ਤੇਲਅਵੀਵ : ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਵੱਲੋਂ ਯਕਜਹਿਤੀ ਪ੍ਰਗਟਾਉਣ ਤੋਂ ਬਾਅਦ ਵੀਰਵਾਰ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਵੀ ਗਾਜ਼ਾ ’ਤੇ ਇਜ਼ਰਾਈਲੀ ਹਮਲਿਆਂ ਨੂੰ ਸਹੀ ਠਹਿਰਾਉਦਿਆਂ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਹਮਾਇਤ ਕੀਤੀ।
ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਨੇਤਨਯਾਹੂ ਨੇ ਸਪੱਸ਼ਟ ਹਮਾਇਤ ਲਈ ਸੂਨਕ ਦਾ ਧੰਨਵਾਦ ਕਰਦਿਆਂ ਕਿਹਾਮੈਂ ਸਮਝਦਾਂ ਕਿ ਇਜ਼ਰਾਈਲ ਵਿਚ ਆ ਕੇ ਸਾਡੀ ਹਮਾਇਤ ਕਰਨ ਦਾ ਅਰਥ ਵੱਡਾ ਹੋ ਜਾਂਦਾ ਹੈ। ਮੈਂ ਕੱਲ੍ਹ ਰਾਸ਼ਟਰਪਤੀ ਬਾਇਡੇਨ ਨੂੰ ਵੀ ਕਿਹਾ ਸੀ ਕਿ ਇਜ਼ਰਾਈਲ ਨਾਲ ਖੜ੍ਹਨਾ ਚੰਗਾ ਹੈ, ਪਰ ਇਜ਼ਰਾਈਲ ਆ ਕੇ ਖੜ੍ਹਨਾ ਵਧੇਰੇ ਖੁਸ਼ ਕਰਦਾ ਹੈ।
ਹਮਾਸ ਨੂੰ ਨਵੇਂ ਨਾਜ਼ੀ ਦੱਸਦਿਆਂ ਨੇਤਨਯਾਹੂ ਨੇ ਕਿਹਾ ਕਿ ਹੁਣ ਲੜਾਈ ਸਿਰਫ ਇਜ਼ਰਾਈਲ ਦੀ ਨਹੀਂ ਰਹੀ, ਸਗੋਂ ਇਹ ਨਾਜ਼ੀਆਂ ਖਿਲਾਫ ਸੰਸਾਰ ਜੰਗ ਵਿਚ ਵਟ ਚੁੱਕੀ ਹੈ। ਹਮਾਸ ਵਾਲੇ ਨਵੇਂ ਨਾਜ਼ੀ ਹਨ, ਨਵੇਂ ਆਈ ਐੱਸ ਆਈ ਐੱਸ ਹਨ ਤੇ ਉਨ੍ਹਾਂ ਨਾਲ ਇਕਜੁੱਟ ਹੋ ਕੇ ਲੜਨਾ ਪੈਣਾ।
ਨੇਤਨਯਾਹੂ ਨੇ ਅੱਗੇ ਕਿਹਾਅਸੀਂ ਮੱਧ-ਪੂਰਬ ਦੇ ਦੇਸ਼ਾਂ ਨਾਲ ਦੋਸਤੀ ਕਰ ਰਹੇ ਸਾਂ ਤੇ ਹਮਾਸ ਨੇ ਹਮਲਾ ਕਰਕੇ ਉਸ ਨੂੰ ਰੋਕਣ ਦੀ ਕੋੋਸ਼ਿਸ਼ ਕੀਤੀ। ਬਰਤਾਨੀਆ ਗਾਜ਼ਾ ’ਤੇ ਸਾਡੀ ਕਾਰਵਾਈ ਦੀ ਹਮਾਇਤ ਕਰਨੀ ਜਾਰੀ ਰੱਖੇ।
ਹਮਾਸ ਨੇ ਕਿਹਾ ਹੈ ਇਕ ਇਜ਼ਰਾਈਲੀ ਬੰਬਾਰੀ ਨਾਲ ਉਸ ਦੇ ਸੁਰੱਖਿਆ ਬਲਾਂ ਦਾ ਮੁਖੀ ਜਿਹਾਦ ਮੀਸੇਨ ਤੇ ਉਸ ਦੇ ਪਰਿਵਾਰ ਦੇ ਮੈਂਬਰ ਆਪਣੇ ਘਰ ਵਿਚ ਮਾਰੇ ਗਏ ਹਨ।
ਗਾਜ਼ਾ ਉੱਤੇ ਬੰਬਾਰੀ ਜਾਰੀ ਰੱਖਣ ਤੋਂ ਇਲਾਵਾ ਇਜ਼ਰਾਈਲੀ ਫੌਜਾਂ ਨੇ ਮਕਬੂਜ਼ਾ ਪੱਛਮੀ ਕੰਢੇ ’ਚ ਵੀਰਵਾਰ ਰਾਮੱਲ੍ਹਾ ਦੇ ਪੱਛਮ ਵਿਚ ਪਿੰਡ ਬੁਰਦੁਸ ’ਚ ਇਕ ਨੌਜਵਾਨ ਨੂੰ ਮਾਰ ਦਿੱਤਾ। ਇਸ ਤੋਂ ਇਲਾਵਾ ਬੈਥਲੇਹਮ ਦੇ ਦੱਖਣ ਵਿਚ ਰਫਿਊਜ਼ੀ ਕੈਂਪ ਵਿਚ 14 ਸਾਲ ਮੁੰਡੇ ਨੂੰ ਸਿਰ ਵਿਚ ਗੋਲੀ ਮਾਰ ਕੇ ਮਾਰ ਦਿੱਤਾ, ਜਦਕਿ ਤੁਲਕਰਮ ਕਸਬੇ ਵਿਚ 16 ਸਾਲਾ ਮੁੰਡਾ ਜ਼ਖਮਾਂ ਦੀ ਤਾਬ ਨਾਲ ਝਲਦਿਆਂ ਦਮ ਤੋੜ ਗਿਆ। ਇਜ਼ਰਾਈਲ ਤੇ ਹਮਾਸ ਵਿਚਾਲੇ ਤਾਜ਼ਾ ਟਕਰਾਅ ਦੌਰਾਨ ਪੱਛਮੀ ਕੰਢੇ ਵਿਚ ਦਰਜਨਾਂ ਫਲਸਤੀਨੀ ਮਾਰੇ ਗਏ ਹਨ। ਪੱਛਮੀ ਕੰਢੇ ’ਤੇ ਫਲਸਤੀਨੀ ਅਥਾਰਟੀ ਪ੍ਰਸ਼ਾਸਨ ਚਲਾਉਦੀ ਹੈ, ਜਿਸ ਦੇ ਮੁਖੀ 87 ਸਾਲਾ ਮੁਹੰਮਦ ਅੱਬਾਸ ਹਨ। ਇਥੇ ਬਹੁਤੇ ਫਤਿਹ ਦੇ ਝੰਡੇ ਹੇਠ ਸੰਘਰਸ਼ ਕਰਦੇ ਫਲਸਤੀਨੀ ਰਹਿੰਦੇ ਹਨ, ਜਿਨ੍ਹਾਂ ਦੀ ਹਮਾਸ ਨਾਲ ਨਹੀਂ ਬਣਦੀ।


