ਚੰਡੀਗੜ੍ਹ (ਗੁਰਜੀਤ ਬਿੱਲਾ)-ਦਿੱਲੀ ਤੋਂ ਦੋ ਨਾਈਜੀਰੀਅਨ ਵਿਅਕਤੀਆਂ ਦੀ ਗਿ੍ਫਤਾਰੀ ਦੇ ਨਾਲ ਪੰਜਾਬ ਪੁਲਸ ਦੇ ਸਾਈਬਰ ਕ੍ਰਾਈਮ ਸੈੱਲ ਨੇ ਇੱਕ ਅੰਤਰਰਾਸ਼ਟਰੀ ਸਾਈਬਰ ਫਰਾਡ ਰੈਕਟ ਦਾ ਪਰਦਾਫਾਸ਼ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ | ਇਸ ਰੈਕਟ ਵਿੱਚ ਧੋਖਾਧੜੀ ਕਰਨ ਵਾਲੇ ਆਪਣੇ ਵਟਸਐਪ ਪ੍ਰੋਫਾਈਲਾਂ ‘ਤੇ ਵੀ.ਵੀ.ਆਈ.ਪੀਜ਼ ਦੀਆਂ ਡੀਪੀਜ਼ ਅਤੇ ਨਾਂਅ ਵਰਤ ਕੇ ਸਰਕਾਰੀ ਅਧਿਕਾਰੀਆਂ ਅਤੇ ਆਮ ਲੋਕਾਂ ਨੂੰ ਠੱਗ ਰਹੇ ਸਨ | ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ ਪੁਲਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਵੀਰਵਾਰ ਨੂੰ ਦਿੱਤੀ |
ਜਾਲ੍ਹਸਾਜ਼ੀ ਕਰਨ ਵਾਲੇ ਇਹ ਵਿਅਕਤੀ ਬੇਕਸੂਰ ਲੋਕਾਂ, ਜ਼ਿਆਦਾਤਰ ਸਰਕਾਰੀ ਅਧਿਕਾਰੀਆਂ ਨੂੰ ਨਿੱਜੀ ਸੰਦੇਸ਼ ਭੇਜ ਕੇ, ਐਮਾਜਾਨ ਗਿਫਟ ਕਾਰਡ, ਪੇ.ਟੀ.ਐੱਮ., ਜਾਂ ਕਿਸੇ ਹੋਰ ਡਿਜੀਟਲ ਪਲੇਟਫਾਰਮ ਰਾਹੀਂ ਪੈਸੇ ਭੇਜਣ ਦੀ ਮੰਗ ਕਰਦੇ ਸਨ | ਪਿਛਲੇ ਕੁਝ ਮਹੀਨਿਆਂ ਦੌਰਾਨ ਇਹ ਜਾਲ੍ਹਸਾਜ਼ਾਂ ਨੇ ਕੈਬਨਿਟ ਮੰਤਰੀਆਂ, ਡੀ.ਜੀ.ਪੀ. ਪੰਜਾਬ, ਮੁੱਖ ਸਕੱਤਰ ਪੰਜਾਬ ਅਤੇ ਹੋਰ ਆਈ ਏ ਐੱਸ/ਆਈ ਪੀ ਐੱਸ ਅਫਸਰਾਂ ਦਾ ਨਾਂਅ ਵਰਤ ਕੇ ਬਹੁਤ ਸਾਰੇ ਲੋਕਾਂ ਨੂੰ ਠੱਗਿਆ ਹੈ |
ਡੀ.ਜੀ.ਪੀ. ਗੌਰਵ ਯਾਦਵ ਨੇ ਖੁਲਾਸਾ ਕੀਤਾ ਕਿ ਇਨ੍ਹਾਂ ਗਿ੍ਫਤਾਰੀਆਂ ਦੇ ਨਾਲ ਪੰਜਾਬ ਪੁਲਸ ਨੇ ਇੱਕ ਹੋਰ ਵੱਡੀ ਕਾਮਯਾਬੀ ਦਰਜ ਕੀਤੀ ਹੈ, ਜਿਸ ਨਾਲ ਦਿੱਲੀ ਤੋਂ ਫੈਲੇ ਹੋਏ ਸਾਈਬਰ ਜਾਲ੍ਹਸਾਜ਼ੀ ਦੇ ਗਠਜੋੜ ਦੀ ਡੂੰਘੀਆਂ ਜੜ੍ਹਾਂ ਜੋ ਮੁੱਖ ਤੌਰ ‘ਤੇ ਨਾਈਜੀਰੀਅਨ ਵਿਅਕਤੀਆਂ ਦੇ ਕੁਝ ਭਾਰਤੀ ਸਾਥੀਆਂ ਨਾਲ ਸੰਬੰਧਾਂ ਨੂੰ ਜੱਗ ਜ਼ਾਹਰ ਕੀਤਾ ਹੈ |
ਗਿ੍ਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅਨੀਓਕ ਹਾਈਗਿਨਸ ਓਕਵੁਡੀਲੀ ਉਰਫ ਪੋਕਾ ਅਤੇ ਫਰੈਂਕਲਿਨ ਉਰਫ ਵਿਲੀਅਮ ਵਜੋਂ ਹੋਈ ਹੈ, ਦੋਵੇਂ ਨਾਈਜੀਰੀਆ ਦੇ ਲਾਗੋਸ ਦੇ ਰਹਿਣ ਵਾਲੇ ਹਨ ਅਤੇ ਇਸ ਸਮੇਂ ਦਿੱਲੀ ਵਿੱਚ ਰਹਿ ਰਹੇ ਹਨ | ਪੁਲਸ ਨੇ ਕੇਨਰਾ ਬੈਂਕ ਦਾ ਇੱਕ ਡੈਬਿਟ ਕਾਰਡ, ਵੱਖ-ਵੱਖ ਗੈਜਿਟ, ਮੋਬਾਈਲ ਫੋਨ, ਲੈਪਟਾਪ, ਕੀਮਤੀ ਘੜੀਆਂ ਅਤੇ ਪਾਸਪੋਰਟ ਵੀ ਬਰਾਮਦ ਕੀਤੇ ਹਨ |
ਇਸ ਆਪ੍ਰੇਸ਼ਨ ਬਾਰੇ ਹੋਰ ਜਾਣਕਾਰੀ ਦਿੰਦਿਆਂ ਆਈ.ਜੀ. ਸਾਈਬਰ ਕ੍ਰਾਈਮ ਆਰ.ਕੇ. ਜੈਸਵਾਲ ਨੇ ਕਿਹਾ ਕਿ ਇੱਕ ਵਿਆਪਕ ਹਾਈ-ਟੈਕ ਜਾਂਚ ਅਤੇ ਵਟਸਐਪ ਵਲੋਂ ਭਰੋਸੇਯੋਗ ਜਾਣਕਾਰੀ ਹਾਸਲ ਕਰਨ ਉਪਰੰਤ ਸਟੇਟ ਸਾਈਬਰ ਸੈੱਲ ਨੂੰ ਕੁਝ ਵੱਡੀਆਂ ਲੀਡਾਂ ਮਿਲੀਆਂ ਸਨ, ਜਿਸ ਤੋਂ ਬਾਅਦ ਤਿੰਨ ਵੱਖ-ਵੱਖ ਪੁਲਸ ਟੀਮਾਂ ਦਾ ਗਠਨ ਕੀਤਾ ਗਿਆ ਅਤੇ ਦੋਸ਼ੀਆਂ ਦੀ ਪੜਤਾਲ ਅਤੇ ਗਿ੍ਫਤਾਰੀ ਨੂੰ ਅੰਜਾਮ ਦੇਣ ਲਈ ਫੀਲਡ ਵਰਕ ਦੇ ਵਿੱਤੀ, ਤਕਨੀਕੀ ਦੇ ਕਾਰਜ ਸੌਂਪੇ ਗਏ | ਉਨ੍ਹਾਂ ਦੱਸਿਆ ਕਿ ਡੀ.ਐੱਸ.ਪੀ. ਸਾਈਬਰ ਕ੍ਰਾਈਮ ਸਮਰਪਾਲ ਸਿੰਘ ਦੀ ਨਿਗਰਾਨੀ ਹੇਠ ਪੁਲਸ ਟੀਮ ਜਿਸ ਵਿੱਚ ਦੋ ਇੰਸਪੈਕਟਰ ਅਤੇ ਹੋਰ ਪੁਲਸ ਮੁਲਾਜ਼ਮ ਸ਼ਾਮਲ ਸਨ, ਨੂੰ ਦਿੱਲੀ ਭੇਜਿਆ ਗਿਆ |
ਆਈ.ਜੀ.ਪੀ. ਨੇ ਦੱਸਿਆ ਕਿ ਪੁਲਸ ਟੀਮਾਂ ਨੇ ਦਿੱਲੀ ਪੁਲਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਦੋਸ਼ੀ ਅਨੀਓਕ ਉਰਫ ਪੋਕਾ ਨੂੰ ਉਸ ਸਮੇਂ ਰੰਗੇ ਹੱਥੀਂ ਕਾਬੂ ਕੀਤਾ, ਜਦੋਂ ਉਹ ਨਵੀਂ ਦਿੱਲੀ ਦੇ ਵਿਕਾਸ ਪੁਰੀ ਨੇੜੇ ਸਥਿਤ ਏ.ਟੀ.ਐੱਮ. ਤੋਂ ਪੈਸੇ ਕਢਵਾ ਰਿਹਾ ਸੀ |
ਪੁੱਛਗਿੱਛ ਦੌਰਾਨ ਦੋਸ਼ੀ ਅਨੀਓਕੇ ਉਰਫ ਪੋਕਾ ਨੇ ਦੱਸਿਆ ਕਿ ਵਟਸਐਪ ਖਾਤੇ ਨਾਈਜੀਰੀਆ ਤੋਂ ਹੈਕ ਕੀਤੇ ਗਏ ਸਨ ਅਤੇ ਉਹ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਫਰਜ਼ੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਖੋਲੇ੍ਹ ਗਏ ਬੈਂਕ ਖਾਤਿਆਂ ਦੇ ਏ.ਟੀ.ਐੱਮ. ਕਾਰਡਾਂ ਤੋਂ ਪੈਸੇ ਕਢਵਾਉਂਦਾ ਸੀ ਅਤੇ ਫਿਰ ਉਹ ਪੈਸੇ ਆਪਣੇ ਸਰਗਨਾ ਫਰੈਂਕਲਿਨ ਉਰਫ ਵਿਲੀਅਮ ਨੂੰ ਸੌਂਪਦਾ ਸੀ, ਜੋ ਅੱਗੇ ਨਾਈਜੀਰੀਆ ਨੂੰ ਇਲੈਕਟ੍ਰਾਨਿਕ ਢੰਗ ਨਾਲ ਪੈਸੇ ਟ੍ਰਾਂਸਫਰ ਕਰਦਾ ਸੀ | ਉਨ੍ਹਾਂ ਦੱਸਿਆ ਕਿ ਲੰਮੀ ਜੱਦੋ-ਜਹਿਦ ਪਿੱਛੋਂ ਪੁਲਸ ਟੀਮਾਂ ਨੇ ਫਰੈਂਕਲਿਨ ਨੂੰ ਵੀ ਗਿ੍ਫਤਾਰ ਕਰ ਲਿਆ ਹੈ |
ਆਈ ਜੀ ਆਰ.ਕੇ. ਜੈਸਵਾਲ ਨੇ ਕਿਹਾ ਕਿ ਪੰਜਾਬ ਪੁਲਸ ਦੇ ਸਟੇਟ ਸਾਈਬਰ ਡਵੀਜ਼ਨ ਨੇ ਇਨ੍ਹਾਂ ਧੋਖਾਧੜੀਆਂ ਦੇ ਸੰਬੰਧ ਵਿੱਚ ਇਹ ਪੂਰੇ ਭਾਰਤ ਭਰ ‘ਚ ਪਹਿਲੀ ਗਿ੍ਫਤਾਰੀ ਕੀਤੀ ਹੈ ਅਤੇ ਇਸ ਬਾਬਤ ਇੱਕ ਹੋਰ ਸਨਸਨੀਖੇਜ਼ ਪੱਖ ਇਹ ਹੈ ਕਿ ਇਸ ਚਿੱਟ ਕੱਪੜੀਆ ਅਪਰਾਧ ਵਿੱਚ ਨਾਈਜੀਰੀਅਨ ਲੋਕ ਵੀ ਜੁੜੇ ਹੋਏ ਹਨ |
ਜ਼ਿਕਰਯੋਗ ਹੈ ਕਿ ਸਟੇਟ ਸਾਈਬਰ ਕ੍ਰਾਈਮ ਸੈੱਲ ਦੀ ਟੀਮ ਨੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਅਸਾਮ, ਬਿਹਾਰ, ਐੱਮ.ਪੀ., ਉੱਤਰਾਖੰਡ, ਯੂ.ਪੀ., ਜੀਂਦ ਅਤੇ ਅਲਵਰ ਸਮੇਤ ਕਈ ਸੂਬਿਆਂ ਵਿੱਚ ਛਾਪੇਮਾਰੀ ਵੀ ਕੀਤੀ ਸੀ |
ਉਕਤ ਮਾਮਲੇ ਦੀ ਤਫ਼ਤੀਸ਼ ਸੰਬੰਧੀ ਹੋਰ ਖੁਲਾਸਾ ਕਰਦਿਆਂ ਡੀ.ਆਈ.ਜੀ. ਸਾਈਬਰ ਕ੍ਰਾਈਮ ਨੀਲਾਂਬਰੀ ਜਗਦਲੇ ਨੇ ਕਿਹਾ ਕਿ ਲੱਗਭੱਗ 108 ਜੀ.ਬੀ ਡਾਟਾ ਦੀ ਰਿਕਵਰੀ ਦੇ ਨਾਲ ਮੁੱਖ ਦੋਸ਼ੀ ਦੀ ਗਿ੍ਫਤਾਰੀ ਨੇ ਹਰ ਰੋਜ਼ ਲੱਖਾਂ ਰੁਪਏ ਦੇ ਵੱਡੇ ਵਿੱਤੀ ਲੈਣ-ਦੇਣ ਸੰਬੰਧੀ ਜਾਣਕਾਰੀ ਸਾਹਮਣੇ ਲਿਆਂਦੀ ਹੈ | ਉਹਨਾਂ ਕਿਹਾ ਕਿ ਇਹ ਜੋ ਬਰਾਮਦਗੀ ਹੋਈ, ਇਸ ਵਿੱਚ ਕਥਿਤ ਤੌਰ ‘ਤੇ ਜਾਲ੍ਹੀ ਵਟਸਐਪ ਆਈ.ਡੀ ਦੇ ਸਕਰੀਨਸ਼ਾਟ ਅਤੇ ਬਰਾਮਦ ਕੀਤੇ ਗਏ ਕਰੋੜਾਂ ਰੁਪਏ ਦੇ ਲੈਣ-ਦੇਣ ਦੇ ਸਕਰੀਨਸ਼ਾਟ ਸੰਬੰਧੀ ਜਾਣਕਾਰੀ ਨੂੰ ਡਰੱਗ ਲਿੰਕੇਜ, ਹਵਾਲਾ ਲੈਣ-ਦੇਣ ਅਤੇ ਹੋਰ ਜਾਂਚ ਲਈ ਫੋਰੈਂਸਿਕ ਵਿਸ਼ਲੇਸ਼ਣ ਲਈ ਭੇਜਿਆ ਗਿਆ ਹੈ |
ਡੀ.ਆਈ.ਜੀ. ਨੇ ਕਿਹਾ ਕਿ ਜਾਂਚ ਦੌਰਾਨ ਪਹਿਲਾਂ ਦੋ ਬੈਂਕ ਖਾਤਿਆਂ ਦੀ ਸ਼ਨਾਖਤ ਕੀਤੀ ਗਈ, ਬਾਅਦ ਵਿੱਚ ਸ਼ੱਕੀ ਬੈਂਕ ਖਾਤਿਆਂ ਦੀ ਬੈਂਕ ਸਟੇਟਮੈਂਟ ਤੋਂ ਇਹ ਗੱਲ ਸਾਹਮਣੇ ਆਈ ਕਿ ਇਨ੍ਹਾਂ ਬੈਂਕ ਖਾਤਿਆਂ ਤੋਂ 4 ਬੈਂਕ ਖਾਤਿਆਂ ਵਿੱਚ ਪੈਸੇ ਭੇਜੇ ਜਾ ਰਹੇ ਸਨ ਅਤੇ ਉਸ ਤੋਂ ਬਾਅਦ 11 ਬੈਂਕ ਖਾਤਿਆਂ ਵਿੱਚ ਪੈਸੇ ਭੇਜ ਕੇ ਇਕ ਵਿਆਪਕ ਨੈਟਵਰਕ ਸਥਾਪਤ ਕੀਤਾ ਹੋਇਆ ਸੀ | ਉਹਨਾਂ ਅੱਗੇ ਕਿਹਾ ਕਿ ਇਸ ਨੈਟਵਰਕ ਨੂੰ ਤੋੜਨ ਉਪਰੰਤ ਇਹ ਪਤਾ ਲੱਗਾ ਕਿ ਨਵੀਂ ਦਿੱਲੀ ਦੇ ਵਿਕਾਸ ਪੁਰੀ, ਗਣੇਸ਼ ਨਗਰ, ਤਿਲਕ ਨਗਰ ਅਤੇ ਨੰਗਲੋਈ ਦੇ ਕਈ ਏ.ਟੀ.ਐੱਮਾਂ ਤੋਂ ਪੈਸੇ ਕਢਵਾਏ ਜਾ ਰਹੇ ਸਨ | ਜ਼ਿਕਰਯੋਗ ਹੈ ਕਿ ਸਾਈਬਰ ਕ੍ਰਾਈਮ ਸੈੱਲ ਵੱਲੋਂ ਹਾਲ ਹੀ ਵਿੱਚ ਵਾਪਰੀਆਂ ਅਜਿਹੀਆਂ ਧੋਖਾਧੜੀਆਂ ਤੇ ਫਰੇਬਖੋੋਈਆਂ ਲਈ ਪਹਿਲਾਂ ਹੀ ਚਾਰ ਐੱਫ.ਆਈ.ਆਰਜ਼ ਦਰਜ ਕੀਤੀਆਂ ਗਈਆਂ ਹਨ |