ਸਤੌਜ (ਪ੍ਰਵੀਨ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਗਲਵਾਰ ਆਪਣੇ ਜੱਦੀ ਪਿੰਡ ਵਿੱਚ ਜਨਮ ਦਿਨ ਮਨਾਇਆ ਅਤੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਖੂਨ ਦਾਨ ਕਰਕੇ ਸ਼ਿਰਕਤ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਖੂਨ ਦਾਨ ਨੂੰ ਸਭ ਤੋਂ ਵੱਡੀ ਸੇਵਾ ਦੱਸਦਿਆਂ ਕਿਹਾ ਕਿ ਇਸ ਉਪਰਾਲੇ ਨਾਲ ਹਰੇਕ ਵਿਅਕਤੀ ਆਪਣਾ ਯੋਗਦਾਨ ਪਾ ਸਕਦਾ ਹੈ, ਜਿਸ ਨਾਲ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਮੰਡੀਆਂ ਵਿੱਚ ਝੋਨੇ ਦੀ ਫਸਲ ਦੀ ਨਿਰਵਿਘਨ ਖਰੀਦ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਇਸ ਦੀ ਤੁਰੰਤ ਲਿਫਟਿੰਗ ਲਈ ਵੀ ਵਚਨਬੱਧ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਬੁੱਧਵਾਰ ਨੂੰ ਪਵਿੱਤਰ ਸ਼ਹਿਰ ਅੰਮਿ੍ਰਤਸਰ ਤੋਂ ਨਸ਼ਿਆਂ ਵਿਰੁੱਧ ਫੈਸਲਾਕੁੰਨ ਜੰਗ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ਤਹਿਤ ਸੂਬਾ ਭਰ ਦੇ ਹਜ਼ਾਰਾਂ ਨੌਜਵਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਪੰਜਾਬ ਵਿੱਚੋਂ ਨਸ਼ਿਆਂ ਦਾ ਮੁਕੰਮਲ ਸਫਾਇਆ ਕਰਨ ਦਾ ਸੰਕਲਪ ਲੈਣਗੇ। ਮੁੱਖ ਮੰਤਰੀ ਨੇ 50ਵੇਂ ਜਨਮ ਦਿਨ ’ਤੇ ਪਿੰਡ ਸਤੌਜ ਪਹੁੰਚ ਕੇ ਆਪਣੇ ਪੁਰਾਣੇ ਘਰ ’ਚ ਪਰਵਾਰ ਨਾਲ ਕੇਕ ਕੱਟਿਆ। ਇਸ ਮੌਕੇ ਉਨ੍ਹਾ ਦੀ ਮਾਤਾ ਹਰਪਾਲ ਕੌਰ, ਪਤਨੀ ਡਾ. ਗੁਰਪ੍ਰੀਤ ਕੌਰ ਮਾਨ, ਭੈਣ ਮਨਪ੍ਰੀਤ ਕੌਰ, ਰਿਸ਼ਤੇਦਾਰ ਤੇ ਹੋਰ ਸਨੇਹੀ ਵੀ ਮੌਜੂਦ ਸਨ। ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਮੱਥਾ ਟੇਕਿਆ ਤੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਉਨ੍ਹਾ ਕਿਹਾ ਕਿ ਉਹ ਪਿੰਡ ਦਾ ਕਰਜ਼ ਨਹੀਂ ਉਤਾਰ ਸਕਦੇ, ਕਿਉਂਕਿ ਇਥੋਂ ਦੀਆਂ ਗਲੀਆਂ ’ਚ ਖੇਡਦਿਆਂ ਉਨ੍ਹਾ ਦਾ ਬਚਪਨ ਬੀਤਿਆ ਹੈ।





