ਅੰਮਿ੍ਰਤਸਰ, (ਜਸਬੀਰ ਸਿੰਘ ਪੱਟੀ)-ਸਿੱਖ ਪੰਥ ਵਿੱਚ ਬਹੁਤ ਹੀ ਮਹੱਤਵਪੂਰਨ ਤੇ ਚਰਚਿਤ ਰਹਿਣ ਵਾਲੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ ਅੰਤਿ੍ਰੰਗ ਕਮੇਟੀ ਦੇ ਮੈਂਬਰਾਂ ਦੀ ਸਾਲਾਨਾ ਚੋਣ ਸੰਬੰਧੀ 8 ਨਵੰਬਰ ਨੂੰ ਜਨਰਲ ਅਜਲਾਸ ਸੱਦ ਲਿਆ ਗਿਆ ਹੈ, ਜਦ ਕਿ ਇਸ ਵਾਰ ਫਿਰ ਕਿਸੇ ਔਰਤ ਦੇ ਪ੍ਰਧਾਨ ਬਣਨ ਦੇ ਚਰਚੇ ਸਿਖਰ ’ਤੇ ਹਨ। ਇਹ ਜਨਰਲ ਅਜਲਾਸ ਸ਼੍ਰੋਮਣੀ ਕਮੇਟੀ ਦਫ਼ਤਰ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ 8 ਨਵੰਬਰ ਨੂੰ ਦੁਪਹਿਰ 1 ਵਜੇ ਹੋਵੇਗਾ ਤੇ ਲੰਗਰ ਵਿੱਚ ਖਾਣਾ ਵੀ ਵੱਡਾ ਦਿੱਤਾ ਜਾਵੇਗਾ। ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀਰਵਾਰ ਦੀ ਇਕੱਤਰਤਾ ਮਗਰੋਂ ਮੀਡੀਆ ਨਾਲ ਗੱਲਬਾਤ ’ਚ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਹਰ ਸਾਲ ਪਹਿਲੀ ਅਕਤੂਬਰ ਤੋਂ 30 ਨਵੰਬਰ ਦੇ 61 ਦਿਨਾਂ ਵਿੱਚ ਹੋਣੀ ਜ਼ਰੂਰੀ ਹੁੰਦੀ ਹੈ। ਸ਼੍ਰੋਮਣੀ ਕਮੇਟੀ ਦੀ ਚੋਣ ਨੂੰ ਲੈ ਕੇ ਚਾਹਵਾਨ ਉਮੀਦਵਾਰ ਆਪਣੀਆਂ ਗੋਟੀਆਂ ਹੁਣ ਤੋਂ ਫਿੱਟ ਕਰਨੀਆਂ ਸ਼ੁਰੂ ਕਰ ਦੇਣਗੇ ਤੇ ਆਪਣੇ ਆਕਾ ਤੱਕ ਪਹੁੰਚ ਕਰਨ ਲਈ ਆਪਣੇ ਸਿਆਸੀ ਰੱਥ ਪੰਜਾਬ ਦੇ ਇੱਕ ਵਿਸ਼ੇਸ਼ ਪਿੰਡ ਵੱਲ ਭਜਾਉਣੇ ਸ਼ੁਰੂ ਕਰ ਦੇਣਗੇ, ਜਦ ਕਿ ਵਿਰੋਧੀ ਧਿਰ ਦੀਆਂ ਮੀਟਿੰਗਾਂ ਚੰਡੀਗੜ੍ਹ ਵਿੱਚ ਸ੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਦੇ ਗ੍ਰਹਿ ਵਿਖੇ ਹੋਣਗੀਆਂ। 1999 ਤੋਂ ਬਾਅਦ ਇਸ ਧਾਰਮਕ ਸੰਸਥਾ ਦੀ ਚੋਣ ਪੂਰੀ ਤਰ੍ਹਾਂ ਸਿਆਸੀ ਰੂਪ ਧਾਰਨ ਕਰ ਚੁੱਕੀ ਹੈ। ਇਸ ਵਾਰੀ ਫਿਰ ਕਿਸੇ ਮਹਿਲਾ ਨੂੰ ਪ੍ਰਧਾਨ ਬਣਾਉਣ ਦੀਆਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ, ਜਦ ਕਿ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਅਕਾਲੀ ਦਲ ’ਚ ਕੋਈ ਵੱਡੀ ਜ਼ਿੰਮੇਵਾਰੀ ਸੌਂਪਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਸ਼੍ਰੋਮਣੀ ਕਮੇਟੀ ਨੇ ਐੱਸ ਵਾਈ ਐੱਲ ਦੇ ਮਾਮਲੇ ’ਤੇ ਪੰਜਾਬ ਦੇ ਹੱਕ ’ਚ ਵਚਨਬੱਧਤਾ ਪ੍ਰਗਟਾਉਂਦਿਆਂ ਸਾਫ਼ ਕੀਤਾ ਕਿ ਪੰਜਾਬ ਦੇ ਪਾਣੀਆਂ ’ਤੇ ਕਿਸੇ ਨੂੰ ਵੀ ਡਾਕਾ ਨਹੀਂ ਮਾਰਨ ਦਿੱਤਾ ਜਾਵੇਗਾ। ਅੰਤਿ੍ਰੰਗ ਕਮੇਟੀ ਦੀ ਇਕੱਤਰਤਾ ਵਿਚ ਇਸ ਨੂੰ ਲੈ ਕੇ ਇਕ ਵਿਸ਼ੇਸ਼ ਮਤਾ ਪਾਸ ਕੀਤਾ ਗਿਆ।
ਐਡਵੋਕੇਟ ਧਾਮੀ ਨੇ ਕਿਹਾ ਕਿ ਅੰਤਿ੍ਰੰਗ ਕਮੇਟੀ ਨੇ ਸਪੱਸ਼ਟ ਤੌਰ ’ਤੇ ਮਤਾ ਲਿਆਂਦਾ ਹੈ ਕਿ ਜੇਕਰ ਪਾਣੀਆਂ ਦੇ ਮਾਮਲੇ ’ਤੇ ਕੋਈ ਧੱਕਾ ਹੋਇਆ ਤਾਂ ਸ਼੍ਰੋਮਣੀ ਕਮੇਟੀ ਪੰਜਾਬ ਦੇ ਹੱਕ ਵਿਚ ਡਟ ਕੇ ਖੜ੍ਹੇਗੀ। ਐੱਸ ਵਾਈ ਐੱਲ ਦੇ ਵਿਰੋਧ ਵਿਚ ਖੜ੍ਹੀਆਂ ਸਮੁੱਚੀਆਂ ਰਾਜਸੀ, ਸਮਾਜਕ, ਕਿਸਾਨੀ ਅਤੇ ਧਾਰਮਕ ਜਥੇਬੰਦੀਆਂ ਦੇ ਨਾਲ-ਨਾਲ ਪੰਜਾਬ ਦੇ ਲੋਕਾਂ ਨੂੰ ਸ਼੍ਰੋਮਣੀ ਕਮੇਟੀ ਵਿਸ਼ਵਾਸ ਦਿਵਾਉਂਦੀ ਹੈ ਕਿ ਜਿਥੇ ਵੀ ਲੋੜ ਪਵੇਗੀ, ਸਿੱਖ ਸੰਸਥਾ ਸਭ ਤੋਂ ਮੋਹਰੀ ਭੂਮਿਕਾ ਅਦਾ ਕਰੇਗੀ। ਅੰਤਿ੍ਰੰਗ ਕਮੇਟੀ ਵੱਲੋਂ ਇਸ ਤੋਂ ਇਲਾਵਾ ਕਈ ਹੋਰ ਅਹਿਮ ਫੈਸਲੇ ਵੀ ਲਏ ਗਏ ਹਨ। ਇਕ ਮਤਾ ਪਾਸ ਕਰਦਿਆਂ 1984 ਸਿੱਖ ਕਤਲੇਆਮ ਪੀੜਤਾਂ ਦੇ ਲੁਧਿਆਣਾ ’ਚ ਬੀਤੇ ਸਮੇਂ ਅੰਦਰ ਰੱਦ ਕੀਤੇ ਗਏ ਲਾਲ ਕਾਰਡ ਤੁਰੰਤ ਬਹਾਲ ਕਰਨ ਦੀ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਗਈ ਹੈ। ਅੰਤਿ੍ਰੰਗ ਕਮੇਟੀ ਵੱਲੋਂ ਗੁਰਦੁਆਰਾ ਦਰਬਾਰ ਸਾਹਿਬ ਤਰਨ ਤਾਰਨ ਸਰੋਵਰ ਦੇ ਜਲ ਨੂੰ ਸਾਫ਼ ਰੱਖਣ ਲਈ ਆਧੁਨਿਕ ਤਕਨੀਕ ਵਾਲਾ ਫਿਲਟਰ ਸਿਸਟਮ ਲਗਾਉਣ ਦਾ ਵੀ ਫੈਸਲਾ ਕੀਤਾ ਗਿਆ ਹੈ। ਇਸ ਦੀ ਸੇਵਾ ਦੀਵਾਨ ਟੋਡਰ ਮੱਲ ਫਾਊਂਡੇਸ਼ਨ ਦੇ ਪ੍ਰਧਾਨ ਲਖਵਿੰਦਰ ਸਿੰਘ ਕਾਹਨੇਕੇ ਅਤੇ ਅਮਰੀਕਾ ਵਾਸੀ ਨਿਰਮਲ ਸਿੰਘ ਚੰਦੀ ਨੂੰ ਦਿੱਤੀ ਗਈ ਹੈ।
ਉਨ੍ਹਾ ਦੱਸਿਆ ਕਿ ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਵੱਲੋਂ ਏਸ਼ੀਅਨ ਖੇਡਾਂ ਵਿਚ ਭਾਰਤੀ ਹਾਕੀ ਟੀਮ ਦੇ ਸਾਬਤ-ਸੂਰਤ ਗੁਰਸਿੱਖ ਖਿਡਾਰੀ ਜਰਮਨਪ੍ਰੀਤ ਸਿੰਘ ਨੂੰ 2 ਲੱਖ ਰੁਪਏ ਅਤੇ ਪੰਜਾਬ ਤੋਂ ਟੀਮ ਵਿਚ ਖੇਡਣ ਵਾਲੇ ਬਾਕੀ ਹਾਕੀ ਖਿਡਾਰੀਆਂ ਨੂੰ ਵੀ 50-50 ਹਜ਼ਾਰ ਰੁਪਏ ਨਾਲ ਸਨਮਾਨਤ ਕੀਤਾ ਜਾਵੇਗਾ। ਇਸੇ ਤਰ੍ਹਾਂ ਰਾਈਫਲ ਸ਼ੂਟਿੰਗ ਦੀ ਖਿਡਾਰਨ ਸਿਫਤ ਕੌਰ ਨੂੰ ਵੀ 50 ਹਜ਼ਾਰ ਰੁਪਏ ਦਿੱਤੇ ਜਾਣਗੇ। ਉਨ੍ਹਾ ਦੱਸਿਆ ਕਿ ਅੰਤਿ੍ਰੰਗ ਕਮੇਟੀ ਨੇ ਬੰਦੀ ਸਿੰਘਾਂ ਲਈ ਸੰਘਰਸ਼ ਜਾਰੀ ਰੱਖਣ ਦੀ ਵੀ ਵਚਨਬੱਧਤਾ ਪ੍ਰਗਟਾਈ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਬੰਦੀ ਸਿੰਘਾਂ ਲਈ ਦਸਤਖ਼ਤੀ ਮੁਹਿੰਮ ਵਿੱਢ ਕੇ 26 ਲੱਖ ਦੇ ਕਰੀਬ ਪ੍ਰੋਫਾਰਮੇ ਭਰਵਾਏ ਹਨ, ਜਿਸ ਨੂੰ ਰਾਸ਼ਟਰਪਤੀ ਪਾਸ ਭੇਜਣ ਵਾਸਤੇ ਪੰਜਾਬ ਦੇ ਰਾਜਪਾਲ ਪਾਸੋਂ ਫਿਰ ਤੋਂ ਸਮਾਂ ਮੰਗਿਆ ਗਿਆ ਹੈ। ਉਹਨਾ ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਵੋਟਰ ਫਾਰਮ ਵਿਚ ਇਹ ਸਵੈ-ਘੋਸ਼ਣਾ, ‘ਮੈਂ ਧਰਮ ਨਾਲ ਬਿਆਨ ਕਰਦਾ/ ਕਰਦੀ ਹਾਂ ਕਿ ਮੈਂ ਸਿੱਖ ਹਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸਾਂ ਗੁਰੂ ਸਾਹਿਬਾਨਾਂ ਨੂੰ ਮੰਨਦਾ/ਮੰਨਦੀ ਹਾਂ ਅਤੇ ਮੇਰਾ ਹੋਰ ਕੋਈ ਧਰਮ ਨਹੀਂ ਹੈ’ ਨੂੰ ਸ਼ਾਮਲ ਕਰਨ ਦਾ ਸਵਾਗਤ ਕੀਤਾ। ਉਨ੍ਹਾ ਕਿਹਾ ਕਿ ਇਸ ’ਤੇ ਸ਼੍ਰੋਮਣੀ ਕਮੇਟੀ ਨੇ ਵੀ ਇਤਰਾਜ਼ ਜਤਾਇਆ ਸੀ। ਚਾਹੀਦਾ ਤਾਂ ਇਹ ਸੀ ਕਿ ਪਹਿਲਾਂ ਹੀ ਸਿੱਖ ਸੰਸਥਾਵਾਂ ਨੂੰ ਭਰੋਸੇ ਵਿਚ ਲੈ ਕੇ ਫਾਰਮ ਜਾਰੀ ਕੀਤਾ ਜਾਂਦਾ। ਇਸ ਮੌਕੇ ਐਡਵੋਕੇਟ ਧਾਮੀ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਸ਼੍ਰੋਮਣੀ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸਾਰੀ ਦਿਨ ਦੀ ਮਰਿਯਾਦਾ ਅਨੁਸਾਰ ਲਾਈਵ ਕੀਰਤਨ ਲਈ ਇਕ ਐਪ ਜਾਰੀ ਕੀਤੀ ਗਈ ਹੈ। ਇਸ ਐਪ ਦਾ ਨਾਂਅ ‘ਐੱਸ ਜੀ ਪੀ ਸੀ ਗੁਰਬਾਣੀ ਕੀਰਤਨ’ ਰੱਖਿਆ ਗਿਆ ਹੈ, ਜਿਸ ਦੇ ਜ਼ਰੀਏ ਸਾਰਾ ਦਿਨ ਸੰਗਤ ਕੀਰਤਨ ਦਾ ਆਨੰਦ ਮਾਣ ਸਕੇਗੀ।
ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੂੰ ਦਫ਼ਤਰ ਦੇਣ ਸੰਬੰਧੀ ਵੀ ਫੈਸਲਾ ਕੀਤਾ ਗਿਆ। ਇਸ ਸੰਬੰਧੀ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਵੱਲੋਂ ਮੰਗ ਪੇਸ਼ ਕੀਤੀ ਗਈ ਸੀ, ਜਿਸ ਨੂੰ ਪ੍ਰਵਾਨ ਕੀਤਾ ਗਿਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ ਤੇ ਜਨਰਲ ਸਕੱਤਰ ਲਈ ਇਹ ਦਫ਼ਤਰ ਬਣਵਾਏ ਜਾਣਗੇ।




