿਆਂ ਨੇ ਸੂਬੇ ਦੀ ਜਵਾਨੀ ਨੂੰ ਸਿਰਫ਼ ਨਸ਼ੇ ਅਤੇ ਬੇਰੁਜ਼ਗਾਰੀ ਦੀ ਭੱਠੀ ਵਿੱਚ ਝੋਕਿਆ ਹੈ। ਉਨ੍ਹਾ ਕਿਹਾ ਕਿ 2022 ਵਿੱਚ ਜਨਤਾ ਨਾਲ ਕੀਤੀਆਂ ਗਈਆਂ ਸਾਰੀਆਂ ਗਾਰੰਟੀਆਂ ਨੂੰ ਜ਼ਮੀਨੀ ਪੱਧਰ ‘ਤੇ ਅਮਲੀ ਜਾਮਾ ਪਹਿਨਾਇਆ ਗਿਆ ਹੈ।
ਮੁਫ਼ਤ ਬਿਜਲੀ, ਮਿਆਰੀ ਸਰਕਾਰੀ ਸਕੂਲ ਅਤੇ ਆਮ ਆਦਮੀ ਕਲੀਨਿਕਾਂ ਵਰਗੀਆਂ ਮੁੱਢਲੀਆਂ ਸਹੂਲਤਾਂ ਸਦਕਾ ਅੱਜ ਹਰ ਆਮ ਪਰਿਵਾਰ ਦੀ ਮਹੀਨੇਵਾਰ 15 ਹਜ਼ਾਰ ਰੁਪਏ ਤੱਕ ਦੀ ਬਚਤ ਹੋ ਰਹੀ ਹੈ। ਉਨ੍ਹਾ ਚੇਤਾਵਨੀ ਦਿੱਤੀ ਕਿ ਜੇਕਰ ਇਹ ਲੁਟੇਰੇ ਧੜੇ ਮੁੜ ਸੱਤਾ ਵਿੱਚ ਆਏ, ਤਾਂ ਉਹ ਮਿਲ ਰਹੀਆਂ ਇਨ੍ਹਾਂ ਸਾਰੀਆਂ ਸਹੂਲਤਾਂ ਅਤੇ ਬਿਨਾਂ ਰਿਸ਼ਵਤ ਤੋਂ ਮਿਲਦੀਆਂ ਨੌਕਰੀਆਂ ਨੂੰ ਫ਼ੌਰੀ ਤੌਰ ‘ਤੇ ਬੰਦ ਕਰ ਦੇਣਗੇ।
ਇਸ ਮੌਕੇ ਓ ਐੱਸ ਡੀ ਸੁਖਵੀਰ ਸਿੰਘ, ਚੇਅਰਮੈਨ ਦਲਵੀਰ ਸਿੰਘ ਢਿੱਲੋ, ਅਸ਼ੋਕ ਲੱਖਾ, ਰਾਜਵੰਤ ਘੁੱਲੀ, ਡਾ. ਅਨਵਰ ਭਸੌੜ, ਐਡਵੋਕੇਟ ਹੈਪੀ ਗਰਗ, ਰਛਪਾਲ ਸਿੰਘ ਭੁੱਲਰ, ਪਰਮਿੰਦਰ ਸਿੰਘ ਨੂਰ ਔਲਖ ਅਤੇ ਗਗਨ ਜਵੰਧਾ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਤੇ ਪਾਰਟੀ ਵਰਕਰ ਮੌਜੂਦ ਸਨ।





